ਮਲੌਦ ਵਿਚ ਟਰੈਫ਼ਿਕ ਨਿਯਮਾਂ ਦੀ ਉਲੰਘਣਾ, ਛੋਟੇ ਹਾਥੀ ਅਤੇ ਰੇਹੜੇ ਵਾਲੇ ਸੜਕਾਂ ’ਤੇ ਖੜ੍ਹੇ ਵੇਚ ਰਹੇ ਨੇ ਸਬਜ਼ੀਆਂ-ਫ਼ਲ, ਰਾਹਗੀਰ ਪ੍ਰੇਸ਼ਾਨ
ਅਜੀਤ ਡੈਸਕ
21-06-2026
ਪੁਰਾਣੇ ਥਾਣੇ ਵਾਲੀ ਇਮਾਰਤ ਅੱਗੇ ਲੋਕਾਂ ਵਲੋਂ ਸਕੂਟਰ, ਮੋਟਰਸਾਈਕਲ ਅਤੇ ਹੋਰ ਵਾਹਨ ਖੜ੍ਹੇ ਕਰਨ ਕਰਕੇ ਫਿਰ ਜਾਮ ਲੱਗਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਕੰਪਨੀਆਂ ਦੇ ਮਸ਼ਹੂਰੀਆਂ ਵਾਲੇ ਵੱਡੇ ਤੇ ਪ੍ਰਚਾਰ ਬੋਰਡ ਵੀ ਸੜਕਾਂ ਤੇ ਲਗਾਏ ਜਾ ਰਹੇ ਹਨ। ਸਬ ਤਹਿਸੀਲ ਮਲੌਦ ਵਿਚ ਕਥਿਤ ਤੌਰ ਤੇ ਨਾਜਾਇਜ਼ ਕਬਜ਼ੇ ਕਰਨ ਦੀਆਂ ਚਰਚਾਵਾਂ ਹਨ। ਪ੍ਰੰਤੂ ਕਾਰਜ ਸਾਧਕ ਅਫ਼ਸਰ ਮਲੌਦ ਅਤੇ ਹੋਰ ਅਧਿਕਾਰੀ, ਕਰਮਚਾਰੀ ਖ਼ਾਮੋਸ਼ ਹਨ। ਹੁਣ ਪਹਿਲਾਂ ਇਨ੍ਹਾਂ ਨਜਾਇਜ਼ ਕਬਜ਼ਿਆਂ ਨੂੰ ਰੋਕਿਆ ਨਹੀਂ ਜਾਂਦਾ ਫਿਰ ਉਹੀ ਲੋਕ ਇਨ੍ਹਾਂ ਤੇ ਅਪਣਾ ਹੱਕ ਸਮਝਣ ਲੱਗ ਜਾਂਦੇ ਹਨ। ਸ਼ਹਿਰੀਆਂ ਦਾ ਕਹਿਣਾ ਹੈ ਕਿ ਜਦੋਂ ਤੋਂ ਪੁਲਿਸ ਥਾਣਾ ਚੋਮੋਂ ਪਿੰਡ ਬਣ ਗਿਆ ਹੈ। ਕੁੱਝ ਲੋਕ ਮਨਮਰਜ਼ੀਆਂ ਕਰਦੇ ਵਿਖਾਈ ਦਿੰਦੇ ਹਨ। ਲੋਕ ਆਪਣੇ ਵਾਹਨਾਂ ਨੂੰ ਸੜਕ ਤੇ ਖੜ੍ਹਾ ਕਰਕੇ ਹੀ ਬਾਜ਼ਾਰ ਵਿੱਚ ਖ਼ਰੀਦੋ ਫ਼ਰੋਖ਼ਤ ਲਈ ਚਲੇ ਜਾਂਦੇ ਹਨ। ਜੇ ਕੋਈ ਆਖੇ ਤਾਂ ਝਗੜੇ ਨੂੰ ਥਾਂ ਹੋ ਜਾਂਦੀ ਹੈ। 40 ਪਿੰਡਾਂ ਦੇ ਲੋਕਾਂ ਦਾ ਰੋਜ਼ਾਨਾ ਮਲੌਦ ਸ਼ਹਿਰ ਨਾਲ ਸਿੱਧਾ ਵਾਸਤਾ ਹੋਣ ਕਾਰਨ ਆਉਣਾ ਜਾਣਾ ਰਹਿੰਦਾ ਹੈ। ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਖੰਨਾ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਉਕਤ ਸਮੱਸਿਆਵਾਂ ਵੱਲ ਨਿੱਜੀ ਤੌਰ ਤੇ ਧਿਆਨ ਦੇ ਕੇ ਆਵਾਜਾਈ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ।