ਸਾਹਨੇਵਾਲ, 12 ਜੁਲਾਈ (ਹਨੀ ਚਾਠਲੀ)-ਸੈਕਰਡ ਹਾਰਟ ਕਾਨਵੈਂਟ ਸਕੂਲ ਸਾਹਨੇਵਾਲ ਵਿਖੇ ਨਵੇਂ ਡਾਇਰੈਕਟਰ ਰੈਵਰੈਂਡ ਫਾਦਰ ਜ਼ੇਵੀਅਰ ਨੇ ਆਪਣਾ ਅਹੁਦਾ ਸੰਭਾਲਿਆ। ਇਸ ਮੌਕੇ ਵਿਦਿਆਰਥੀਆਂ ਵਲੋਂ ਉਨ੍ਹਾਂ ਦੇ ਨਿੱਘੇ ਸੁਆਗਤ ਲਈ ਇੱਕ ਖ਼ੂਬਸੂਰਤ ਸਮਾਗਮ ਦੀ ਪੇਸ਼ਕਾਰੀ ਕੀਤੀ ਗਈ। ਸਭ ਤੋਂ ਪਹਿਲਾਂ ਨਵੇਂ ਨਿਯੁਕਤ ਕੀਤੇ ਗਏ ਸਕੂਲ ਡਾਇਰੈਕਟਰ, ਸਕੂਲ ਦੇ ਪ੍ਰਿੰਸੀਪਲ ਸਿਸਟਰ ਲਿਟਲ ਥੈਰੇਸ ਤੇ ਵਾਈਸ ਪ੍ਰਿੰਸੀਪਲ ਸਿਸਟਰ ਥੈਰੇਸ ਜੌਨ ਵਲੋਂ ਸ਼ਮ੍ਹਾ ਰੌਸ਼ਨ ਕੀਤੀ ਗਈ। ਸਿਸਟਰ ਪ੍ਰਿੰਸੀਪਲ ਨੇ ਬੜੇ ਹੀ ਖ਼ੂਬਸੂਰਤ ਸ਼ਬਦਾਂ ਨਾਲ ਫਾਦਰ ਜ਼ੇਵੀਅਰ ਦਾ ਸੁਆਗਤ ਕੀਤਾ। ਫਿਰ ਵਿਦਿਆਰਥੀਆਂ ਵੱਲੋਂ ਫਾਦਰ ਜ਼ੇਵੀਅਰ ਨੂੰ ਜੀ ਆਇਆਂ ਕਹਿੰਦੇ ਹੋਏ ਗੀਤ, ਕਵਿਤਾਵਾਂ, ਡਾਂਸ, ਭਾਸ਼ਣ ਤੇ ਇਸ ਨਵੀਂ ਸ਼ੁਰੂਆਤ ਲਈ ਸ਼ੁੱਭਕਾਮਨਾਵਾਂ ਕੀਤੀਆਂ ਗਈਆਂ। ਸਾਰੇ ਸਟਾਫ਼ ਵੱਲੋਂ ਵੀ ਬੜੇ ਹੀ ਮਨਮੋਹਕ ਅੰਦਾਜ਼ ਵਿਚ ਨਵੇਂ ਡਾਇਰੈਕਟਰ ਫਾਦਰ ਦੇ ਸੁਆਗਤ ਲਈ ਕੁੱਝ ਗੀਤ ਤੇ ਤੋਹਫ਼ੇ ਪੇਸ਼ ਕੀਤੇ ਗਏ। ਫਾਦਰ ਜ਼ੇਵੀਅਰ ਨੇ ਆਪਣੇ ਭਾਸ਼ਣ ਵਿੱਚ ਇਸ ਨਿੱਘੇ ਸੁਆਗਤ ਲਈ ਸਕੂਲ ਦੇ ਪ੍ਰਿੰਸੀਪਲ, ਸਟਾਫ਼ ਤੇ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਹੋਏ ਬੜੇ ਹੀ ਵਧੀਆ ਸ਼ਬਦਾਂ ਵਿੱਚ ਉਨ੍ਹਾਂ ਦੀ ਹਰ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿਵਾਇਆ ਤੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਰਾਸ਼ਟਰੀ ਗੀਤ ਨਾਲ ਇਸ ਸੁਆਗਤੀ ਸਮਾਗਮ ਦੀ ਸਮਾਪਤੀ ਹੋਈ।