ਮਾਛੀਵਾੜਾ ਸਾਹਿਬ, 16 ਜੁਲਾਈ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਸ਼ਹਿਰ ਵਿਚ ਡਿਸਕਾਊਂਟ ਕੂਪਨ ਸਕਰੈਚ ਕਰ ਸਮਾਨ ਵੇਚਣ ਦੇ ਨਾਮ ‘ਤੇ ਲੋਕਾਂ ਨਾਲ ਠੱਗੀ ਕੀਤੀ ਜਾ ਰਹੀ ਹੈ ਜਿਸ ਤੋਂ ਕਿ ਜਾਗਰੂਕ ਕਰਨ ਦੀ ਲੋੜ ਹੈ। ਮਾਛੀਵਾੜਾ ਵਿਖੇ ਇੱਕ ਨੌਜਵਾਨ ਦੁਕਾਨਾਂ ‘ਤੇ ਜਾ ਕੇ 100 ਰੁਪਏ ਦਾ ਲੱਕੀ ਕੂਪਨ ਵੇਚ ਰਿਹਾ ਸੀ ਅਤੇ ਜੇਕਰ ਕੋਈ ਮਹਿੰਗਾ ਸਮਾਨ ਕੂਪਨ ਰਾਹੀਂ ਨਿਕਲਦਾ ਹੈ ਤਾਂ 599 ਰੁਪਏ ਹੋਰ ਅਦਾ ਕਰ ਉਹ ਗ੍ਰਾਹਕ ਨੂੰ ਦਿੱਤਾ ਜਾਂਦਾ ਹੈ। ਅੱਜ ਜਦੋਂ ਇੱਕ ਵਿਅਕਤੀ ਵਲੋਂ ਇਸ ਸੇਲਜ਼ਮੈਨ ਤੋਂ 100 ਰੁਪਏ ਦਾ ਕੂਪਨ ਸਕਰੈਚ ਕੀਤਾ ਤਾਂ ਉਸ ਨੂੰ ਕੂਪਨ ਕਾਰਡ ‘ਤੇ ਦਰਸਾਏ ਗਏ ਸਮਾਨ ‘ਚੋਂ ਸੈਮਸੰਗ ਦਾ ਕੀਪੈਡ ਵਾਲਾ ਮੋਬਾਇਲ ਨਿਕਲਿਆ। ਇਸ ਵਿਅਕਤੀ ਵਲੋਂ 599 ਰੁਪਏ ਹੋਰ ਅਦਾ ਕੀਤੇ ਗਏ ਅਤੇ ਜਦੋਂ ਇਹ ਮੋਬਾਇਲ ਫ਼ੋਨ ਦਾ ਡੱਬਾ ਖੋਲ੍ਹਿਆ ਤਾਂ ਇਹ ਸੈਮਸੰਗ ਕੰਪਨੀ ਦੀ ਬਜਾਏ ਚਾਈਨਾ ਦਾ ਘਟੀਆ ਕਿਸਮ ਦਾ ਮੋਬਾਇਲ ਸੀ ਜਿਸ ਦੀ ਕੀਮਤ 300 ਰੁਪਏ ਤੋਂ ਵੱਧ ਨਹੀਂ ਦੱਸੀ ਜਾ ਰਹੀ। ਇਸ ਤਰ੍ਹਾਂ ਹੀ ਗ੍ਰਾਹਕਾਂ ਨੂੰ ਲਾਲਚ ਦੇਣ ਲਈ ਹੋਰ ਕਈ ਸਮਾਨ ਕੂਪਨ ‘ਤੇ ਦਿਖਾਏ ਗਏ ਸਨ ਜੋ ਕਿ ਗ੍ਰਾਹਕ ਵਲੋਂ ਅਦਾ ਕੀਤੀ ਜਾਣ ਵਾਲੀ ਕੀਮਤ ਤੋਂ ਘੱਟ ਰੇਟ ਦੇ ਸਨ। ਲੋਕਾਂ ਨੂੰ ਡਿਸਕਾਊਂਟ ਕੂਪਨ ਸਕਰੈਚ ਰਾਹੀਂ ਕਾਰਡ ‘ਤੇ ਮਹਿੰਗੇ ਸਮਾਨ ਤਾਂ ਦਿਖਾ ਦਿੱਤੇ ਜਾਂਦੇ ਹਨ ਪਰ ਉਹ ਨਿਕਲਦੇ ਨਹੀਂ ਅਤੇ ਜੋ ਸਮਾਨ ਦਿੱਤਾ ਜਾ ਰਿਹਾ ਹੈ ਉਹ ਗ੍ਰਾਹਕ ਵਲੋਂ ਦਿੱਤੇ ਗਏ ਪੈਸੇ ਤੋਂ ਘੱਟ ਰੇਟ ਦਾ ਹੁੰਦਾ ਹੈ ਜਿਸ ਕਾਰਨ ਲੋਕਾਂ ਦੀ ਲੁੱਟ ਹੋ ਰਹੀ ਹੈ ਜਿਸ ਤੋਂ ਜਾਗਰੂਕ ਹੋਣ ਦੀ ਲੋੜ ਹੈ।