ਖੰਨਾ, 18 ਜੁਲਾਈ (ਹਰਜਿੰਦਰ ਸਿੰਘ ਲਾਲ)-ਐੱਸ. ਐੱਸ. ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਪੁਲਿਸ ਜ਼ਿਲ੍ਹਾ ਖੰਨਾ ਵਲੋਂ ਚੋਰੀ ਅਤੇ ਗੁੰਮ ਹੋਏ 129 ਮੋਬਾਇਲ ਫ਼ੋਨ ਬਰਾਮਦ ਕਰ ਕੇ ਅੱਜ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਕੀਤੇ ਗਏ। ਇਸ ਮੌਕੇ ਮੋਬਾਇਲ ਪ੍ਰਾਪਤ ਕਰਨ ਵਾਲੇ ਲੋਕਾਂ ਨੇ ਪੰਜਾਬ ਪੁਲਿਸ ਦਾ ਧੰਨਵਾਦ ਕਰਦਿਆਂ ਇਸ ਮੁਹਿੰਮ ਦੀ ਸ਼ਲਾਘਾ ਕੀਤੀ। ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਦਾ ਮੋਬਾਇਲ ਫ਼ੋਨ ਚੋਰੀ ਜਾਂ ਗੁੰਮ ਹੋ ਜਾਂਦਾ ਹੈ ਤਾਂ ਉਹ ਬਿਨਾਂ ਦੇਰੀ ਆਪਣੇ ਨਜ਼ਦੀਕੀ ਸਾਂਝ ਕੇਂਦਰ ਵਿਚ ਰਿਪੋਰਟ ਦਰਜ ਕਰਵਾਏ। ਇਸ ਤੋਂ ਬਾਅਦ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੀ ਸਹਾਇਤਾ ਨਾਲ ਕੇਂਦਰੀ ਉਪਕਰਨ ਪਛਾਣ ਰਜਿਸਟਰ (ਸੀ. ਈ. ਆਈ. ਆਰ.) ਪੋਰਟਲ ‘ਤੇ ਫ਼ੋਨ ਨੂੰ ਬਲਾਕ ਕਰਵਾਇਆ ਜਾ ਸਕਦਾ ਹੈ, ਜਿਸ ਨਾਲ ਉਸ ਦੀ ਦੁਰਵਰਤੋਂ ਰੋਕੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਬਲਾਕ ਕੀਤਾ ਗਿਆ ਫ਼ੋਨ ਸਰਚ ‘ਤੇ ਆ ਜਾਂਦਾ ਹੈ ਅਤੇ ਜਿਵੇਂ ਹੀ ਕੋਈ ਵਿਅਕਤੀ ਉਸ ਦੀ ਵਰਤੋਂ ਕਰਦਾ ਹੈ ਤਾਂ ਪੁਲਿਸ ਨੂੰ ਉਸ ਬਾਰੇ ਜਾਣਕਾਰੀ ਮਿਲ ਜਾਂਦੀ ਹੈ, ਜਿਸ ਨਾਲ ਫ਼ੋਨ ਦੀ ਰਿਕਵਰੀ ਸੰਭਵ ਹੋ ਜਾਂਦੀ ਹੈ। ਉਨ੍ਹਾਂ 129 ਮੋਬਾਇਲ ਫ਼ੋਨ ਪ੍ਰਾਪਤ ਕਰਨ ਵਾਲੇ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਬੰਧਿਤ ਸਾਂਝ ਕੇਂਦਰ ਵਿਚ ਜਾ ਕੇ ਆਪਣੇ ਮੋਬਾਇਲ ਫ਼ੋਨ ਅਨਲਾਕ ਕਰਵਾਉਣ ਤਾਂ ਜੋ ਉਹ ਮੁੜ ਸਹੀ ਢੰਗ ਨਾਲ ਚੱਲ ਸਕਣ। ਐੱਸ. ਐੱਸ. ਪੀ. ਨੇ ਸਾਈਬਰ ਧੋਖਾਧੜੀ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਜੇਕਰ ਕਿਸੇ ਨਾਲ ਆਨਲਾਈਨ ਵਿੱਤੀ ਧੋਖਾਧੜੀ ਹੁੰਦੀ ਹੈ ਤਾਂ ਉਹ ਤੁਰੰਤ 1930 ਟੋਲ-ਫਰੀ ਹੈਲਪ ਲਾਈਨ ‘ਤੇ ਕਾਲ ਕਰਨ ਜਾਂ ਸਾਈਬਰ ਕ੍ਰਾਈਮ ਪੁਲਿਸ ਨਾਲ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਸਾਈਬਰ ਧੋਖਾਧੜੀ ਦੇ ਪਹਿਲੇ ਕੁੱਝ ਘੰਟੇ ਗੋਲਡਨ ਆਵਰ ਹੁੰਦੇ ਹਨ। ਇਸ ਸਮੇਂ ਦੌਰਾਨ ਸ਼ਿਕਾਇਤ ਦਰਜ ਹੋਣ ‘ਤੇ ਧੋਖਾਧੜੀ ਰਾਹੀਂ ਟਰਾਂਸਫ਼ਰ ਹੋਈ ਰਕਮ ਨੂੰ ਲੌਕ ਕਰ ਕੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਪੀੜਤ ਦੇ ਖਾਤੇ ਵਿੱਚ ਵਾਪਸ ਕਰਵਾਉਣ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ।
ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਨੇ 129 ਗੁੰਮ ਤੇ ਚੋਰੀ ਹੋਏ ਮੋਬਾਇਲ ਅਸਲ ਮਾਲਕਾਂ ਸਪੁਰਦ ਕੀਤੇ
ਅਜੀਤ ਡੈਸਕ
19-07-2026