02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਖ਼ੂੰਖ਼ਾਰ ਕੁੱਤੇ ਪਿੰਡ ਰਾਮਗੜ੍ਹ ’ਚ 8 ਬੱਕਰੀਆਂ ਤੇ 15 ਮੁਰਗ਼ੀਆਂ ਨੋਚ ਕੇ ਖਾ ਗਏ

Ad Position 21
No active advertisement
ਅਜੀਤ ਡੈਸਕ 24-07-2026

ਮਾਛੀਵਾੜਾ ਸਾਹਿਬ, 23 ਜੁਲਾਈ (ਰਾਜਦੀਪ ਸਿੰਘ ਅਲਬੇਲਾ)-ਬਲਾਕ ਮਾਛੀਵਾੜਾ ਅਧੀਨ ਪੈਂਦੇ ਪਿੰਡ ਰਾਮਗੜ੍ਹ ਵਿਖੇ ਕੱਲ੍ਹ ਖ਼ੂੰਖ਼ਾਰ ਕੁੱਤਿਆਂ ਨੇ ਇੱਕ ਵਾੜੇ ਵਿਚ ਵੜ ਕੇ 8 ਬੱਕਰੀਆਂ ਤੇ 15 ਮੁਰਗ਼ੀਆਂ ਨੂੰ ਨੋਚ ਕੇ ਖਾ ਲਿਆ। ਬਜ਼ੁਰਗ ਔਰਤ ਸੁਰਜੀਤ ਕੌਰ ਨੇ ਦੱਸਿਆ ਕਿ ਉਹ ਤੇ ਉਸ ਦਾ ਪਤੀ ਪਿੰਡ ਰਾਮਗੜ੍ਹ ਵਿਖੇ ਬੱਕਰੀਆਂ ਪਾਲ ਕੇ ਉਨ੍ਹਾਂ ਦਾ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਹਨ ਅਤੇ ਨਾਲ ਹੀ ਉਨ੍ਹਾਂ ਨੇ ਕੁੱਝ ਮੁਰਗ਼ੀਆਂ ਵੀ ਪਾਲ਼ੀਆਂ ਹੋਈਆਂ ਸਨ। ਸੁਰਜੀਤ ਕੌਰ ਅਨੁਸਾਰ ਉਹ ਦੁਪਹਿਰ ਵੇਲੇ ਪਿੰਡ ਵਿਚ ਕਿਸੇ ਸਮਾਗਮ ਵਿਚ ਸ਼ਾਮਲ ਹੋਣ ਲਈ ਗਈ ਅਤੇ ਕੁੱਝ ਸਮੇਂ ਬਾਅਦ ਜਦੋਂ ਵਾਪਸ ਆਈ ਤਾਂ ਉਸ ਨੇ ਦੇਖਿਆ ਕਿ ਕੁੱਤਿਆਂ ਨੇ ਜਿਸ ਛੋਟੇ ਜਿਹੇ ਕਮਰੇ ਵਿਚ ਬੱਕਰੀਆਂ ਤੇ ਮੁਰਗ਼ੀਆਂ ਰੱਖੀਆਂ ਸਨ ਉਸ ਦਾ ਜਾਲੀ ਵਾਲਾ ਦਰਵਾਜ਼ਾ ਤੋੜਿਆ ਹੋਇਆ ਸੀ। ਜਦੋਂ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਦ੍ਰਿਸ਼ ਦੇਖ ਕੇ ਉਸ ਦੀਆਂ ਭੁੱਬਾਂ ਨਿਕਲ ਗਈਆਂ ਕਿ ਉਸ ਦੀਆਂ 8 ਬੱਕਰੀਆਂ ਅਤੇ 15 ਮੁਰਗ਼ੀਆਂ ਨੂੰ ਕੁੱਤੇ ਨੋਚ ਕੇ ਖਾ ਚੁੱਕੇ ਸਨ ਅਤੇ ਸਾਰੇ ਜਾਨਵਰ ਮ੍ਰਿਤਕ ਹਾਲਤ ਵਿਚ ਪਏ ਸਨ। ਬਜ਼ੁਰਗ ਅਨੁਸਾਰ ਉਸ ਦਾ 1 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਸੀ। ਪਿੰਡ ਦੇ ਸਰਪੰਚ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਆਵਾਰਾ ਖ਼ੂੰਖ਼ਾਰ ਕੁੱਤਿਆਂ ਨੇ ਅੱਜ ਗਰੀਬ ਪਰਿਵਾਰ ਦੇ ਪਸ਼ੂ ਖਾ ਲਏ ਅਤੇ ਭਵਿੱਖ ਵਿਚ ਇਹ ਮਨੁੱਖੀ ਜੀਵਨ ਲਈ ਵੀ ਘਾਤਕ ਸਾਬਤ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਕਿਸਾਨ ਦੇਰ ਰਾਤ ਨੂੰ ਖੇਤਾਂ ਵਿਚ ਇਕੱਲੇ ਪਾਣੀ ਲਗਾਉਣ ਜਾਂਦੇ ਹਨ, ਬੱਚੇ ਗਲੀਆਂ ਵਿਚ ਖੇਡਦੇ ਹਨ ਅਤੇ ਅੱਜ ਸੰਘਣੀ ਆਬਾਦੀ ਵਿਚ ਇਨ੍ਹਾਂ ਆਵਾਰਾ ਕੁੱਤਿਆਂ ਨੇ ਜਾਨਵਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ ਜੋ ਭਵਿੱਖ ਵਿਚ ਆਮ ਲੋਕਾਂ ਤੇ ਬੱਚਿਆਂ ਲਈ ਘਾਤਕ ਸਿੱਧ ਹੋ ਸਕਦੇ ਹਨ। ਸਰਪੰਚ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਗਰੀਬ ਪਰਿਵਾਰ ਦਾ ਜੋ ਨੁਕਸਾਨ ਹੋਇਆ ਹੈ ਪ੍ਰਸ਼ਾਸਨ ਉਸ ਦਾ ਬਣਦਾ ਮੁਆਵਜ਼ਾ ਦੇਵੇ ਤਾਂ ਜੋ ਪਰਿਵਾਰ ਦੀ ਆਰਥਿਕ ਸਹਾਇਤਾ ਹੋ ਸਕੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਲੁਬਾਣਗੜ੍ਹ ਪਿੰਡ ਵਿਖੇ ਆਦਮਖ਼ੋਰ ਕੁੱਤਿਆਂ ਨੇ ਬੱਚਿਆਂ ਤੇ ਬਜ਼ੁਰਗਾਂ ਨੂੰ ਕੱਟ ਕੇ ਜ਼ਖ਼ਮੀ ਕੀਤਾ ਸੀ ਅਤੇ ਇਨ੍ਹਾਂ ਆਵਾਰਾ ਕੁੱਤਿਆਂ ਦਾ ਖ਼ੌਫ਼ ਬੇਟ ਇਲਾਕੇ ਵਿਚ ਅਜੇ ਵੀ ਕਾਇਮ ਹੈ।

Ad Position 22
No active advertisement
ਪਿਛਲੀ ਖ਼ਬਰ ਖੰਨਾ ਕ੍ਰਿਕਟ ਟੂਰਨਾਮੈਂਟ ’ਚ ਭਾਜਪਾ ਪੰਜਾਬ ਦੇ ਬੁਲਾਰੇ ਚੰਨੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਅਗਲੀ ਖ਼ਬਰ 31 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 2 ਵਿਅਕਤੀ ਕਾਬੂ
Ad Position 24
No active advertisement