ਮਾਛੀਵਾੜਾ ਸਾਹਿਬ, 23 ਜੁਲਾਈ (ਰਾਜਦੀਪ ਸਿੰਘ ਅਲਬੇਲਾ)-ਅੱਜ ਮਾਛੀਵਾੜਾ ਇਲਾਕੇ ਦਾ ਪੁਲਿਸ ਥਾਣਾ ਵਿਖੇ ਇੱਕ ਮਾਮਲਾ ਪੁੱਜਾ ਜਿਸ ਵਿਚ ਵਿਆਹ ਤੋਂ ਬਾਅਦ ਪੇਕੇ ਘਰ ਫੇਰਾ ਪਾਉਣ ਆਈ ਨਵ-ਵਿਆਹੁਤਾ ਭੇਦਭਰੇ ਢੰਗ ਨਾਲ ਲਾਪਤਾ ਹੋ ਗਈ ਅਤੇ ਉਸ ਇਲਾਕੇ ਦਾ ਇੱਕ ਨੌਜਵਾਨ ਵੀ ਲਾਪਤਾ ਹੈ ਜਿਸ ਕਾਰਨ ਮਾਮਲਾ ਗੁੰਝਲਦਾਰ ਬਣਿਆ ਹੋਇਆ ਹੈ। ਦੇਰ ਸ਼ਾਮ ਪੱਤਰਕਾਰਾਂ ਨੂੰ ਜਾਣਕਾਰੀ ਮਿਲੀ ਕਿ ਇੱਕ ਲੜਕੀ ਦਾ ਵਿਆਹ ਕੁੱਝ ਦਿਨ ਪਹਿਲਾਂ ਹੋਇਆ ਸੀ। ਪਰਿਵਾਰ ਵਲੋਂ ਖ਼ੁਸ਼ੀ-ਖ਼ੁਸ਼ੀ ਵਿਆਹ ਦੇ ਸਾਰੇ ਕਾਰਜ ਸੰਪੂਰਨ ਕੀਤੇ ਅਤੇ ਲੜਕੀ ਨੂੰ ਲਾੜੇ ਨਾਲ ਵਿਦਾ ਕੀਤਾ ਸੀ। ਰੀਤੀ-ਰਿਵਾਜ ਅਨੁਸਾਰ ਵਿਆਹ ਤੋਂ ਕੁੱਝ ਦਿਨ ਬਾਅਦ ਹੀ ਨਵ-ਵਿਆਹੁਤਾ ਆਪਣੇ ਪਤੀ ਨੂੰ ਨਾਲ ਲੈ ਕੇ ਪੇਕੇ ਘਰ ਫੇਰਾ ਪਾਉਣ ਆਈ ਹੋਈ ਸੀ ਅਤੇ ਇੱਥੇ ਪਤੀ ਨਾਲ ਰਹਿ ਰਹੀ ਸੀ। ਅਚਾਨਕ ਕੱਲ੍ਹ ਸਵੇਰੇ ਇਹ ਨਵ-ਵਿਆਹੁਤਾ ਲੜਕੀ ਲਾਪਤਾ ਹੋ ਗਈ ਜਿਸ ‘ਤੇ ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਉੱਥੇ ਇਸ ਦਾ ਪਤੀ ਵੀ ਹੱਕਾ-ਬੱਕਾ ਰਹਿ ਗਿਆ। ਪਰਿਵਾਰ ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਲਾਕੇ ਦਾ ਇੱਕ ਲੜਕਾ ਵੀ ਲਾਪਤਾ ਹੈ ਜਿਸ ‘ਤੇ ਪਰਿਵਾਰ ਨੇ ਮਾਛੀਵਾੜਾ ਪੁਲਸ ਥਾਣਾ ਵਿਚ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਦੀ ਨਵ-ਵਿਆਹੁਤਾ ਲੜਕੀ ਤੇ ਜੋ ਲੜਕਾ ਲਾਪਤਾ ਹੋਇਆ ਹੈ ਉਨ੍ਹਾਂ ਦੀ ਤਲਾਸ਼ ਕੀਤੀ ਜਾਵੇ ਤਾਂ ਜੋ ਸਾਰੇ ਮਾਮਲੇ ਦਾ ਖ਼ੁਲਾਸਾ ਹੋ ਸਕੇ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਅਧਾਰ ‘ਤੇ ਦੋਵਾਂ ਧਿਰਾਂ ਨੂੰ ਬੁਲਾਇਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।