ਖੰਨਾ, 23 ਜੁਲਾਈ (ਹਰਜਿੰਦਰ ਸਿੰਘ ਲਾਲ)-ਡਾਕਟਰ ਅੰਬੇਡਕਰ ਮਿਸ਼ਨ ਸੋਸਾਇਟੀ ਖੰਨਾ ਦੀ ਇੱਕ ਹੰਗਾਮੀ ਮੀਟਿੰਗ ਪਾਲ ਸਿੰਘ ਕੈੜੇ, ਸੀਨੀਅਰ ਉੱਪ- ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਖੰਨਾ ਵਿਖੇ ਮਨਰੇਗਾ ਮੁਲਾਜ਼ਮਾਂ ਅਤੇ ਮਜ਼ਦੂਰਾਂ ਤੇ ਕੀਤੇ ਗਏ ਅੰਨ੍ਹੇ ਤਸ਼ੱਦਦ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਇਸ ਸਮੇਂ ਬਲਵੀਰ ਸਿੰਘ ਭੱਟੀ ਜਨਰਲ ਸਕੱਤਰ, ਅੰਬੇਡਕਰ ਮਿਸ਼ਨ ਸੋਸਾਇਟੀ ਨੇ ਕਿਹਾ ਕਿ ਮਨਰੇਗਾ ਦੇ ਸੰਘਰਸ਼ੀ ਯੋਧੇ ਜੋ ਆਪਣੀਆਂ ਜਾਇਜ਼ ਮੰਗਾਂ ਪ੍ਰਤੀ ਰੋਸ ਧਰਨੇ ਵਿੱਚ ਸ਼ਾਮਿਲ ਹੋਣ ਲਈ ਆਏ ਸਨ, ਨੂੰ ਸਰਕਾਰੀ ਹੁਕਮਾਂ ਤੇ ਛੱਲੀਆਂ ਵਾਂਗ ਕੁੱਟਿਆ ਗਿਆ ਇੱਥੋਂ ਤੱਕ ਕਿ ਮੁਲਾਜ਼ਮ, ਮਜ਼ਦੂਰ ਔਰਤਾਂ ਨੂੰ ਵੀ ਨਹੀਂ ਬਖ਼ਸ਼ਿਆ ਗਿਆ। ਇਸ ਸਮੇਂ ਵੱਖ-ਵੱਖ ਬੁਲਾਰਿਆਂ ਵੱਲੋਂ ਬੋਲਦਿਆਂ ਇਸਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਅੰਤ ਵਿੱਚ ਪਾਲ ਸਿੰਘ ਕੈੜੇ ਵੱਲੋਂ ਆਏ ਅੰਬੇਡਕਰੀ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਜੋ ਸਰਕਾਰ ਧਰਨੇ ਮੁਜ਼ਾਰਿਆਂ ਵਿਚੋਂ ਨਿਕਲੀ ਹੈ ਉਸ ਵੱਲੋਂ ਕੀਤਾ ਗਿਆ ਅਜਿਹਾ ਵਰਤਾਰਾ ਅਤਿ ਨਿੰਦਣਯੋਗ ਹੈ। ਹੱਕ ਮੰਗਦੇ ਲੋਕਾਂ ਤੇ ਅੱਥਰੂ ਗੈਸ ਦੇ ਗੋਲੇ ਵਰਾਏ ਗਏ ਅਤੇ ਉਨ੍ਹਾਂ ਨੂੰ ਫੱਟੜ ਕਰਕੇ ਲੱਤਾਂ ਬਾਹਾਂ ਤੋੜੀਆਂ ਗਈਆਂ, ਇਹ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ, ਉਨ੍ਹਾਂ ਨਾਲ ਗੱਲ ਕਰਕੇ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਮੰਨਣਾ ਚਾਹੀਦਾ ਸੀ। ਇਸ ਦੇ ਨਾਲ ਹੀ ਅੰਬੇਡਕਰ ਮਿਸ਼ਨ ਸੋਸਾਇਟੀ ਵੱਲੋਂ ਦਿੱਲੀ ਦੇ ਜੰਤਰ-ਮੰਤਰ ਵਿਖੇ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਉੱਤੇ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਜ਼ੁਲਮ ਅਤੇ ਪੇਪਰ ਲੀਕ ਮਾਮਲੇ ਵਿੱਚ ਕੇਂਦਰੀ ਸਿੱਖਿਆ ਮੰਤਰੀ ਵੱਲੋਂ ਅਸਤੀਫ਼ਾ ਨਾ ਦੇਣਾ ਘੋਰ ਨਿੰਦਣਯੋਗ ਹੈ, ਜੋ ਕਿ ਵਿਦਿਆਰਥੀਆਂ ਦੇ ਭਵਿੱਖ ਦੇ ਨਾਲ ਖਿਲਵਾੜ ਕਰਨਾ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਈਸ਼ਰ ਸਿੰਘ, ਉੱਪ ਪ੍ਰਧਾਨ, ਸੋਹਨ ਲਾਲ ਸਾਂਪਲਾ, ਜਰਮਨੀ, ਪ੍ਰੇਮ ਸਿੰਘ ਬੰਗੜ, ਸਵਰਨ ਸਿੰਘ ਛਿੱਬਰ, ਟੇਕ ਚੰਦ, ਗੁਰਨਾਮ ਸਿੰਘ ਸੁਪਰੈਂਟ, ਜਰਨੈਲ ਸਿੰਘ ਮਾਨੂਪੁਰ, ਖੁਸ਼ੀ ਰਾਮ ਚੌਹਾਨ, ਨੇਤਰ ਸਿੰਘ ਅਤੇ ਹਰਜਿੰਦਰ ਸਿੰਘ ਜੇ. ਈ. ਆਦਿ ਹਾਜ਼ਰ ਸਨ।