ਪੁਲਿਸ ਨੇ ਮਾਤਾ-ਪਿਤਾ ਨੂੰ ਨਸ਼ਿਆਂ ਸਮੇਤ ਕੀਤਾ ਗ੍ਰਿਫ਼ਤਾਰ
6 ਸਾਲਾਂ ਦੀ ਮਾਸੂਮ ਬੱਚੀ ਬੇਸਹਾਰਿਆਂ ਵਾਂਗ ਰੁਲਣ ਲਈ ਮਜਬੂਰ
ਮਾਛੀਵਾੜਾ ਸਾਹਿਬ, 17 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਨਸ਼ਿਆਂ ਦੇ ਦੈਂਤ ਨੇ ਇੱਕ ਗਰੀਬ ਪਰਿਵਾਰ ਦੀ ਹੱਸਦੀ ਵਸਦੀ ਜ਼ਿੰਦਗੀ ਨੂੰ ਇਸ ਤਰ੍ਹਾਂ ਖਾਧਾ ਜਿਸ ਵਿਚ ਮਾਤਾ-ਪਿਤਾ ਦੋਵੇਂ ਪੁਲਿਸ ਦੀ ਗ੍ਰਿਫ਼ਤ ‘ਚ ਪਹੁੰਚ ਗਏ, ਜਦਕਿ ਪਿੱਛੇ ਉਨ੍ਹਾਂ ਦੀ 6 ਸਾਲਾਂ ਦੀ ਮਾਸੂਮ ਬੱਚੀ ਬੇਸਹਾਰਾ ਹੋ ਕੇ ਅਨਾਥਾਂ ਵਾਂਗ ਰੁਲਣ ਲਈ ਮਜਬੂਰ ਹੈ। ਸਥਾਨਕ ਪੁਲਿਸ ਵਲੋਂ ਨੇੜਲੇ ਪਿੰਡ ਵਿਖੇ ਇੱਕ ਔਰਤ ਨੂੰ 20 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕਰ ਕੇ ਜੇਲ੍ਹ ਭੇਜਿਆ ਸੀ।
ਮਾਛੀਵਾੜਾ ਸਾਹਿਬ, 17 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਨਸ਼ਿਆਂ ਦੇ ਦੈਂਤ ਨੇ ਇੱਕ ਗਰੀਬ ਪਰਿਵਾਰ ਦੀ ਹੱਸਦੀ ਵਸਦੀ ਜ਼ਿੰਦਗੀ ਨੂੰ ਇਸ ਤਰ੍ਹਾਂ ਖਾਧਾ ਜਿਸ ਵਿਚ ਮਾਤਾ-ਪਿਤਾ ਦੋਵੇਂ ਪੁਲਿਸ ਦੀ ਗ੍ਰਿਫ਼ਤ ‘ਚ ਪਹੁੰਚ ਗਏ, ਜਦਕਿ ਪਿੱਛੇ ਉਨ੍ਹਾਂ ਦੀ 6 ਸਾਲਾਂ ਦੀ ਮਾਸੂਮ ਬੱਚੀ ਬੇਸਹਾਰਾ ਹੋ ਕੇ ਅਨਾਥਾਂ ਵਾਂਗ ਰੁਲਣ ਲਈ ਮਜਬੂਰ ਹੈ। ਸਥਾਨਕ ਪੁਲਿਸ ਵਲੋਂ ਨੇੜਲੇ ਪਿੰਡ ਵਿਖੇ ਇੱਕ ਔਰਤ ਨੂੰ 20 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕਰ ਕੇ ਜੇਲ੍ਹ ਭੇਜਿਆ ਸੀ। ਹਾਲੇ ਉਸ ਦੀ ਜ਼ਮਾਨਤ ਵੀ ਨਹੀਂ ਹੋਈ ਸੀ ਕਿ ਪੁਲਸ ਨੇ ਹੁਣ ਉਸ ਦੇ ਪਤੀ ਨੂੰ ਵੀ 7 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵਲੋਂ ਮਾਮਲੇ ਦੀ ਕਾਰਵਾਈ ਮੁਕੰਮਲ ਕਰ ਕੇ ਮੁਲਜ਼ਮ ਨੂੰ ਅਦਾਲਤ ਰਾਹੀਂ ਜੇਲ੍ਹ ਭੇਜਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਇਸ ਦੌਰਾਨ ਜਦੋਂ ਪੁਲਸ ਪਿਤਾ ਨੂੰ ਗ੍ਰਿਫ਼ਤਾਰ ਕਰ ਕੇ ਲੈ ਕੇ ਜਾ ਰਹੀ ਸੀ ਤਾਂ ਮੌਕੇ ‘ਤੇ ਮੌਜੂਦ ਉਸ ਦੀ 6 ਸਾਲਾਂ ਦੀ ਮਾਸੂਮ ਧੀ ਆਪਣੇ ਪਿਤਾ ਨਾਲ ਜਾਣ ਲਈ ਜ਼ਿੱਦ ਕਰਨ ਲੱਗੀ। ਬੱਚੀ ਆਪਣੇ ਪਿਤਾ ਵੱਲ ਬੜੀ ਮਸੂਮੀਅਤ ਨਾਲ ਤੱਕਦੀ ਰਹੀ ਅਤੇ ਉਸ ਨੂੰ ਆਪਣੇ ਨਾਲ ਲਿਜਾਣ ਲਈ ਪੁਲਿਸ ਅੱਗੇ ਵੀ ਜ਼ੋਰ ਪਾਉਂਦੀ ਰਹੀ। ਪੁਲਿਸ ਮੁਲਾਜ਼ਮਾਂ ਵਲੋਂ ਬੱਚੀ ਨੂੰ ਪਿਤਾ ਦੇ ਨਾਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਬੱਚੀ ਨੂੰ ਸ਼ਾਂਤ ਕਰਵਾਉਣ ਲਈ ਪੁਲਿਸ ਵਲੋਂ ਕਾਫ਼ੀ ਕੋਸ਼ਿਸ਼ ਕੀਤੀ ਗਈ। ਥਾਣਾ ਮੁਖੀ ਕਰਮਜੀਤ ਸਿੰਘ ਵਲੋਂ ਬੱਚੀ ਦਾ ਧਿਆਨ ਪਿਤਾ ਤੋਂ ਹਟਾਉਣ ਲਈ ਉਸ ਨੂੰ ਖਾਣ ਪੀਣ ਵਾਲਾ ਸਮਾਨ ਵੀ ਦਿੱਤਾ ਪਰ ਡਿਊਟੀ ਨੂੰ ਦੇਖਦਿਆਂ ਉਨ੍ਹਾਂ ਬੱਚੀ ਦੇ ਪਿਤਾ ਨੂੰ ਨਸ਼ੇ ਸਮੇਤ ਗ੍ਰਿਫ਼ਤਾਰ ਕਰ ਥਾਣੇ ਲਿਆਂਦਾ। ਅਖੀਰ ਬੱਚੀ ਨੂੰ ਉਸ ਦੇ ਘਰ ਨੇੜੇ ਰਹਿੰਦੇ ਬਜ਼ੁਰਗ ਦਾਦਾ-ਦਾਦੀ ਦੇ ਸਹਾਰੇ ਛੱਡ ਦਿੱਤਾ ਗਿਆ। ਨਸ਼ਿਆਂ ਕਾਰਨ ਟੁੱਟ ਰਹੇ ਪਰਿਵਾਰਾਂ ਦਾ ਸਭ ਤੋਂ ਵੱਧ ਖ਼ਮਿਆਜ਼ਾ ਛੋਟੇ ਬੱਚਿਆਂ ਨੂੰ ਭੁਗਤਣਾ ਪੈ ਰਿਹਾ ਹੈ। ਜਿਨ੍ਹਾਂ ਹੱਥਾਂ ਨੇ ਬੱਚਿਆਂ ਨੂੰ ਸੰਭਾਲਣਾ ਸੀ, ਉਹੀ ਹੱਥ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਪਹੁੰਚ ਜਾਣ ਤਾਂ ਮਾਸੂਮਾਂ ਦੀ ਜ਼ਿੰਦਗੀ ਬੇਸਹਾਰਾ ਹੋ ਜਾਂਦੀ ਹੈ। ਇਸ ਮਾਮਲੇ ‘ਚ ਵੀ 6 ਸਾਲਾਂ ਦੀ ਬੱਚੀ ਆਪਣੇ ਮਾਂ-ਪਿਉ ਤੋਂ ਦੂਰ ਹੋ ਕੇ ਬਜ਼ੁਰਗ ਦਾਦਾ-ਦਾਦੀ ਦੇ ਸਹਾਰੇ ਰਹਿਣ ਲਈ ਮਜਬੂਰ ਹੋ ਗਈ ਹੈ। ਪਰਿਵਾਰ ਦੀ ਆਰਥਿਕ ਹਾਲਤ ਵੀ ਬੇਹੱਦ ਮਾੜੀ ਦੱਸੀ ਜਾ ਰਹੀ ਹੈ। ਬੱਚੀ ਦੀ ਦਾਦੀ ਬਿਮਾਰੀ ਕਾਰਨ ਮੰਜੇ ‘ਤੇ ਪਈ ਹੈ, ਜਦਕਿ ਬਜ਼ੁਰਗ ਦਾਦਾ ਖ਼ੁਦ ਮੁਸ਼ਕਿਲ ਨਾਲ ਘਰ ਦਾ ਗੁਜ਼ਾਰਾ ਚਲਾਉਂਦੇ ਹੋਏ ਆਪਣੀ ਪਤਨੀ ਦੀ ਦੇਖਭਾਲ ਕਰ ਰਹੇ ਹਨ। ਅਜਿਹੇ ਹਾਲਾਤਾਂ ‘ਚ ਮਾਸੂਮ ਬੱਚੀ ਦੀ ਪਰਵਰਿਸ਼ ਅਤੇ ਭਵਿੱਖ ਵੀ ਵੱਡਾ ਸਵਾਲ ਬਣ ਗਿਆ ਹੈ।