ਨਿਰਸੁਆਰਥ ਸੇਵਾ ਕਰਨ ਤੇ ਚੰਗੇ ਗੁਣ ਇਨਸਾਨ ਅੰਦਰ ਹੁੰਦੇ ਨੇ ਪੈਦਾ -ਬਾਬਾ ਦਰਸ਼ਨ ਸਿੰਘ
ਬੀਜਾ, 4 ਅਕਤੂਬਰ (ਕਸ਼ਮੀਰਾ ਸਿੰਘ ਬਗਲੀ)-ਸਾਡੀ ਜ਼ਿੰਦਗੀ ਵਿੱਚ ਸੇਵਾ ਦਾ ਬਹੁਤ ਵੱਡਾ ਅਤੇ ਅਹਿਮ ਮਹੱਤਵ ਹੈ। ਸਿੱਖ ਧਰਮ ਵਿੱਚ ਸੇਵਾ ਨੂੰ ਸਰਵੋਤਮ ਕਰਮ ਮੰਨਿਆ ਗਿਆ ਹੈ।
ਬੀਜਾ, 4 ਅਕਤੂਬਰ (ਕਸ਼ਮੀਰਾ ਸਿੰਘ ਬਗਲੀ)-ਸਾਡੀ ਜ਼ਿੰਦਗੀ ਵਿੱਚ ਸੇਵਾ ਦਾ ਬਹੁਤ ਵੱਡਾ ਅਤੇ ਅਹਿਮ ਮਹੱਤਵ ਹੈ। ਸਿੱਖ ਧਰਮ ਵਿੱਚ ਸੇਵਾ ਨੂੰ ਸਰਵੋਤਮ ਕਰਮ ਮੰਨਿਆ ਗਿਆ ਹੈ। ਸੇਵਾ ਕਰਨ ਨਾਲ ਮਨ ਵਿੱਚੋਂ ਨਕਾਰਾਤਮਕਤਾ ਦੂਰ ਹੁੰਦੀ ਹੈ ਅਤੇ ਮਾਨਸਿਕ ਸ਼ਾਂਤੀ ਮਿਲਦੀ ਹੈਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਦਰਸ਼ਨ ਸਿੰਘ ਕਾਰ ਸੇਵਾ ਵਾਲਿਆਂ ਨੇ ਕਰਦਿਆਂ ਆਖਿਆ ਕਿ ਸੇਵਾ ਕਰਨ ਨਾਲ ਇਨਸਾਨ ਦੇ ਅੰਦਰੋਂ ‘ਮੈਂ’, ਹੰਕਾਰ, ਖ਼ਤਮ ਹੁੰਦਾ ਹੈ। ਜਦੋਂ ਅਸੀਂ ਦੂਜਿਆਂ ਦੇ ਚਰਨਾਂ ਵਿੱਚ ਬੈਠ ਕੇ ਜਾਂ ਹੱਥੀਂ ਸੇਵਾ ਕਰਦੇ ਹਾਂ ਤਾਂ ਸਾਡੇ ਅੰਦਰ ਨਿਮਰਤਾ ਪੈਦਾ ਹੁੰਦੀ ਹੈ। ਜੋ ਇਨਸਾਨ ਗੁਰੂ ਘਰ ਨਾਲ ਜੁੜਿਆ ਹੁੰਦਾ ਹੈ ਉਸ ਅੰਦਰ ਜਾਤ-ਪਾਤ ਅਤੇ ਰੰਗ-ਭੇਦ ਦਾ ਵਿਤਕਰਾ ਨੂੰ ਖ਼ਤਮ ਹੋ ਜਾਂਦਾ ਹੈ। ਲੰਗਰ ਦੀ ਪ੍ਰਥਾ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ, ਜਿੱਥੇ ਸਭ ਲੋਕ ਇੱਕੋ ਪੰਗਤ ਵਿੱਚ ਬੈਠ ਕੇ ਸੇਵਾ ਕਰਦੇ ਅਤੇ ਛਕਦੇ ਹਨ। ਇਸ ਨਾਲ ਆਪਸੀ ਪਿਆਰ ਅਤੇ ਭਾਈਚਾਰਾ ਵਧਦਾ ਹੈ। ਬਾਬਾ ਦਰਸ਼ਨ ਸਿੰਘ ਨੇ ਕਿਹਾ ਕਿ ਨਿਰਸੁਆਰਥ ਸੇਵਾ ਕਰਨ ਨਾਲ ਇਨਸਾਨ ਦੇ ਚਰਿੱਤਰ ਵਿੱਚ ਦਇਆ, ਸੰਤੋਖ, ਪਿਆਰ ਅਤੇ ਹਮਦਰਦੀ ਵਰਗੇ ਚੰਗੇ ਗੁਣ ਆਉਂਦੇ ਹਨ। ਇਹ ਸਾਨੂੰ ਇੱਕ ਜ਼ਿੰਮੇਵਾਰ ਅਤੇ ਚੰਗਾ ਇਨਸਾਨ ਬਣਾਉਂਦੀ ਹੈ। ਸੇਵਾ ਕੇਵਲ ਪੈਸੇ ਨਾਲ ਨਹੀਂ, ਸਗੋਂ ਤਨ, ਮਨ ਅਤੇ ਧਨ ਕਿਸੇ ਵੀ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਜੇਕਰ ਅਸੀਂ ਆਪਣੀ ਜ਼ਿੰਦਗੀ ਨੂੰ ਸਫ਼ਲ ਅਤੇ ਖ਼ੁਸ਼ਹਾਲ ਬਣਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਸੇਵਾ ਨੂੰ ਇੱਕ ਹਿੱਸਾ ਜ਼ਰੂਰ ਬਣਾਉਣਾ ਚਾਹੀਦਾ ਹੈ। ਇਸ ਮੌਕੇ ਚਰਨਜੀਤ ਸਿੰਘ ਚੰਨੀ ਬਾਬਾ ਉਜਾਗਰ ਸਿੰਘ, ਬਾਬਾ ਬਲਜੀਤ ਸਿੰਘ, ਕੈਪਟਨ ਰਾਮਪਾਲ ਸਿੰਘ ਬੀਜਾ, ਗੁਰਮੁਖ ਸਿੰਘ ਪਾਇਲ, ਕੁਲਦੀਪ ਸਿੰਘ ਕੋਟ ਸੇਖੋਂ, ਜੈ ਪਾਲ ਸਿੰਘ ਆਦਿ ਸੇਵਾਦਾਰ ਹਾਜ਼ਰ ਸਨ।