ਅਕਾਲੀ ਆਗੂ ’ ਤੇ ਹੋਏ ਪਰਚੇ ਖਿਲਾਫ ਰਾਏਕੋਟ ਮਾਲੇਰਕੋਟਲਾ ਮੁੱਖ ਮਾਰਗ ਜਾਮ ਕਰਕੇ ਲਗਾਇਆ ਧਰਨਾ
ਸੰਦੌੜ, 7 ਅਕਤੂਬਰ (ਗੁਰਪ੍ਰੀਤ ਸਿੰਘ ਚੀਮਾ)-ਥਾਣਾ ਸੰਦੌੜ ਅਧੀਨ ਪੈਂਦੇ ਪਿੰਡ ਝੁਨੇਰ ਨਾਲ ਸਬੰਧਿਤ ਇਕ ਮਾਮਲੇ ਵਿਚ ਸੰਦੌੜ ਪੁਲਿਸ ਵਲੋਂ ਬੀਤੇ ਰਾਤ ਸੀਨੀਅਰ ਅਕਾਲੀ ਆਗੂ ਅਤੇ ਮਾਰਕੀਟ ਕਮੇਟੀ ਸੰਦੌੜ ਦੇ ਸਾਬਕਾ ਚੇਅਰਮੈਨ ਡਾ. ਜਗਤਾਰ ਸਿੰਘ ਜੱਗੀ ਝੁਨੇਰ ਸਮੇਤ ਉਨ੍ਹਾਂ ਦੇ ਪੁੱਤਰ ਕਰਨਵੀਰ ਸਿੰਘ ਅਤੇ ਦੋ ਹੋਰ ਵਿਅਕਤੀਆਂ ਖਿਲਾਫ ਇਕ ਝਗੜੇ ਨੂੰ ਲੈਕੇ ਕੀਤੇ ਗਏ ਪਰਚੇ ਦੇ ਰੋਸ ਵਜੋਂ ਸ੍ਰੋਮਣੀ ਅਕਾਲੀ ਦਲ (ਬ) ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਅਜਾਦ) ਵਲੋਂ ਰਾਏਕੋਟ ਮਾਲੇਰਕੋਟਲਾ ਮੁੱਖ ਮਾਰਗ ’ਤੇ ਬਠਿੰਡਾ ਬਰਾਂਚ ਨਹਿਰ ਦੇ ਪੁਲ ਕਲਿਆਣ ਵਿਖੇ ਧਰਨਾ ਲਗਾ ਕੇ ਸੜਕੀ ਆਵਜਾਈ ਜਾਮ ਕੀਤੀ ਗਈ।
ਸੰਦੌੜ, 7 ਅਕਤੂਬਰ (ਗੁਰਪ੍ਰੀਤ ਸਿੰਘ ਚੀਮਾ)-ਥਾਣਾ ਸੰਦੌੜ ਅਧੀਨ ਪੈਂਦੇ ਪਿੰਡ ਝੁਨੇਰ ਨਾਲ ਸਬੰਧਿਤ ਇਕ ਮਾਮਲੇ ਵਿਚ ਸੰਦੌੜ ਪੁਲਿਸ ਵਲੋਂ ਬੀਤੇ ਰਾਤ ਸੀਨੀਅਰ ਅਕਾਲੀ ਆਗੂ ਅਤੇ ਮਾਰਕੀਟ ਕਮੇਟੀ ਸੰਦੌੜ ਦੇ ਸਾਬਕਾ ਚੇਅਰਮੈਨ ਡਾ. ਜਗਤਾਰ ਸਿੰਘ ਜੱਗੀ ਝੁਨੇਰ ਸਮੇਤ ਉਨ੍ਹਾਂ ਦੇ ਪੁੱਤਰ ਕਰਨਵੀਰ ਸਿੰਘ ਅਤੇ ਦੋ ਹੋਰ ਵਿਅਕਤੀਆਂ ਖਿਲਾਫ ਇਕ ਝਗੜੇ ਨੂੰ ਲੈਕੇ ਕੀਤੇ ਗਏ ਪਰਚੇ ਦੇ ਰੋਸ ਵਜੋਂ ਸ੍ਰੋਮਣੀ ਅਕਾਲੀ ਦਲ (ਬ) ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਅਜਾਦ) ਵਲੋਂ ਰਾਏਕੋਟ ਮਾਲੇਰਕੋਟਲਾ ਮੁੱਖ ਮਾਰਗ ’ਤੇ ਬਠਿੰਡਾ ਬਰਾਂਚ ਨਹਿਰ ਦੇ ਪੁਲ ਕਲਿਆਣ ਵਿਖੇ ਧਰਨਾ ਲਗਾ ਕੇ ਸੜਕੀ ਆਵਜਾਈ ਜਾਮ ਕੀਤੀ ਗਈ। ਇਸ ਰੋਸ ਧਰਨੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮਾਲੇਰਕੋਟਲਾ ਦੇ ਇੰਚਾਰਜ ਬੀਬਾ ਜਾਹਿਦਾ ਸੁਲੇਮਾਨ, ਜ਼ਿਲ੍ਹਾ ਪ੍ਰਧਾਨ ਜਥੇਦਾਰ ਤਰਲੋਚਨ ਸਿੰਘ ਧਲੇਰ ਕਲਾਂ, ਡਾ. ਸੁਰਾਜ ਮੁਹੰਮਦ ਚੱਕ ਜਿਲ੍ਹਾ ਪ੍ਰਧਾਨ ਬੀ.ਸੀ ਵਿੰਗ, ਮਨਦੀਪ ਸਿੰਘ ਮਾਣਕਵਾਲ ਸਰਕਲ ਪ੍ਰਧਾਨ ਸੰਦੌੜ, ਰਾਜਪਾਲ ਸਿੰਘ ਚੱਕ ਸਰਕਲ ਪ੍ਰਧਾਨ ਬਧਰਾਵਾਂ ਸਮੇਤ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਗੁਰਮੇਲ ਸਿੰਘ ਮਹੋਲੀ, ਸ਼ੇਰ ਸਿੰਘ ਮਹੋਲੀ ਜਿਲ੍ਹਾ ਪ੍ਰਧਾਨ ਮਾਲੇਰਕੋਟਲਾ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ। ਮੈਡਮ ਜਾਹਿਦਾ ਸੁਲੇਮਾਨ ਨੇ ਕਿਹਾ ਕਿ ਸੰਦੌੜ ਪੁਲਿਸ ਵਲੋਂ ਜਾਣਬੁੱਝ ਕੇ ਸੀਨੀਅਰ ਅਕਾਲੀ ਆਗੂ ਡਾ. ਜਗਤਾਰ ਸਿੰਘ ਝੁਨੇਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ਦੇ ਖਿਲਾਫ ਇਕ ਝੂਠਾ ਅਤੇ ਤੱਥਹੀਣ ਪਰਚਾ ਦਰਜ ਕੀਤਾ ਗਿਆ ਹੈ ਅਤੇ ਬੀਤੀ ਦੇਰ ਰਾਤ ਸੰਦੌੜ ਪੁਲਿਸ ਦੇ ਮੁਲਾਜਮ ਡਾ. ਜੱਗੀ ਝੁਨੇਰ ਨੂੰ ਗ੍ਰਿਫਤਾਰ ਕਰਨ ਦੀ ਨੀਅਤ ਨਾਲ ਪਿੰਡ ਝੁਨੇਰ ਵਿਖੇ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚ ਗਏ, ਜਿਵੇਂ ਹੀ ਇਸਦੀ ਭਿਣਕ ਪਿੰਡ ਵਾਸੀਆਂ ਨੂੰ ਲੱਗੀ ਤਾਂ ਵੱਡੀ ਗਿਣਤੀ ਵਿਚ ਲੋਕਾਂ ਨੇ ਪੁਲਿਸ ਦੀ ਇਸ ਕਾਰਵਾਈ ਦਾ ਸਖਤ ਵਿਰੋਧ ਕਰਦੇ ਹੋਏ ਅੱਧੀ ਰਾਤ ਨੂੰ ਉਥੇ ਹੀ ਧਰਨਾ ਲਗਾ ਦਿੱਤਾ। ਉਨ੍ਹਾਂ ਕਿਹਾ ਕਿ ਬੀਤੀ ਰਾਤ ਮਾਲੇਰਕੋਟਲਾ ਪੁਲਿਸ ਦੇ ਉਚ ਅਧਿਕਾਰੀ ਨੇ ਆਕੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ ਅਤੇ ਕਿਸੇ ਵੀ ਬੇਕਸੂਰ ਨੂੰ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ ਪਰ ਪੁਲਿਸ ਨੇ ਆਪਣਾ ਖੁਦ ਦਿੱਤੇ ਭਰੋਸੇ ਤੋਂ ਪਿੱਛੇ ਹੱਟਦੇ ਹੋਏ ਦੇਰ ਰਾਤ ਅਕਾਲੀ ਆਗੂ ਡਾ. ਜਗਤਾਰ ਸਿੰਘ ਜੱਗੀ ਸਮੇਤ ਉਨ੍ਹਾਂ ਦੇ ਪੁੱਤਰ ਸਮੇਤ ਦੋ ਹੋਰ ਜਣਿਆਂ ਖਿਲਾਫ ਪਰਚਾ ਦਰਜ ਕਰ ਦਿੱਤਾ। ਜਿਸ ਦੇ ਰੋਸ ਵਜੋਂ ਅੱਜ ਮਜਬੂਰ ਹੋ ਕੇ ਅਕਾਲੀ ਦਲ ਨੂੰ ਮੁੱਖ ਮਾਰਗ ਜਾਮ ਕਰਕੇ ਧਰਨਾ ਦੇਣਾ ਪਿਆ । ਕਿਸਾਨ ਆਗੂ ਗੁਰਮੇਲ ਸਿੰਘ ਮਹੋਲੀ ਅਤੇ ਜਿਲ੍ਹਾ ਪ੍ਰਧਾਨ ਸੇਰ ਸਿੰਘ ਮਹੋਲੀ ਨੇ ਕਿਹਾ ਕਿ ਪੁਲਿਸ ਦਾ ਰਵੱਈਆ ਹਮੇਸ਼ਾ ਲੋਕ ਵਿਰੋਧੀ ਰਿਹਾ ਹੈ ਉਨ੍ਹਾਂ ਕਿਹਾ ਕਿ ਜਦੋਂ ਤੱਕ ਪੁਲਿਸ ਇਸ ਮਾਮਲੇ ਵਿਚ ਦਰਜ ਕੀਤੇ ਗਏ ਪਰਚੇ ਨੂੰ ਰੱਦ ਨਹੀਂ ਕਰਦੀ, ਉਦੋਂ ਤੱਕ ਇਹ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਉਧਰ ਇਸ ਮਾਮਲੇ ਵਿਚ ਡੀ.ਐਸ.ਪੀ (ਡੀ) ਦੀਪਇੰਦਰਪਾਲ ਸਿੰਘ ਜੇਜੀ ਨੇ ਮੌਕੇ ’ਤੇ ਪਹੁੰਚ ਕੇ ਧਰਨੇ ਦੀ ਅਗਵਾਈ ਕਰ ਰਹੇ ਹਲਕਾ ਇੰਚਾਰਜ ਬੀਬਾ ਜਾਹਿਦਾ ਸੁਲੇਮਾਨ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੂੰ ਵਿਸਵਾਸ ਦਿਵਾਇਆ ਕਿ ਪੁਲਿਸ ਵਲੋਂ ਮਾਮਲੇ ਦੀ ਮੁਕੰਮਲ ਅਤੇ ਤੱਥਾਂ ਦੇ ਅਧਾਰ ’ਤੇ ਜਾਂਚ ਕਰਕੇ ਅਸਲ ਕਾਰਨਾਂ ਦਾ ਪਤਾ ਲਗਾਵੇਗੀ। ਡੀ.ਐਸ.ਪੀ ਜੇਜੀ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਬੋਲਦਿਆਂ ਕਿਹਾ ਕਿ ਇਸ ਮਾਮਲੇ ਵਿਚ ਕਿਸੇ ਦੀ ਫਿਲਹਾਲ ਗ੍ਰਿਫਤਾਰੀ ਨਹੀਂ ਕੀਤੀ ਜਾਵੇਗੀ ਅਤੇ ਮਾਮਲੇ ਦੀ ਦੋ ਦਿਨ ਵਿਚ ਦੁਬਾਰਾ ਕਾਨੂੰਨ ਮੁਤਾਬਿਕ ਨਿਰਪੱਖ ਜਾਂਚ ਕੀਤੀ ਜਾਵੇਗੀ। ਇਸ ਮਾਮਲੇ ਵਿਚ ਸੰਦੌੜ ਪੁਲਿਸ ਨੇ ਬੀਤੀ ਰਾਤ ਸਲੀਮ ਮੁਹੰਮਦ ਪੁੱਤਰ ਰਫੀਕ ਮੁਹੰਮਦ ਵਾਸੀ ਝੁਨੇਰ ਦੇ ਬਿਆਨਾਂ ਦੇ ਅਧਾਰ ’ਤੇ ਅਕਾਲੀ ਆਗੂ ਡਾ. ਜਗਤਾਰ ਸਿੰਘ ਝੁਨੇਰ, ਕਰਨਵੀਰ ਸਿੰਘ ਪੁੱਤਰ ਜਗਤਾਰ ਸਿੰਘ, ਰਵੀ ਸਿੰਘ, ਹਰਭਿੰਦਰ ਸਿੰਘ ਬਿੰਦੀ ਦੇ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਸਲੀਮ ਮੁਹੰਮਦ ਵਲੋਂ ਪੁਲਿਸ ਨੂੰ ਲਿਖਵਾਏ ਬਿਆਨਾਂ ਮੁਤਾਬਿਕ ਮਾਮਲੇ ਵਿਚ ਨਾਮਜਦ ਕੀਤੇ ਗਏ ਵਿਅਕਤੀਆਂ ਵਲੋਂ ਉਸਦੀ ਕੁੱਟਮਾਰ ਕੀਤੀ ਹੈ।