ਮਹਿਲ ਕਲਾਂ, 24 ਜਨਵਰੀ (ਅਵਤਾਰ ਸਿੰਘ ਅਣਖੀ)-ਪਾਵਰਕਾਮ 66 ਕੇ.ਵੀ. ਗਰਿੱਡ ਸਬ-ਸਟੇਸ਼ਨ ਠੁੱਲੀਵਾਲ (ਬਰਨਾਲਾ) ਵਿਖੇ ਬੀਤੀ ਰਾਤ ਉਸ ਵੇਲੇ ਕਹਿਰ ਵਰਤ ਗਿਆ ਜਦੋਂ ਬਿਜਲੀ ਸਪਲਾਈ ਬਹਾਲ ਕਰਨ ਦੀ ਕੋਸ਼ਿਸ਼ ਦੌਰਾਨ ਵਾਪਰੇ ਇਕ ਦਰਦਨਾਕ ਹਾਦਸੇ 'ਚ ਮਹਿਕਮੇ ਦੇ ਇਕ ਮੁਲਾਜ਼ਮ ਦੀ ਜਾਨ ਚਲੀ ਗਈ ਅਤੇ ਦੋ ਹੋਰ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਨ ਲਈ ਮਜਬੂਰ ਹੋ ਗਏ | ਪ੍ਰਾਪਤ ਵੇਰਵਿਆਂ ਅਨੁਸਾਰ, ਇਹ ਹਾਦਸਾ ਰਾਤ ਉਸ ਸਮੇਂ ਵਾਪਰਿਆ ਜਦੋਂ ਬਿਜਲੀ ਕਰਮਚਾਰੀ ਪਿੰਡ ਹਮੀਦੀ ਅਤੇ ਗੁਰਮ ਦੇ ਫੀਡਰ ਨੂੰ ਚਲਾਉਣ ਦੀ ਕਾਰਵਾਈ ਅਮਲ ਵਿਚ ਲਿਆ ਰਹੇ ਸਨ | ਇਸੇ ਦੌਰਾਨ ਅਚਾਨਕ ਜ਼ਬਰਦਸਤ ਕਰੰਟ ਆਉਣ ਕਾਰਨ ਮੌਜੂਦ ਤਿੰਨ ਮੁਲਾਜ਼ਮ ਬੁਰੀ ਤਰ੍ਹਾਂ ਇਸ ਦੀ ਲਪੇਟ ਵਿਚ ਆ ਗਏ | ਇਸ ਹਾਦਸੇ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮੀਟਰ ਰੀਡਰ ਮਲਕੀਤ ਸਿੰਘ (56) ਵਾਸੀ ਪਿੰਡ ਛੀਨੀਵਾਲ ਕਲਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ | ਉਹ ਪਿਛਲੇ ਲੰਬੇ ਸਮੇਂ ਤੋਂ ਸਬ-ਡਿਵੀਜ਼ਨ ਠੁੱਲੀਵਾਲ ਵਿਖੇ ਆਪਣੀਆਂ ਸੇਵਾਵਾਂ ਤਨਦੇਹੀ ਨਾਲ ਨਿਭਾ ਰਹੇ ਸਨ | ਇਸ ਘਟਨਾ ਵਿਚ ਉਨ੍ਹਾਂ ਦੇ ਨਾਲ ਮੌਜੂਦ ਸਾਥੀ ਕਰਮਚਾਰੀ ਚਮਕੌਰ ਸਿੰਘ (ਸੀ.ਐਚ.ਵੀ.) ਵਾਸੀ ਪਿੰਡ ਕੁਰੜ ਅਤੇ ਡਰਾਈਵਰ ਬੇਅੰਤ ਸਿੰਘ ਵਾਸੀ ਮਾਂਗੇਵਾਲ ਗੰਭੀਰ ਰੂਪ ਵਿਚ ਝੁਲਸ ਗਏ | ਸਾਥੀ ਮੁਲਾਜ਼ਮਾਂ ਵਲੋਂ ਤੁਰੰਤ ਜ਼ਖ਼ਮੀਆਂ ਨੂੰ ਡੀ.ਐਮ.ਸੀ. ਹਸਪਤਾਲ ਲੁਧਿਆਣਾ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੋਵਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ | ਮਿ੍ਤਕ ਮਲਕੀਤ ਸਿੰਘ ਛੀਨੀਵਾਲ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰਾਂ ਨੂੰ ਵਿਲਕਦਿਆਂ ਛੱਡ ਗਏ ਹਨ | ਦੋਵੇਂ ਬੇਟੇ ਰੋਜ਼ੀ-ਰੋਟੀ ਲਈ ਵਿਦੇਸ਼ ਵਿਚ ਵੱਸਦੇ ਹਨ, ਜਿਸ ਕਾਰਨ ਪਰਿਵਾਰ ਦਾ ਦੁੱਖ ਹੋਰ ਵੀ ਡੂੰਘਾ ਹੋ ਗਿਆ ਹੈ | ਇਸ ਦੁਖਦਾਈ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਬਿਜਲੀ ਵਿਭਾਗ ਦੇ ਆਲਾ ਅਧਿਕਾਰੀ ਅਤੇ ਮੁਹਤਬਰਾਂ ਨੇ ਪੁੱਜ ਕੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਵਿਭਾਗ ਵਲੋਂ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਟੈਕਨੀਕਲ ਸਰਵਿਸਿਜ਼ ਯੂਨੀਅਨ (ਰਜਿ:) ਸਰਕਲ ਬਰਨਾਲਾ ਦੇ ਪ੍ਰਧਾਨ ਸਤਿੰਦਰ ਪਾਲ ਸਿੰਘ ਜੱਸੜ, ਸਕੱਤਰ ਕੁਲਵੀਰ ਸਿੰਘ ਅÏਲਖ, ਸਬ ਡਿਵੀਜ਼ਨ ਠੁੱਲੀਵਾਲ ਦੇ ਐਸ.ਡੀ.ਓ. ਇੰਜੀਨੀਅਰ ਰਵੀ ਪ੍ਰਕਾਸ਼, ਸਰਪੰਚ ਪਰਮਜੀਤ ਕੌਰ ਠੁੱਲੀਵਾਲ, ਕਾਂਗਰਸੀ ਆਗੂ ਪਰਮਿੰਦਰ ਸ਼ੰਮੀ ਠੁੱਲੀਵਾਲ ਆਦਿ ਆਗੂਆਂ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |