ਤਪਾ ਮੰਡੀ, 7 ਮਾਰਚ (ਪ੍ਰਵੀਨ ਗਰਗ)-ਘਰੇਲੂ ਅਤੇ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਧਣ ਨਾਲ ਲੋਕਾਂ ਦੀ ਜੇਬ 'ਤੇ ਬੋਝ ਵੱਧ ਗਿਆ ਹੈ | ਕੇਂਦਰ ਸਰਕਾਰ ਵਲੋਂ ਸਿਲੰਡਰ ਕੀਮਤ ਵਧਾਉਣ ਨਾਲ ਹਰੇਕ ਘਰ ਦਾ ਚੁੱਲ੍ਹਾ ਮੱਧਮ ਪੈਂਦਾ ਨਜ਼ਰ ਆ ਰਿਹਾ ਹੈ | ਲੋਕ ਤਾਂ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ, ਹੁਣ ਸਿਲੰਡਰਾਂ ਦੀ ਕੀਮਤ ਵਧਣ ਨਾਲ ਆਮ ਤੇ ਮੱਧ ਵਰਗੀ ਪਰਿਵਾਰ ਦਾ ਲੱਕ ਤੋੜ ਦਿੱਤਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇਲਾਕੇ ਦੇ ਸਮਾਜ ਸੇਵੀ ਕੌਂਸਲਰ ਧਰਮਪਾਲ ਸ਼ਰਮਾ ਨੇ ਆਪਣੇ ਸਾਥੀਆਂ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ | ਉਨ੍ਹਾਂ ਕਿਹਾ ਕਿ ਇਹ ਗ਼ਰੀਬਾਂ ਦੀ ਜੇਬ 'ਤੇ ਡਾਕਾ ਹੈ, ਜਿਸ ਨਾਲ ਗ਼ਰੀਬ ਪਰਿਵਾਰ ਜੋ ਰੋਜ਼ੀ ਕਮਾ ਕੇ ਰੋਜ਼ ਖਾਂਦੇ ਹਨ, ਲਈ ਮੁਸ਼ਕਲ ਵੱਧ ਗਈ ਹੈ | ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਸਰਕਾਰ ਮੱਧ ਵਰਗੀ ਪਰਿਵਾਰਾਂ 'ਤੇ ਦਿਨ ਪ੍ਰਤੀ ਦਿਨ ਬੋਝ ਵਧਾ ਰਹੀ ਹੈ | ਉਨ੍ਹਾਂ ਕੇਂਦਰ ਸਰਕਾਰ ਨੂੰ ਵਧੀ ਕੀਮਤ ਵਾਪਸ ਲੈਣ ਦੀ ਅਪੀਲ ਕੀਤੀ | ਦੱਸ ਦੇਈਏ ਕਿ ਲਗਭਗ ਇਕ ਸਾਲ ਦੇ ਵਕਫ਼ੇ ਤੋਂ ਬਾਅਦ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿਚ 60 ਰੁਪਏ ਦਾ ਵਾਧਾ ਕੀਤਾ ਗਿਆ ਹੈ | ਇਸ ਦੇ ਨਾਲ ਹੀ 19 ਕਿੱਲੋ ਵਾਲੇ ਕਮਰਸ਼ੀਅਲ ਸਿਲੰਡਰ ਦੇ ਦਾਮ 115 ਰੁਪਏ ਵਧ ਗਏ ਹਨ | ਭਾਰਤ ਵਿਚ ਐਲ.ਪੀ.ਜੀ. ਦੇ ਸੀਮਤ ਭੰਡਾਰ ਨੂੰ ਦੇਖਦੇ ਹੋਏ ਸਰਕਾਰ ਨੇ ਤੇਲ ਕੰਪਨੀਆਂ ਨੂੰ ਉਤਪਾਦਨ ਵਧਾਉਣ ਦੇ ਨਿਰਦੇਸ਼ ਵੀ ਦਿੱਤੇ ਹਨ | ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਿਲੰਡਰਾਂ ਦੀਆਂ ਵਧੀਆ ਹੋਈਆਂ ਕੀਮਤਾਂ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲਿਆ ਜਾਵੇ | ਇਸ ਮੌਕੇ ਲੱਕੀ ਭੱਟਾ, ਨਰਿੰਦਰ ਕੁਮਾਰ ਨਿੰਦੀ, ਪ੍ਰੀਤਮ ਸਿੰਘ, ਡਾ: ਭੋਲਾ ਆਦਿ ਮੌਜੂਦ ਸਨ |