ਭਦੌੜ, 13 ਅਪ੍ਰੈਲ (ਰਜਿੰਦਰ ਬੱਤਾ, ਵਿਨੋਦ ਕਲਸੀ)-ਇੱਥੋਂ ਦੇ ਬਰਨਾਲਾ ਰੋਡ ਉਪਰ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਕੋਲ ਸੜਕ ਵਿਚਕਾਰ ਬਣੇ ਵੱਡੇ-ਵੱਡੇ ਖੱਡੇ ਲੋਕਾਂ ਲਈ ਜਾਨ ਦਾ ਖੌਅ ਬਣ ਚੁੱਕੇ ਹਨ | ਰੋਜ਼ਾਨਾ ਇੱਥੇ ਵਾਹਨ ਨੁਕਸਾਨੇ ਜਾਂਦੇ ਹਨ ਜਾਂ ਖੱਡਿਆਂ ਤੋਂ ਅਣਜਾਣ ਲੋਕਾਂ ਦੇ ਵਾਹਨ ਡਿੱਗਣ ਕਾਰਨ ਉਨ੍ਹਾਂ ਭਾਰੀ ਨੁਕਸਾਨ ਹੋ ਰਿਹਾ ਹੈ ਪਰ ਵਿਕਾਸ ਦੀਆਂ ਟਾਹਰਾਂ ਮਾਰਦੀ ਸਰਕਾਰ ਪੂਰੀ ਤਰ੍ਹਾਂ ਬੇਖ਼ਬਰ ਜਾਪ ਰਹੀ ਹੈ | ਸਰਪੰਚ ਗੁਰਜੰਟ ਸਿੰਘ ਕਾਲਾ ਜੈਦ, ਕ੍ਰਾਂਤੀ ਯੂਥ ਕਲੱਬ ਦੇ ਆਗੂ ਅਮਰਜੀਤ ਸਿੰਘ ਜੀਤਾ, ਕਾਂਗਰਸ ਦੇ ਸਾਬਕਾ ਬਲਾਕ ਪ੍ਰਧਾਨ ਰਾਜਬੀਰ ਸਿੰਗਲਾ ਅਤੇ ਸੀਨੀ. ਅਕਾਲੀ ਆਗੂ ਬਲਵਿੰਦਰ ਸਿੰਘ ਲਧਰੋਈਆ ਨੇ ਦੱਸਿਆ ਕਿ ਭਦੌੜ ਵੜਦਿਆਂ ਬਰਨਾਲਾ ਰੋਡ ਅਤੇ ਬਾਜਾਖਾਨਾ ਰੋਡ 'ਤੇ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੜਕ ਪਿਛਲੇ ਢਾਈ ਤਿੰਨ ਸਾਲ ਤੋਂ ਟੁੱਟੀ ਪਈ ਹੈ | ਇਨ੍ਹਾਂ ਦੋਵਾਂ ਸੜਕਾਂ ਦੇ ਵਿਚਕਾਰ ਬਣੇ ਟੋਏ ਰੋਜ਼ਾਨਾ ਹਾਦਸਿਆਂ ਦਾ ਕਾਰਨ ਬਣਦੇ ਹਨ | ਮੀਂਹ ਪੈਣ ਤੋਂ ਬਾਅਦ ਸੜਕ ਪੂਰੀ ਤਰ੍ਹਾਂ ਪਾਣੀ ਨਾਲ ਘਿਰ ਜਾਂਦੀ ਹੈ | ਜਿਸ ਕਾਰਨ ਆਮ ਵਹੀਕਲ ਨੂੰ ਇੱਥੋਂ ਦੀ ਲੰਘਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ | ਰਾਤ ਸਮੇਂ ਇਸ ਸੜਕ ਤੋਂ ਉਪਰ ਚੱਲਣਾ ਖ਼ਤਰੇ ਤੋਂ ਖ਼ਾਲੀ ਨਹੀਂ ਜਿਸ ਦੀ ਮਿਸਾਲ ਬੀਤੀ ਰਾਤ ਇਹ ਤੂੜੀ ਦੀ ਭਰੀ ਟਰਾਲੀ ਸਾਡੇ ਸਾਹਮਣੇ ਹੈ ਜਿੱਥੇ ਵਾਹਨ ਦਾ ਭਾਰੀ ਨੁਕਸਾਨ ਹੋਇਆ ਉੱਥੇ ਹੋਰ ਹੈਵੀ ਵਹੀਕਲਾਂ ਨੂੰ ਜਿਹੜੀ ਲੰਘਣ ਵਿਚ ਪ੍ਰੇਸ਼ਾਨ ਹੁੰਦੀ ਹੈ ਉਹ ਵੱਖਰੀ ਹੈ | ਹੈਰਾਨੀ ਦੀ ਗੱਲ ਹੈ ਕਿ ਕਈ ਮਹੀਨੇ ਲੰਘ ਜਾਣ ਮਗਰੋਂ ਵੀ ਪ੍ਰਸ਼ਾਸਨ ਨੇ ਇਸ ਸੜਕ ਦੀ ਸਾਰ ਤਾਂ ਕੀ ਲੈਣੀ ਸੀ ਸਗੋਂ ਖੱਡੇ ਭਰਨੇ ਵੀ ਮੁਨਾਸਬ ਨਾ ਸਮਝੇ | ਉਨ੍ਹਾਂ ਇਹ ਵੀ ਕਿਹਾ ਕਿ ਆਪ ਸਰਕਾਰ ਦੇ ਭਦੌੜ ਦੇ ਆਗੂ ਵਿਕਾਸ ਕਾਰਜਾਂ ਦੀਆਂ ਟਾਹਰਾਂ ਮਾਰਦੇ ਨਹੀਂ ਧੱਕਦੇ ਪਰ ਇਸ ਸੜਕ ਵੱਲ ਕਿਸੇ ਦੀ ਸਵੱਲੀ ਨਜ਼ਰ ਨਹੀਂ ਪਈ |