ਤਪਾ ਮੰਡੀ, 18 ਅਪ੍ਰੈਲ (ਪ੍ਰਵੀਨ ਗਰਗ)-ਪਹਿਲੇ ਐੱਸ.ਡਬਲਯੂ.ਜੀ. ਸ਼ੂਟਿੰਗ ਟੂਰਨਾਮੈਂਟ ਵਿਚ ਵਰਮਾ ਸ਼ੂਟਿੰਗ ਅਕੈਡਮੀ, ਤਪਾ ਦੇ ਖਿਡਾਰੀਆਂ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਕਈ ਤਗਮੇ ਜਿੱਤੇ | ਇਹ ਮੁਕਾਬਲੇ ਮਾਨਸਾ ਵਿਖੇ ਕਰਵਾਏ ਗਏ | ਅਕੈਡਮੀ ਦੇ ਖਿਡਾਰੀਆਂ ਨੇ ਵੱਖ-ਵੱਖ ਸ਼੍ਰੇਣੀਆਂ ਵਿਚ ਸ਼ਾਨਦਾਰ ਨਿਸ਼ਾਨੇਬਾਜ਼ੀ ਦਿਖਾਈ ਅਤੇ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਆਪਣੇ ਨਾਂਅ ਕੀਤੇ | ਇਸ ਉਪਲਬਧੀ ਨਾਲ ਅਕੈਡਮੀ ਦੇ ਨਾਲ-ਨਾਲ ਪੂਰੇ ਇਲਾਕੇ ਦਾ ਨਾਮ ਰੌਸ਼ਨ ਹੋਇਆ ਹੈ | ਅਕੈਡਮੀ ਦੇ ਕੋਚ ਰਵਿੰਦਰ ਸਿੰਘ ਅਤੇ ਪ੍ਰਬੰਧਕ ਜਸਵਿੰਦਰ ਸਿੰਘ ਜੱਸੀ ਨੇ ਦੱਸਿਆ ਕਿ ਬਲਵਿੰਦਰ ਸਿੰਘ ਬਿੱਟੂ ਅਤੇ ਜਯਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨੇ ਦਾ ਤਗਮਾ ਹਾਸਲ ਕੀਤਾ, ਜਦਕਿ ਜੈਸਮੀਨ ਕੌਰ ਅਤੇ ਮਹਿਕਪ੍ਰੀਤ ਕੌਰ ਨੇ ਵਧੀਆ ਨਿਸ਼ਾਨੇਬਾਜ਼ੀ ਕਰ ਕੇ ਚਾਂਦੀ ਦਾ ਤਗਮਾ ਅਤੇ ਭੂਮੀ ਤੇ ਸਾਹਿਲ ਗੁਪਤਾ ਨੇ ਕਾਂਸੀ ਦਾ ਤਗਮਾ ਜਿੱਤ ਕੇ ਅਕੈਡਮੀ ਦਾ ਮਾਣ ਵਧਾਇਆ | ਇਸ ਤੋਂ ਇਲਾਵਾ ਐਨ.ਆਰ. ਸਬ ਯੂਥ ਮੇਨ ਟੀਮ ਈਵੈਂਟ ਵਿਚ ਇਸ਼ਮੀਤ ਸਿੰਘ, ਗੁਰਫ਼ਤਿਹ ਸਿੰਘ ਅਤੇ ਖਮੀਸ਼ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨੇ ਦਾ ਤਗਮਾ ਜਿੱਤਿਆ | ਅਕੈਡਮੀ ਦੇ ਪ੍ਰਬੰਧਕਾਂ ਨੇ ਖਿਡਾਰੀਆਂ ਦੀ ਇਸ ਉਪਲਬਧੀ 'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ | ਇਹ ਸਫਲਤਾ ਦਰਸਾਉਂਦੀ ਹੈ ਕਿ ਵਰਮਾ ਸ਼ੂਟਿੰਗ ਅਕੈਡਮੀ ਨਿਰੰਤਰ ਕਾਬਲ ਖਿਡਾਰੀ ਤਿਆਰ ਕਰ ਰਹੀ ਹੈ ਅਤੇ ਅੱਗੇ ਵੀ ਇਸੇ ਤਰ੍ਹਾਂ ਆਪਣੀ ਉਪਲਬਧੀਆਂ ਨਾਲ ਇਲਾਕੇ ਦਾ ਨਾਮ ਰੌਸ਼ਨ ਕਰਦੇ ਰਹਿਣਗੇ |