ਬਰਨਾਲਾ, 27 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਅਕਾਲੀ ਦਲ (ਵਾਰਿਸ ਪੰਜਾਬ ਦੇ) ਸੀਨੀਅਰ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਅਤੇ ਹਲਕਾ ਬਰਨਾਲਾ ਦੇ ਇੰਚਾਰਜ ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਦਾ ਅਧਾਰ ਸੂਬੇ ਭਰ ਵਿਚ ਬੜੀ ਤੇਜ਼ੀ ਨਾਲ ਵਧ ਰਿਹਾ ਹੈ | ਜਿਸ ਕਰ ਕੇ ਹਰੇਕ ਵਰਗ ਸਾਡੇ ਨਾਲ ਜੁੜ ਰਿਹਾ ਹੈ | ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ 4-4 ਆਗੂਆਂ ਵਲੋਂ ਗੱਲਬਾਤ ਸ਼ੁਰੂ ਕੀਤੀ ਗਈ ਹੈ ਪਰ ਦਿੱਲੀ ਦੇ ਦਲਾਲਾਂ ਨਾਲ, ਗੁਰੂ ਦੀ ਬੇਅਦਬੀ ਕਰਨ, ਕਰਵਾਉਣ ਅਤੇ ਬਚਾਉਣ ਵਾਲਿਆਂ ਨਾਲ ਸਾਡੀ ਏਕਤਾ ਨਹੀਂ ਹੋਵੇਗੀ | ਸਾਡੀ ਏਕਤਾ ਸਿਧਾਂਤਾਂ ਨਾਲ ਹੋਵੇਗੀ | ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਜਲਦੀ ਹੀ ਇਸਤਰੀ ਵਿੰਗ ਅਤੇ ਯੂਥ ਵਿੰਗ ਦਾ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ | ਐਡਵੋਕੇਟ ਗਿੰਦੀ ਵਲੋਂ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜ਼ਿਲ੍ਹਾ ਪ੍ਰਧਾਨ ਮਾਲੇਰਕੋਟਲਾ ਬਲਜਿੰਦਰ ਸਿੰਘ ਲਸੋਈ ਅਤੇ ਕਸ਼ਮੀਰ ਸਿੰਘ ਨਮਾਦਾ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪੂਰਨ ਸਿੰਘ ਗੰਡੇਵਾਲਾ ਬਲਾਕ ਪ੍ਰਧਾਨ, ਬੇਅੰਤ ਸਿੰਘ ਗੰਡੇਵਾਲਾ, ਜਥੇਦਾਰ ਤਾਰਾ ਸਿੰਘ, ਜਥੇਦਾਰ ਬਾਬੂ ਸਿੰਘ, ਰਮਨਦੀਪ ਸਿੰਘ, ਮਾਨ ਸਿੰਘ ਗੰਡੇਵਾਲਾ ਆਦਿ ਹਾਜ਼ਰ ਸਨ |