ਬਰਨਾਲਾ, 8 ਮਈ (ਗੁਰਪ੍ਰੀਤ ਸਿੰਘ ਲਾਡੀ)-ਬਰਨਾਲਾ ਰੇਲਵੇ ਸਟੇਸ਼ਨ ਵਿਖੇ ਸਬ-ਇੰਸਪੈਕਟਰ ਗਗਨਦੀਪ ਸਿੰਘ ਨੇ ਆਰ.ਪੀ.ਐਫ. ਚੌਕੀ ਬਰਨਾਲਾ ਦੇ ਇੰਚਾਰਜ ਵਜੋਂ ਅਹੁਦਾ ਸੰਭਾਲ ਕੇ ਕੰਮਕਾਜ ਸ਼ੁਰੂ ਕਰ ਦਿੱਤਾ ਹੈ | ਇਸ ਮੌਕੇ ਗੱਲਬਾਤ ਕਰਦੇ ਹੋਏ ਸਬ-ਇੰਸਪੈਕਟਰ ਗਗਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਰੇਲਵੇ ਦੀ ਜਾਇਦਾਦ ਅਤੇ ਜਨਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ | ਉਨ੍ਹਾਂ ਦੱਸਿਆ ਕਿ ਰੇਲ ਗੱਡੀਆਂ ਵਿਚ ਗੈਰ-ਕਾਨੂੰਨੀ ਗਤੀਵਿਧੀਆਂ ਤੇ ਅਪਰਾਧਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣਗੇ | ਰੇਲ ਗੱਡੀਆਂ ਵਿਚ ਗੈਰ-ਕਾਨੂੰਨੀ ਵੈਡਿੰਗ ਕਰਨ ਵਾਲੇ ਵੈਂਡਰਾਂ ਦੇ ਨਾਲ-ਨਾਲ ਚੇਨ-ਪੁਲਿੰਗ ਅਤੇ ਚੋਰੀ ਵਿਚ ਸ਼ਾਮਿਲ ਸਮਾਜ ਵਿਰੋਧੀ ਤੱਤਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ | ਉਨ੍ਹਾਂ ਸ਼ਹਿਰ ਵਾਸੀਆਂ ਤੋਂ ਪੂਰਨ ਸਹਿਯੋਗ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਵਾਹਨ ਰੇਲਵੇ ਪਰਿਸਰ ਵਿਚ ਪਾਰਕ ਨਾ ਕਰਨ, ਵਾਹਨ ਸਿਰਫ਼ ਨਿਰਧਾਰਤ ਰੇਲਵੇ ਪਾਰਕਿੰਗ ਵਿਚ ਹੀ ਪਾਰਕ ਕੀਤੇ ਜਾਣ ਤਾਂ ਜੋ ਰੇਲਵੇ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ | ਵਰਨਣਯੋਗ ਹੈ ਕਿ ਸਬ-ਇੰਸਪੈਕਟਰ ਗਗਨਦੀਪ ਸਿੰਘ ਇਸ ਤੋਂ ਪਹਿਲਾਂ ਪਟਿਆਲਾ, ਲੁਧਿਆਣਾ ਅਤੇ ਢੰਡਾਰੀ ਕਲਾਂ ਵਿਖੇ ਆਪਣੀ ਡਿਊਟੀ ਨਿਭਾਅ ਚੁੱਕੇ ਹਨ |