ਤਪਾ ਮੰਡੀ, 8 ਮਈ (ਵਿਜੇ ਸ਼ਰਮਾ)-ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵਲੋਂ ਪੂਰੇ ਪੰਜਾਬ ਅੰਦਰ ਸ਼ੁਕਰਾਨਾ ਯਾਤਰਾ ਕੱਢੀ ਜਾ ਰਹੀ ਹੈ | ਇਸ ਯਾਤਰਾ ਤੋਂ ਪਹਿਲਾਂ ਹੀ ਬੇਰੁਜ਼ਗਾਰ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੂੰ ਪੁਲਿਸ ਵਲੋਂ ਹਿਰਾਸਤ ਵਿਚ ਲਿਆ ਗਿਆ ਹੈ ਤਾਂ ਜੋ ਸੂਬੇ ਦੇ ਮੁੱਖ ਮੰਤਰੀ ਨੂੰ ਬੇਰੁਜ਼ਗਾਰ ਆਗੂ ਸਵਾਲ ਨਾ ਕਰ ਸਕਣ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੀ ਪਤਨੀ ਸ੍ਰੀਮਤੀ ਜਗਜੀਤ ਕੌਰ ਢਿੱਲਵਾਂ ਨੇ ਦੱਸਿਆ ਕਿ ਮੇਰੇ ਪਤੀ ਸੁਖਵਿੰਦਰ ਸਿੰਘ ਢਿੱਲਵਾਂ ਜੋ ਬੇਰੁਜ਼ਗਾਰ ਯੂਨੀਅਨ ਆਗੂ ਵਜੋਂ ਚੱਲ ਰਹੇ ਸੰਗਰੂਰ ਮੋਰਚੇ ਤੋਂ ਵਾਪਸ ਪਿੰਡ ਢਿੱਲਵਾਂ ਆ ਰਹੇ ਸਨ ਕਿ ਰਸਤੇ ਵਿਚ ਹੀ ਉਨ੍ਹਾਂ ਨੂੰ ਪੁਲਿਸ ਵਲੋਂ ਹਿਰਾਸਤ ਵਿਚ ਲੈ ਲਿਆ ਗਿਆ ਹੈ ਕਿਉਂਕਿ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਸਾਥੀ ਬੇਰੁਜ਼ਗਾਰਾਂ ਵਲੋਂ ਪਿਛਲੇ ਲੰਮੇ ਸਮੇਂ ਤੋਂ ਬੇਰੁਜ਼ਗਾਰਾਂ ਲਈ ਸੰਘਰਸ਼ ਕਰਦੇ ਆ ਰਹੇ ਹਨ | ਉਨ੍ਹਾਂ ਕਿਹਾ ਕਿ ਜਦੋਂ ਇਸ ਸਬੰਧੀ ਪੁਲਿਸ ਨਾਲ ਗੱਲ ਕਰਦੇ ਹਾਂ ਤਾਂ ਪੁਲਿਸ ਵਾਲੇ ਕਿਤੇ ਕਹਿ ਦਿੰਦੇ ਹਨ ਤਪਾ ਪੁਲਿਸ ਥਾਣੇ ਵਿਚ ਹੈ ਅਤੇ ਕਿਤੇ ਕਹਿ ਦਿੰਦੇ ਨੇ ਬਰਨਾਲੇ ਥਾਣੇ ਵਿਚ ਜਾਂ ਚੀਮੇ ਭੇਜ ਦਿੱਤਾ ਗਿਆ ਹੈ | ਪੁਲਿਸ ਵਲੋਂ ਸਾਨੂੰ ਕੋਈ ਸੰਤੁਸ਼ਟ ਜਵਾਬ ਨਹੀਂ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਇਸ ਸਬੰਧੀ ਜੋ ਵੀ ਫ਼ੈਸਲਾ ਕਰਨਾ ਉਹ ਜਥੇਬੰਦੀ ਵਲੋਂ ਕੀਤਾ ਜਾਵੇਗਾ |