ਭਦੌੜ, 24 ਮਈ (ਵਿਨੋਦ ਕਲਸੀ, ਰਜਿੰਦਰ ਬੱਤਾ)-ਨਗਰ ਕੌਂਸਲ ਚੋਣਾਂ ਦੌਰਾਨ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਵਾਰਡ ਨੰ: 2 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਜੱਗੀ ਪ੍ਰਧਾਨ ਟਰੱਕ ਯੂਨੀਅਨ ਭਦੌੜ ਅਤੇ ਵਾਰਡ ਨੰ: 5 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਹਰਮਨਜੀਤ ਕੌਰ ਪਤਨੀ ਜਗਦੀਪ ਸਿੰਘ ਜੱਗੀ ਅਤੇ ਵਾਰਡ ਨੰ: 4 ਤੋਂ ਜੱਗਾ ਸਿੰਘ ਅਤੇ ਹੋਰ ਬਾਕੀ ਵਾਰਡਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਹੱਕ ਵਿਚ ਡੋਰ ਟੂ ਡੋਰ ਮੁਹਿੰਮ ਦੌਰਾਨ ਵਰਕਰਾਂ ਅਤੇ ਸਮਰਥਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ | ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਲੋਕਾਂ ਦੀ ਆਵਾਜ਼ ਨੂੰ ਮਜ਼ਬੂਤ ਬਣਾਉਣ ਲਈ ਵੱਧ ਤੋਂ ਵੱਧ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣਾ ਸਮੇਂ ਦੀ ਲੋੜ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਹੀ ਵਿਕਾਸ ਦੇ ਕੰਮ ਤੇਜ਼ੀ ਨਾਲ ਅੱਗੇ ਵੱਧ ਸਕਦੇ ਹਨ ਅਤੇ ਇਲਾਕੇ ਦੀ ਤਰੱਕੀ ਯਕੀਨੀ ਬਣਾਈ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦਰਜ ਕਰਾ ਕੇ ਜਗਦੀਪ ਸਿੰਘ ਜੱਗੀ ਪ੍ਰਧਾਨ ਬਣਾਇਆ ਜਾਵੇਗਾ | ਇਸ ਮੌਕੇ ਅਮਨਦੀਪ ਸਿੰਘ ਦੀਪਾ, ਅਮਰਜੀਤ ਸਿੰਘ ਮੀਕਾ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਗਰੇਵਾਲ, ਹਰਪ੍ਰੀਤ ਸਿੰਘ ਝੋਟਾ, ਸਤੀਸ਼ ਕਲਸੀ ਆਦਿ ਹਾਜ਼ਰ ਸਨ |