ਧਨੌਲਾ, 24 ਮਈ (ਜਤਿੰਦਰ ਸਿੰਘ ਧਨੌਲਾ)- ਜੇ ਵਿਹੜਿਆਂ 'ਚ ਚਾਨਣ ਚਾਹੁੰਦੇ ਹੋ ਤਾਂ ਮੋਹਰ ਝਾੜੂ ਦੇ ਨਿਸ਼ਾਨ 'ਤੇ ਲਾਇਓ | ਝਾੜੂ ਤੋਂ ਹਟ ਕੇ ਮੋਹਰਾਂ ਲਾ ਬੈਠੇ ਤਾਂ ਮੁੜ ਕੇ ਵਰਿ੍ਹਆਂ ਤੱਕ ਬੇਬਸੀਆਂ ਦਾ ਸੇਕ ਸਹਿਣਾ ਪਊ | ਇਹ ਪ੍ਰਗਟਾਵਾ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਵਾਰਡ ਨੰਬਰ 8 ਧਨੌਲਾ ਤੋਂ ਉਮੀਦਵਾਰ ਜਗਜੀਤ ਸਿੰਘ ਸੈਣਾ, ਵਾਰਡ ਨੰਬਰ 9 ਤੋਂ ਉਮੀਦਵਾਰ ਰੋਮਾਂ ਦੀਕਸ਼ਿਤ ਅਤੇ ਵਾਰਡ ਨੰਬਰ-10 ਤੋਂ ਉਮੀਦਵਾਰ ਜਸਵਿੰਦਰ ਕੌਰ ਦੇ ਹੱਕ 'ਚ ਕੀਤੀ ਗਈ ਚੋਣ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਆਖਿਆ ਕਿ ਜਿੰਨੇ ਕੰਮ ਭਗਵੰਤ ਮਾਨ ਦੀ ਸਰਕਾਰ ਨੇ ਕੀਤੇ, ਉਨ੍ਹਾਂ ਦਾ ਸਫ਼ੇਦ ਪੇਪਰ ਲੈ ਕੇ ਅਨੁਪਾਤ ਅਪਣਾਓ, ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਕਾਰਜਕਾਲ ਦੌਰਾਨ ਹੋਏ ਕੰਮਾਂ ਦਾ ਅਨੁਪਾਤ ਬਣਾਓ | ਜੇ ਆਮ ਆਦਮੀ ਪਾਰਟੀ ਨੇ 10 ਗੁਣਾ ਵੱਧ ਗਰਾਂਟਾਂ ਲਿਆਂਦੀਆਂ ਹੋਣ ਅਤੇ ਹਰ ਨਾਗਰਿਕ ਨੂੰ ਰਾਹਤ ਪਹੁੰਚਾਈ ਹੋਵੇ ਤਾਂ ਵੋਟਾਂ ਝਾੜੂ ਦੇ ਨਿਸ਼ਾਨ ਲਈ ਉਮਰ ਭਰ ਲਈ ਪੱਕੀਆਂ ਕਰ ਦਿਓ | ਮੀਤ ਹੇਅਰ ਨੇ ਆਖਿਆ ਕਿ ਮੈਂ ਹਰਿੰਦਰ ਦੀ ਚੋਣ ਮੌਕੇ ਵੀ ਲੋਕਾਂ ਨੂੰ ਅਗਾਹ ਕੀਤਾ | ਪਰ ਲੋਕ ਗ਼ਲਤੀ ਕਰ ਬੈਠੇ | ਅੱਜ ਕਾਲੇ ਢਿੱਲੋਂ ਦੇ ਦਫ਼ਤਰ ਕੰਮ ਲਈ ਕੋਈ ਨਹੀਂ ਜਾਂਦਾ ਕਿਉਂਕਿ ਕੰਮ ਹੁੰਦਾ ਹੀ ਨਹੀਂ | ਜਦਕਿ ਹਰਿੰਦਰ ਧਾਲੀਵਾਲ ਦੇ ਬਾਰ ਅੱਗੇ ਮੇਲੇ ਲੱਗੇ ਰਹਿੰਦੇ ਹਨ ਕਿਉਂਕਿ ਕੰਮ ਧੜਾਧੜ ਕੀਤੇ ਜਾ ਰਹੇ ਹਨ | ਉਨ੍ਹਾਂ ਆਖਿਆ ਕਿ ਧਨੌਲੇ ਅੰਦਰ 25 ਕਰੋੜ ਰੁਪਿਆ ਪਹਿਲੀ ਵਾਰ ਆਇਆ ਸੀ | ਅੱਗੇ ਤੋਂ ਤਦ ਹੀ ਆ ਸਕਦਾ ਹੈ ਜੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਨਗਰ ਕੌਂਸਲ ਤੱਕ ਪੁੱਜਣ ਦੇ ਕਾਬਲ ਬਣਾਵਾਂਗੇ | ਇਸ ਮੌਕੇ ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਸ਼ਨਦੀਪ ਸਿੰਘ, ਭਾਈ ਗੁਰਨਾਮ ਸਿੰਘ ਵਾਹਿਗੁਰੂ, ਜਸਵੰਤ ਸਿੰਘ ਸਰਪੰਚ, ਰਜਿੰਦਰ ਪਾਲ ਸਿੰਘ ਰਾਜ਼ੀ ਠੇਕੇਦਾਰ ਉਚੇਚੇ ਤੌਰ 'ਤੇ ਹਾਜ਼ਰ ਸਨ | ਮੀਤ ਹੇਅਰ ਵਲੋਂ ਤਿੰਨੇ ਉਮੀਦਵਾਰਾਂ ਨੂੰ ਵੱਡੀ ਲੀਡ ਨਾਲ ਜਿਤਾ ਕੇ ਭੇਜਣ ਦੀ ਇੱਕ ਵਾਰ ਫਿਰ ਗੁਹਾਰ ਲਾਉਂਦਿਆਂ, ਤਿੰਨਾਂ ਉਮੀਦਵਾਰਾਂ ਨੂੰ ਸਿਰਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ |