ਬਰਨਾਲਾ, 12 ਜੁਲਾਈ (ਗੁਰਪ੍ਰੀਤ ਸਿੰਘ ਲਾਡੀ, ਨਰਿੰਦਰ ਅਰੋੜਾ)-ਸੱਤਾਧਾਰੀ ਆਮ ਆਦਮੀ ਪਾਰਟੀ ਵਲੋਂ ਹਲਕਾ ਬਰਨਾਲਾ ਵਿਚ ਵਿਕਾਸ ਕਾਰਜਾਂ ਦੇ ਵੱਡੇ-ਵੱਡੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਹਕੀਕਤ ਇਸ ਤੋਂ ਉਲਟ ਹੈ। ਦੱਸਣਯੋਗ ਹੈ ਕਿ ਬਰਨਾਲਾ ਅਤੇ ਇਸ ਦੇ ਆਲੇ-ਦੁਆਲੇ ਦੇ ਪਿੰਡਾਂ ਨੂੰ ਜੋੜਨ ਵਾਲੀਆਂ ਬਹੁਤ ਸਾਰੀਆਂ ਲਿੰਕ ਸੜਕਾਂ ’ਤੇ ਵੱਡੇ-ਵੱਡੇ ਖੱਡੇ ਪੈ ਚੁੱਕੇ ਹਨ। ਬਾਰਿਸ਼ ਦੇ ਦਿਨਾਂ ਵਿਚ ਇਨ੍ਹਾਂ ਖੱਡਿਆਂ ’ਚ ਪਾਣੀ ਭਰ ਜਾਣ ਕਾਰਨ ਸੜਕਾਂ ਛੱਪੜਾਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ, ਜਿਸ ਨਾਲ ਦੋ-ਪਹੀਆ ਵਾਹਨ ਚਾਲਕਾਂ ਦੇ ਡਿੱਗਣ ਅਤੇ ਸੱਟਾਂ ਲੱਗਣ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਅਜਿਹੀਆਂ ਸੜਕਾਂ ਦੀ ਮੁਰੰਮਤ ਜਾਂ ਨਵੀਂ ਉਸਾਰੀ ਲਈ ਸੱਤਾਧਾਰੀ ਧਿਰ ਦੇ ਆਗੂਆਂ ਵਲੋਂ ਨੀਂਹ ਪੱਥਰ ਤਾਂ ਬੜੀ ਧੂਮਧਾਮ ਨਾਲ ਰੱਖ ਦਿੱਤੇ ਜਾਂਦੇ ਹਨ, ਪਰ ਉਸ ਤੋਂ ਬਾਅਦ ਸੜਕਾਂ ਦਾ ਕੰਮ ਸ਼ੁਰੂ ਹੋਣ ਜਾਂ ਨਾ ਸ਼ੁਰੂ ਹੋਣ ਦੀ ਸਾਰ ਲੈਣਾ ਮੁਨਾਸਿਬ ਨਹੀਂ ਸਮਝਿਆ ਜਾਂਦਾ। ਪ੍ਰਾਪਤ ਜਾਣਕਾਰੀ ਅਨੁਸਾਰ ਮਿਤੀ 24 ਫਰਵਰੀ 2026 ਨੂੰ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਹਲਕੇ ਦੀਆਂ ਕਈ ਮੁੱਖ ਲਿੰਕ ਸੜਕਾਂ ਦੀ ਨਵੀਂ ਉਸਾਰੀ ਅਤੇ ਮੁਰੰਮਤ ਲਈ ਨੀਂਹ ਪੱਥਰ ਰੱਖੇ ਗਏ ਸਨ। ਉਸ ਸਮੇਂ ਲੋਕਾਂ ਨੂੰ ਉਮੀਦ ਜਾਗੀ ਸੀ ਕਿ ਸ਼ਾਇਦ ਹੁਣ ਉਨ੍ਹਾਂ ਨੂੰ ਟੁੱਟੀਆਂ ਸੜਕਾਂ ਦੇ ਨਰਕ ਤੋਂ ਮੁਕਤੀ ਮਿਲੇਗੀ। ਲੇਕਿਨ ਇਨ੍ਹਾਂ ਨੀਂਹ ਪੱਥਰਾਂ ਨੂੰ ਰੱਖਿਆਂ ਪੰਜ ਮਹੀਨਿਆਂ ਦੇ ਲਗਭਗ ਸਮਾਂ ਬੀਤ ਚੁੱਕਾ ਹੈ ਅਤੇ ਅਜੇ ਤੱਕ ਕੰਮ ਸ਼ੁਰੂ ਨਹੀਂ ਹੋ ਸਕਿਆ। ਜਿਸ ਕਾਰਨ ਇਹ ਨੀਂਹ ਪੱਥਰ ਹੁਣ ਸਿਰਫ਼ ਸਿਆਸੀ ਪ੍ਰਦਰਸ਼ਨ ਦਾ ਹਿੱਸਾ ਬਣ ਕੇ ਰਹਿ ਗਏ ਹਨ ਅਤੇ ਇਨ੍ਹਾਂ ਨੂੰ ਦੇਖ ਕੇ ਲੰਘਣ ਵਾਲੇ ਰਾਹਗੀਰ ਤੇ ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂ ਸਰਕਾਰ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਰਹੇ ਹਨ। ਐਮ.ਪੀ. ਮੀਤ ਹੇਅਰ ਵਲੋਂ ਨੀਂਹ ਪੱਥਰ ਰੱਖਣ ਵਾਲੀਆਂ ਸੜਕਾਂ ਵਿਚ 680 ਲੱਖ ਦੀ ਲਾਗਤ ਨਾਲ ਪਿੰਡ ਫਰਵਾਹੀ ਵਿਚ ਬਰਨਾਲਾ-ਧਨੌਲਾ ਰੋਡ ਤੋਂ ਫਰਵਾਹੀ ਸੇਖਾ ਬਸਤੀ ਤੱਕ 7.48 ਕਿੱਲੋਮੀਟਰ ਸੜਕ ਦਾ ਨਵੀਨੀਕਰਨ, 168 ਲੱਖ ਦੀ ਲਾਗਤ ਨਾਲ ਲਿੰਕ ਸੜਕ ਫਰਵਾਹੀ-ਸੇਖਾ ਰੋਡ ਤੋਂ ਕੋਠੇ ਝੱਬਰਾਂ ਵਾਲੇ ਤੱਕ 2 ਕਿੱਲੋਮੀਟਰ ਦੇ ਟੋਟੇ ਦਾ ਨਵੀਨੀਕਰਨ ਅਤੇ 147 ਲੱਖ ਦੀ ਲਾਗਤ ਨਾਲ ਨਵੀਂ ਉਸਾਰੀ ਲਿੰਕ ਸੜਕ ਬਰਨਾਲਾ-ਰਾਏਕੋਟ ਰੋਡ ਤੋਂ ਫਰਵਾਹੀ ਰੋਡ ਵਾਇਆ ਕੋਠੇ ਰਸੂਲਪੁਰ (ਸਰਕਾਰੀ ਮਿਡਲ ਸਕੂਲ) ਤੱਕ 2.30 ਕਿੱਲੋਮੀਟਰ ਸੜਕ ਵੀ ਸ਼ਾਮਿਲ ਹਨ। ਲੋਕਾਂ ਦਾ ਕਹਿਣਾ ਹੈ ਕਿ ਸੱਤਾਧਾਰੀ ਧਿਰ ਦੇ ਆਗੂਆਂ ਨੂੰ ਨੀਂਹ ਪੱਥਰ ਰੱਖਣ ਤੋਂ ਬਾਅਦ ਕੰਮ ਦੇ ਸ਼ੁਰੂ ਹੋਣ ਤੋਂ ਲੈ ਕੇ ਮੁਕੰਮਲ ਹੋਣ ਤੱਕ ਇਸ ਦੀ ਪੈਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਨੂੰ ਸਮਾਂਬੱਧ ਤਰੀਕੇ ਨਾਲ ਸਹੂਲਤ ਮਿਲ ਸਕੇ ਅਤੇ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।
ਇਸ਼ਤਿਹਾਰਬਾਜ਼ੀ ਅਤੇ ਨੀਂਹ ਪੱਥਰਾਂ ਤੱਕ ਸੀਮਤ ਹੈ ‘ਆਪ’ ਸਰਕਾਰ ਦਾ ਵਿਕਾਸ-ਕੈਪਟਨ ਸਿੱਧੂ
ਭਾਜਪਾ ਦੇ ਸੀਨੀਅਰ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ‘ਆਪ’ ਸਰਕਾਰ ਦਾ ਵਿਕਾਸ ਸਿਰਫ਼ ਇਸ਼ਤਿਹਾਰਾਂ, ਸੋਸ਼ਲ ਮੀਡੀਆ ਅਤੇ ਨੀਂਹ ਪੱਥਰਾਂ ਤੱਕ ਹੀ ਸੀਮਤ ਹੈ। ਉਨ੍ਹਾਂ ਕਿਹਾ ਕਿ ਨੀਂਹ ਪੱਥਰ ਰੱਖਣ ਵੇਲੇ ਸੱਤਾਧਾਰੀ ਧਿਰ ਦੇ ਆਗੂਆਂ ਵਲੋਂ ਫ਼ੰਡਾਂ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਪੰਜ ਮਹੀਨਿਆਂ ਤੋਂ ਕੰਮ ਸ਼ੁਰੂ ਨਾ ਹੋਣਾ ਸਾਬਤ ਕਰਦਾ ਹੈ ਕਿ ਸਰਕਾਰ ਕੋਲ ਵਿਕਾਸ ਕਾਰਜਾਂ ਲਈ ਪੈਸਾ ਨਹੀਂ ਹੈ। ਕੈਪਟਨ ਸਿੱਧੂ ਨੇ ਕਿਹਾ ਕਿ ਸਰਕਾਰ ਨੂੰ ਕੇਵਲ ਫੌਕੀ ਵਾਹੋਵਾਹੀ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਲੋਕਾਂ ਦੀਆਂ ਸਮੱਸਿਆਵਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।
ਐੱਮ. ਪੀ. ਮੀਤ ਹੇਅਰ ਦੁਆਰਾ ਨੀਂਹ ਪੱਥਰ ਰੱਖੇ ਜਾਣ ਦੇ ਪੰਜ ਮਹੀਨਿਆਂ ਬਾਅਦ ਵੀ ਸ਼ੁਰੂ ਨਹੀਂ ਹੋਏ ਲਿੰਕ ਸੜਕਾਂ ਦੀ ਉਸਾਰੀ ਦੇ ਕੰਮ
ਅਜੀਤ ਡੈਸਕ
13-07-2026