ਤਪਾ ਮੰਡੀ, 13 ਜੁਲਾਈ (ਪ੍ਰਵੀਨ ਗਰਗ)-ਪਿਛਲੇ ਕਈ ਦਿਨਾਂ ਤੋਂ ਸਫ਼ਾਈ ਸੇਵਕਾਂ ਦੀ ਹੜਤਾਲ ਦੇ ਚੱਲਦਿਆਂ ਸ਼ਹਿਰ ਅੰਦਰ ਸੀਵਰੇਜ ਦਾ ਗੰਦਾ ਪਾਣੀ ਇਸ ਕਦਰ ਭਰ ਗਿਆ ਹੈ ਕਿ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵੱਧ ਗਿਆ ਹੈ। ਜਿਸ ਵੱਲ ਨਗਰ ਕੌਂਸਲ ਦੇ ਪ੍ਰਧਾਨ ਤੇ ਅਧਿਕਾਰੀਆਂ ਦਾ ਕੋਈ ਵੀ ਧਿਆਨ ਨਹੀਂ ਹੈ। ਜੋ ਸਿਰਫ਼ ਮੂਕ ਦਰਸ਼ਕ ਬਣੇ ਬੈਠੇ ਹਨ। ਸੀਵਰੇਜ ਦੇ ਓਵਰਫ਼ਲੋ ਹੋ ਕੇ ਖੜੇ ਗੰਦੇ ਪਾਣੀ ਤੇ ਮੱਛਰਾਂ ਦੀ ਵੱਡੀ ਭਰਮਾਰ ਹੋ ਗਈ ਹੈ। ਅਤੇ ਗੰਦੇ ਪਾਣੀ ਵਿਚ ਇਸ ਕਦਰ ਭਿਆਨਕ ਬਦਬੂ ਮਾਰ ਰਹੀ ਹੈ ਕਿ ਲੋਕਾਂ ਦਾ ਘਰਾਂ ’ਚ ਰਹਿਣਾ ਵੀ ਦੁੱਭਰ ਹੋ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਗਰ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦਾ ਇਹੀ ਹਾਲ ਰਿਹਾ ਤਾਂ ਉਹ ਜਲਦ ਹੀ ਕਿਸੇ ਭਿਆਨਕ ਬਿਮਾਰੀ ਦੇ ਸ਼ਿਕਾਰ ਹੋ ਜਾਣਗੇ। ਸ਼ਹਿਰ ਦੀ ਹਰ ਇਕ ਗਲੀ, ਮੁਹੱਲੇ ਅਤੇ ਚੌਰਾਹਿਆਂ ਵਿਚ ਕੂੜੇ ਦੇ ਵੱਡੇ-ਵੱਡੇ ਢੇਰ ਦੇਖਣ ਨੂੰ ਮਿਲ ਰਹੇ ਹਨ। ਜਿਨ੍ਹਾਂ ਵਿਚੋਂ ਆਵਾਰਾ ਪਸ਼ੂ ਮੂੰਹ ਮਾਰ ਰਹੇ ਹਨ, ਜਿਸ ਕਾਰਨ ਕੂੜਾ ਦੂਰ-ਦੂਰ ਤੱਕ ਗਲੀਆਂ ਚ ਬਿਖਰ ਜਾਂਦਾ ਹੈ ਅਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਤਪਾ ਵਲੋਂ ਵੀ ਇਲਾਕੇ ਦੀ ਸਾਫ਼ ਸਫ਼ਾਈ ਸਬੰਧੀ ਕੋਈ ਵੀ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਜਾ ਰਹੇ, ਜੋ ਸਿਰਫ਼ ਆਪਣੀਆਂ ਕੁਰਸੀਆਂ ਤੱਕ ਹੀ ਸੀਮਤ ਰਹਿ ਗਏ ਹਨ। ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਫ਼ਾਈ ਸੇਵਕਾਂ ਦੀਆਂ ਮੰਗਾਂ ਦਾ ਜਲਦ ਹੱਲ ਕਰ ਕੇ ਸਫ਼ਾਈ ਪ੍ਰਬੰਧ ਤੁਰੰਤ ਬਹਾਲ ਕੀਤੇ ਜਾਣ ਤਾਂ ਜੋ ਸ਼ਹਿਰ ਨੂੰ ਗੰਦਗੀ ਅਤੇ ਸੰਭਾਵਿਤ ਸਿਹਤ ਸੰਕਟ ਤੋਂ ਬਚਾਇਆ ਜਾ ਸਕੇ।
ਸ਼ਹਿਰ ਅੰਦਰ ਸੀਵਰੇਜ ਦੇ ਓਵਰਫ਼ਲੋ ਪਾਣੀ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵਧਿਆ
ਅਜੀਤ ਡੈਸਕ
14-07-2026