ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਡਿਪਟੀ ਕਮਿਸ਼ਨਰ ਵਲੋਂ ਕਿੱਕ ਬਾਕਸਿੰਗ ਵਿਚ ਤਗਮੇ ਹਾਸਲ ਕਰਨ ਵਾਲੇ ਖਿਡਾਰੀਆਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 14-07-2026

ਬਰਨਾਲਾ, 13 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਖੇਡਾਂ ਦੇ ਖੇਤਰ ਨੂੰ ਹੁਲਾਰਾ ਦੇਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਦੌਲਤ ਸੂਬੇ ਦੇ ਖਿਡਾਰੀ ਸੂਬਾ, ਕੌਮੀ ਅਤੇ ਕੌਮਾਂਤਰੀ ਪੱਧਰ ਉੱਤੇ ਮੱਲ੍ਹਾਂ ਮਾਰ ਰਹੇ ਹਨ। ਜ਼ਿਲ੍ਹਾ ਬਰਨਾਲਾ ਵਿਚ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਇਨ੍ਹਾਂ ਉਪਰਾਲਿਆਂ ਦੇ ਸਾਰਥਿਕ ਨਤੀਜੇ ਆ ਰਹੇ ਹਨ। ਪਿਛਲੀ ਦਿਨੀਂ ਹੋਈਆਂ ਕੌਮੀ ਅਤੇ ਸੂਬਾ ਪੱਧਰੀ ਖੇਡਾਂ ਵਿਚ ਜ਼ਿਲ੍ਹੇ ਦੇ 7 ਖਿਡਾਰੀਆਂ ਨੇ ਕਿੱਕ ਬਾਕਸਿੰਗ ਵਿਚ ਮੱਲ੍ਹਾਂ ਮਾਰੀਆਂ ਹਨ ਅਤੇ ਜ਼ਿਲ੍ਹਾ ਬਰਨਾਲਾ ਦਾ ਮਾਣ ਵਧਾਇਆ ਹੈ। ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਅਤੇ ਐਸ.ਐਸ.ਪੀ. ਮੁਹੰਮਦ ਸਰਫ਼ਰਾਜ਼ ਆਲਮ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਇਨ੍ਹਾਂ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿੱਕ ਬਾਕਸਿੰਗ ਵਿਚ ਜ਼ਿਲ੍ਹੇ ਦੇ 2 ਖਿਡਾਰੀਆਂ ਨੇ ਕੌਮੀ ਪੱਧਰ ’ਤੇ ਤਗਮੇ ਅਤੇ 5 ਖਿਡਾਰੀਆਂ ਨੇ ਸੂਬਾ ਪੱਧਰ ’ਤੇ ਤਗਮੇ ਹਾਸਲ ਕੀਤੇ ਹਨ। ਏਕਮਵੀਰ ਸਿੰਘ (14) ਪੁੱਤਰ ਜਸਕਰਨ ਸਿੰਘ ਵਾਸੀ ਧਨੌਲਾ ਨੇ ਇੰਦੌਰ ਵਿਚ ਪਿਛਲੇ ਮਹੀਨੇ ਹੋਈ ਸਬ-ਜੂਨੀਅਰ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਹਾਸਲ ਕੀਤਾ ਹੈ। ਉਸ ਦੀ ਚੋਣ ਸਤੰਬਰ ਵਿਚ ਇਟਲੀ ਵਿਚ ਹੋਣ ਵਾਲੀ ਸਬ-ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ਵਿਚ ਹੋਈ ਹੈ। ਇਸੇ ਚੈਂਪੀਅਨਸ਼ਿਪ ਵਿਚ ਮਨਜੋਤ ਸਿੰਘ (15) ਪੁੱਤਰ ਸਾਗਰ ਸਿੰਘ ਵਾਸੀ ਧਨੌਲਾ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ ਹੈ। ਨਵਾਂਸ਼ਹਿਰ ਵਿਚ ਪਿਛਲੇ ਦਿਨੀਂ ਹੋਈ ਸਟੇਟ ਚੈਂਪੀਅਨਸ਼ਿਪ ਵਿਚ ਵਿਕੀ ਸਿੰਘ ਪੁੱਤਰ ਭੱਪਾ ਸਿੰਘ ਵਾਸੀ ਧਨੌਲਾ ਨੇ ਸੋਨ ਤਗਮਾ ਹਾਸਲ ਕੀਤਾ ਹੈ। ਉਸ ਦੀ ਗੁਜਰਾਤ ਵਿਚ ਹੋਣ ਵਾਲੀ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਲਈ ਚੋਣ ਹੋਈ ਹੈ। ਇਸ ਤੋਂ ਇਲਾਵਾ ਵਿੱਕੀ ਦੀ ਚੋਣ ਭਾਰਤੀ ਫ਼ੌਜ ਵਿਚ ਵੀ ਹੋ ਗਈ ਹੈ ਅਤੇ ਉਹ ਫ਼ੌਜ ਦੀ ਟਰੇਨਿੰਗ ਕਰ ਕੇ ਪਰਤਿਆ ਹੈ। ਇਸੇ ਤਰ੍ਹਾਂ ਪਰਦੀਪ ਕੌਰ (20) ਪੁੱਤਰੀ ਬਲਵੀਰ ਸਿੰਘ ਵਾਸੀ ਧਨੌਲਾ ਨੇ ਸਟੇਟ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਹਾਸਲ ਕੀਤਾ ਹੈ ਅਤੇ ਰਾਇਪੁਰ ਵਿਚ ਕੌਮੀ ਖੇਡਾਂ ਵਿਚ ਸੋਨ ਤਗਮਾ ਹਾਸਲ ਕੀਤਾ ਸੀ। ਸ਼ਨੀ ਕੁਮਾਰ (24) ਪੁੱਤਰ ਅਨਿਲ ਕੁਮਾਰ ਵਾਸੀ ਬਰਨਾਲਾ ਨੇ ਸੀਨੀਅਰ ਸਟੇਟ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਹਾਸਲ ਕੀਤਾ ਹੈ। ਪਰਵਿੰਦਰ ਸਿੰਘ (21) ਪੁੱਤਰ ਅਮਨਦੀਪ ਸਿੰਘ ਵਾਸੀ ਧਨੌਲਾ ਨੇ ਸੋਨ ਤਗਮਾ ਅਤੇ ਹਰਨੂਰ ਸਿੰਘ (19) ਪੁੱਤਰ ਸੁਖਵਿੰਦਰ ਸਿੰਘ ਵਾਸੀ ਧਨੌਲਾ ਨੇ ਵੀ ਸੋਨ ਤਗਮਾ ਹਾਸਲ ਕੀਤਾ ਹੈ। ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਬਰਨਾਲਾ ਨੇ ਕੋਚ ਜਸਪ੍ਰੀਤ ਸਿੰਘ ਢੀਂਡਸਾ ਅਤੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ। ਇਹ ਸਾਰੇ ਖਿਡਾਰੀ ਕੋਚ ਜਸਪ੍ਰੀਤ ਸਿੰਘ ਢੀਂਡਸਾ ਤੋਂ ਮਾਤਾ ਗੁਜਰੀ ਸਕੂਲ ਧਨੌਲਾ ਵਿਚ ਚੱਲ ਰਹੇ ਸੈਂਟਰ ਵਿਚ ਸਿਖਲਾਈ ਲੈ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਬਲਾਕ ਪ੍ਰਧਾਨ ਵਲੋਂ ਦੋ ਟਕਸਾਲੀ ਕਾਂਗਰਸੀ ਆਗੂਆਂ ਨੂੰ ਪਾਰਟੀ ’ਚੋਂ 6 ਸਾਲ ਲਈ ਕੀਤਾ ਬਾਹਰ ਅਗਲੀ ਖ਼ਬਰ ਬਰਨਾਲਾ ਜੱਚਾ-ਬੱਚਾ ਹਸਪਤਾਲ ਦੇ ਬਾਹਰ ਸੇਵਾ ਮੁਕਤ ਰੇਡੀਓਗ੍ਰਾਫ਼ਰ ਦਾ ਭੀਖ ਮੰਗ ਕੇ ਅਨੋਖਾ ਰੋਸ ਪ੍ਰਦਰਸ਼ਨ
Ad Position 24
No active advertisement