ਟੱਲੇਵਾਲ, 13 ਜੁਲਾਈ (ਸੋਨੀ ਚੀਮਾ)-ਟੱਲੇਵਾਲ ਨਹਿਰ ਦੇ ਪੁਲ ਤੋਂ ਬੀਹਲਾ ਗਹਿਲ ਨੂੰ ਜਾਂਦੀ 18 ਫੁੱਟੀ ਸੜਕ ਦੀਆਂ ਬਰਮਾਂ ਕਿਨਾਰਿਆਂ ਤੇ ਹੋਏ ਨਾਜਾਇਜ਼ ਕਬਜ਼ਿਆਂ ਕਾਰਨ ਹਰ ਦਿਨ ਹਾਦਸੇ ਵਾਪਰ ਰਹੇ ਹਨ, ਪਰ ਸਬੰਧਿਤ ਵਿਭਾਗ ਗੂੜ੍ਹੀ ਨੀਂਦ ਸੁੱਤਾ ਹੈ। ਜ਼ਿਕਰਯੋਗ ਹੈ ਕਿ ਟੱਲੇਵਾਲ ਨਹਿਰ ਤੋਂ ਪਿੰਡ ਬੀਹਲਾ ਨੂੰ ਜਾਂਦੀ 18 ਫੁੱਟੀ ਸੜਕ ’ਤੇ ਪੁਲ ਦੇ ਨਜ਼ਦੀਕ ਅਤੇ ਵਿਚਕਾਰ ਸੜਕ ਦੀਆਂ ਬਰਮਾਂ ਬਿਲਕੁਲ ਖ਼ਤਮ ਹੋ ਚੁੱਕੀਆਂ ਹਨ, ਜਿਸ ਕਾਰਨ ਹਾਦਸਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਇਹ ਹਾਦਸੇ ਸੜਕ ਦੀਆਂ ਬਰਮਾਂ ’ਤੇ ਹੋਏ ਨਾਜਾਇਜ਼ ਕਬਜ਼ਿਆਂ ਕਾਰਨ ਵਾਪਰ ਰਹੇ ਹਨ ਅਤੇ ਉਹ ਦਿਨ ਦੂਰ ਨਹੀਂ ਜਦ ਇਨ੍ਹਾਂ ਨਾਜਾਇਜ਼ ਕਬਜ਼ਿਆਂ ਕਾਰਨ ਕੋਈ ਰਾਹਗੀਰ ਆਪਣੀ ਜਾਨ ਤੋਂ ਹੱਥ ਧੋ ਲਵੇਗਾ। ਜ਼ਿਕਰਯੋਗ ਹੈ ਕਿ ਉਕਤ ਸੜਕ ਦੇ ਕਿਨਾਰਿਆਂ ’ਤੇ ਹੋਏ ਨਾਜਾਇਜ਼ ਕਬਜ਼ਿਆਂ ਕਾਰਨ ਗੱਡੀਆਂ ਤਿਲਕ ਜਾਂਦੀਆਂ ਹਨ ਅਤੇ ਨਾਲ ਲੱਗਦੇ ਖੇਤਾਂ ਵਿਚ ਬਣੇ ਡੂੰਘੇ ਟੋਏ ਵਿਚ ਪੈਣ ਨਾਲ ਜਿੱਥੇ ਗੱਡੀਆਂ ਦਾ ਨੁਕਸਾਨ ਹੋ ਰਿਹਾ ਹੈ, ੳੁੱਥੇ ਸੜਕ ਟੁੱਟਣ ਦਾ ਡਰ ਬਣ ਗਿਆ ਹੈ। ਉਕਤ ਨਾਜਾਇਜ਼ ਕਬਜ਼ਿਆਂ ਕਾਰਨ ਸੜਕ ਤੰਗ ਹੋ ਗਈ ਹੈ, ਜਦੋਂ ਦੋ ਵੱਡੇ ਵਾਹਨ ਜਿਵੇਂ ਟਰੱਕ ਜਾਂ ਬੱਸਾਂ ਆਹਮੋ-ਸਾਹਮਣੇ ਆਉਂਦੇ ਹਨ, ਤਾਂ ਸਾਈਡ ਨਾ ਮਿਲਣ ਕਾਰਨ ਹਾਦਸੇ ਵਾਪਰ ਰਹੇ ਹਨ। ਜ਼ਿਕਰਯੋਗ ਹੈ ਕਿ ਮਾਣਯੋਗ ਹਾਈ ਕੋਰਟ ਦੀਆਂ ਸਖ਼ਤ ਹਦਾਇਤਾਂ ਤੋਂ ਬਾਅਦ ਵੀ ਉਕਤ ਸੜਕ ਸਬੰਧੀ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਵਲੋਂ ਜਾਇਜ਼ਾ ਨਹੀਂ ਲਿਆ ਗਿਆ। ਇਸ ਮੌਕੇ ਪਿੰਡ ਬੀਹਲਾ, ਬੀਹਲਾ ਖ਼ੁਰਦ, ਗਹਿਲ ਅਤੇ ਟੱਲੇਵਾਲ ਵਾਸੀਆਂ ਨੇ ਕਿਹਾ ਕਿ ਆਮ ਜਨਤਾ ਅਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਵਾਹਨ ਚਾਲਕਾਂ ਦੀ ਮੰਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਉਕਤ ਸੜਕ ਦੀਆਂ ਬਰਮਾਂ ’ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾ ਕੇ ਸੜਕਾਂ ਦੀਆਂ ਬਰਮਾਂ ਨੂੰ ਪੱਕਾ ਕਰਵਾਏ, ਤਾਂ ਜੋ ਸੜਕ ਦੀ ਮੁਨਿਆਦ ਲੰਬੀ ਹੋਵੇ ਅਤੇ ਹਾਦਸੇ ਵਾਪਰਨੇ ਘਟ ਸਕਣ। ਇਸ ਸਬੰਧੀ ਜਦ ਗੁਰਦਰਸ਼ਨ ਸਿੰਘ ਜੇ.ਈ ਮੰਡੀ ਬੋਰਡ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਸਬੰਧਿਤ ਪੰਚਾਇਤਾਂ ਨੂੰ ਅਤੇ ਠੇਕੇਦਾਰ ਨੂੰ ਸੜਕ ਸਬੰਧੀ ਸਮੱਸਿਆਵਾਂ ਦੂਰ ਕਰਨ ਦੀ ਹਦਾਇਤ ਕੀਤੀ ਸੀ, ਪਰ ਝੋਨੇ ਦਾ ਵੇਰਵਾ ਦੇ ਕੇ ਅਤੇ ਖੇਤ ਖ਼ਾਲੀ ਨਾ ਹੋਣ ਕਾਰਨ ਅਜੇ ਮਾਮਲਾ ਵਿਚਕਾਰ ਹੀ ਹੈ। ਜਲਦ ਹੀ ਲੋਕਾਂ ਦੀ ਮੰਗ ਨੂੰ ਪੂਰਾ ਕੀਤਾ ਜਾਵੇਗਾ।
ਨਾਜਾਇਜ਼ ਕਬਜ਼ਿਆਂ ਦੀ ਭੇਟ ਚੜ੍ਹੀ ਟੱਲੇਵਾਲ ਤੋਂ ਬੀਹਲਾ ਨੂੰ ਜਾਂਦੀ ਸੜਕ
ਅਜੀਤ ਡੈਸਕ
14-07-2026