ਮਹਿਲ ਕਲਾਂ, 16 ਜੁਲਾਈ (ਤਰਸੇਮ ਸਿੰਘ ਗਹਿਲ)-ਬਲਾਕ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਰਾਏਸਰ ਵਿਖੇ ਗ੍ਰਾਮ ਪੰਚਾਇਤ ਵਲੋਂ ਦਲਿਤ ਪਰਿਵਾਰਾਂ ਦੇ ਰੂੜੀਆਂ ਵਾੜੇ ਚੁਕਵਾ ਕੇ ਰੰਗਲਾ ਪੰਜਾਬ ਸਕੀਮ ਅਧੀਨ ਖੇਡ ਗਰਾਊਂਡ ਬਣਾਉਣ ਦੇ ਵਿਰੋਧ ਵਿਚ ਪਾਣੀ ਵਾਲੀ ਟੈਂਕੀ ’ਤੇ ਚੜ੍ਹੀਆਂ 6 ਦਲਿਤ ਔਰਤਾਂ ਵਲੋਂ ਅੱਜ ਦੂਸਰੇ ਦਿਨ ਸੰਘਰਸ਼ ਰੋਸ ਪ੍ਰਦਰਸ਼ਨ ਜਾਰੀ ਰੱਖਿਆ ਤੇ ਪਾਣੀ ਵਾਲੀ ਟੈਂਕੀ ਤੋਂ ਖੜ੍ਹ ਕੇ ਨਾਅਰੇਬਾਜ਼ੀ ਕੀਤੀ ਗਈ। ਅੱਤ ਦੀ ਗਰਮੀ ਵਿਚ ਕਈ ਘੰਟਿਆਂ ਤੋਂ ਲਗਾਤਾਰ ਪਾਣੀ ਵਾਲੀ ਟੈਂਕੀ ’ਤੇ ਖੜਕੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੌਰਾਨ 70 ਸਾਲਾ ਦਲਿਤ ਔਰਤ ਜਸਵੀਰ ਕੌਰ ਦੀ ਸਿਹਤ ਹਾਲਤ ਵਿਗੜ ਗਈ, ਪ੍ਰੰਤੂ ਉਸ ਵਲੋਂ ਆਪਣਾ ਰੋਸ ਪ੍ਰਦਰਸ਼ਨ ਜਾਰੀ ਰੱਖਿਆ ਗਿਆ। ਬੀਤੇ ਕੱਲ੍ਹ ਇਸ ਮਾਮਲੇ ਵਿਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਿੱਤੇ ਦਖ਼ਲ ਤੋਂ ਬਾਅਦ ਉਕਤ ਮਾਮਲਾ ਹੱਲ ਨਹੀਂ ਹੋ ਸਕਿਆ, ਗ੍ਰਾਮ ਪੰਚਾਇਤ ਵਲੋਂ ਪੰਜਾਬ ਸਰਕਾਰ ਦੁਆਰਾ ਪ੍ਰਾਪਤ ਹੋਈ ਗਰਾਂਟ ਨਾਲ ਖੇਡ ਗਰਾਉਂਡ ਝਗੜੇ ਵਾਲੇ ਸਥਾਨ ’ਤੇ ਬਣਾਉਣ ਲਈ ਬਜ਼ਿਦ ਰਹੇ, ਜਦਕਿ ਰੂੜੀ ਵਾੜਿਆਂ ਵਾਲੀ ਸ਼ਾਮਲਾਟ ਨੂੰ ਜਿਉਂ ਦਾ ਤਿਉਂ ਰੱਖਣ ਲਈ ਦਲਿਤ ਪਰਿਵਾਰਾਂ ਵਲੋਂ ਆਪਣਾ ਸੰਘਰਸ਼ ਜਾਰੀ ਰੱਖਿਆ। ਇਸ ਸਮੇਂ ਨੌਜਵਾਨ ਆਗੂ ਹਰਜੀਤ ਸਿੰਘ ਖ਼ਿਆਲੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਦਲਿਤ ਪਰਿਵਾਰਾਂ ਦੀ ਕੋਈ ਪੁੱਛ-ਪੜਤਾਲ ਨਹੀਂ ਕੀਤੀ ਜਾ ਰਹੀ, ਥਾਵਾਂ ਥਾਵਾਂ ’ਤੇ ਦਲਿਤ ਪਰਿਵਾਰਾਂ ਨਾਲ ਹੋ ਰਹੀ ਧੱਕੇਸ਼ਾਹੀ ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰੋਸ ਪ੍ਰਦਰਸ਼ਨ ਦੌਰਾਨ ਜੇਕਰ ਕਿਸੇ ਵੀ ਔਰਤ ਨਾਲ ਅਣਸੁਖਾਂਵੀ ਘਟਨਾ ਵਾਪਰਦੀ ਹੈ ਤਾਂ ਇਸ ਜ਼ਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਤੇ ਗ੍ਰਾਮ ਪੰਚਾਇਤ ਹੋਵੇਗੀ। ਖ਼ਬਰ ਲਿਖੇ ਜਾਣ ਤੱਕ ਦਲਿਤ ਔਰਤ ਜਸਵਿੰਦਰ ਕੌਰ, ਸੁਖਦੀਪ ਕੌਰ, ਜਸਵੀਰ ਕੌਰ, ਸਰਬਜੀਤ ਕੌਰ ਅਤੇ ਪਰਮਜੀਤ ਕੌਰ ਪਿੰਡ ਦੀ ਪਾਣੀ ਵਾਲੀ ਟੈਂਕੀ ’ਤੇ ਮੌਜੂਦ ਸਨ, ਉਕਤ ਔਰਤਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਰੂੜੀ ਵਾੜਿਆਂ ਵਾਲੀ ਜਗ੍ਹਾ ’ਤੇ ਦਲਿਤ ਪਰਿਵਾਰਾਂ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਹਰਜੀਤ ਸਿੰਘ ਖ਼ਿਆਲੀ, ਹਰਵਿੰਦਰ ਸਿੰਘ, ਕੁਲਵੀਰ ਸਿੰਘ, ਜੱਸਾ ਸਿੰਘ, ਸੱਜਣ ਸਿੰਘ, ਨਿਰਮਲ ਸਿੰਘ, ਹਰਬੰਸ ਸਿੰਘ, ਪਰਮਜੀਤ ਕੌਰ, ਬਲਜਿੰਦਰ ਕੌਰ, ਹਰਦੀਪ ਕੌਰ, ਅੰਗਰੇਜ਼ ਸਿੰਘ ਆਦਿ ਹਾਜ਼ਰ ਸਨ।
ਪਿੰਡ ਰਾਏਸਰ ਪੰਜਾਬ ’ਚ ਪਾਣੀ ਵਾਲੀ ਟੈਂਕੀ ’ਤੇ ਚੜ੍ਹੀਆਂ ਔਰਤਾਂ ਨੇ ਦੂਸਰੇ ਦਿਨ ਰੋਸ ਪ੍ਰਦਰਸ਼ਨ ਰੱਖਿਆ ਬਰਕਰਾਰ
ਅਜੀਤ ਡੈਸਕ
17-07-2026