ਮਹਿਲ ਕਲਾਂ, 21 ਜੁਲਾਈ (ਅਵਤਾਰ ਸਿੰਘ ਅਣਖੀ)-ਪਿੰਡ ਵਜੀਦਕੇ ਖ਼ੁਰਦ ਵਿਖੇ ਅਣਪਛਾਤਿਆਂ ਵਲੋਂ ਇਕ ਪ੍ਰਵਾਸੀ ਭਾਰਤੀ ਧਰਮਿੰਦਰ ਕੌਰ ਪੁੱਤਰੀ ਸੇਵਾ ਸਿੰਘ ਦੇ ਘਰ ਨੂੰ ਇਕ ਮਹੀਨੇ ਦੇ ਅੰਦਰ ਚੌਥੀ ਵਾਰ ਨਿਸ਼ਾਨਾ ਬਣਾ ਕੇ ਘਰ ਅੰਦਰ ਪਏ ਸਮਾਨ ਦੀ ਫਰੋਲਾ-ਫਰਾਲੀ ਅਤੇ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਸ ਘਟਨਾ ਨੂੰ ਅੰਜਾਮ ਦੇਣ ਪਹੁੰਚੇ ਚਾਰ ਵਿਅਕਤੀਆਂ ’ਚੋਂ ਦੋ ਜਣਿਆਂ ਨੂੰ ਪਿੰਡ ਵਾਸੀਆਂ ਵਲੋਂ ਦਬੋਚ ਕੇ ਪੁਲਿਸ ਹਵਾਲੇ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮਕਾਨ ਮਾਲਕ ਧਰਮਿੰਦਰ ਕੌਰ ਦੀ ਛੋਟੀ ਭੈਣ ਜਗਜੀਵਨ ਕੌਰ ਜਿੱਥੇ ਰਹਿ ਰਹੀ ਸੀ। ਸਭ ਤੋਂ ਪਹਿਲਾਂ 16 ਜੂਨ ਦੀ ਰਾਤ ਅਤੇ ਫਿਰ 18, 20 ਤੇ 21 ਜੂਨ ਦੀਆਂ ਰਾਤਾਂ ਨੂੰ ਲਗਾਤਾਰ ਅਣਪਛਾਤਿਆਂ ਵਲੋਂ ਇਸ ਘਰ ਨੂੰ ਨਿਸ਼ਾਨਾ ਬਣਾਇਆ ਗਿਆ। 40 ਹਜ਼ਾਰ ਨਕਦੀ ਅਤੇ ਹੋਰ ਸਾਜ਼ੋ ਸਮਾਨ ਚੋਰੀ ਕੀਤਾ ਗਿਆ। ਇਸ ਸਬੰਧੀ ਪੁਲਿਸ ਥਾਣਾ ਠੁੱਲੀਵਾਲ ਨੂੰ ਪੀੜਤ ਪਰਿਵਾਰ ਵਲੋਂ ਸੂਚਿਤ ਕੀਤਾ ਗਿਆ ਸੀ, ਪਰ ਇਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ’ਤੇ ਵੀ ਪੁਲਿਸ ਨੇ ਪਰਚਾ ਦਰਜ ਕਰ ਕੇ ਖਾਨਾਪੂਰਤੀ ਤੋਂ ਸਿਵਾਏ ਕੁੱਝ ਨਹੀਂ ਕੀਤਾ। ਦੋ ਹਫ਼ਤੇ ਪਹਿਲਾਂ ਪੀੜਤ ਜਗਜੀਵਨ ਕੌਰ ਨੇ ਉਕਤ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਖ਼ਿਲਾਫ਼ ਅਤੇ ਆਪਣੇ ਸਹੁਰੇ ਪਰਿਵਾਰ ਤੋਂ ਆਪਣੀ ਜਾਨ ਨੂੰ ਖ਼ਤਰਾ ਦੱਸਦਿਆਂ ਇਨਸਾਫ਼ ਲਈ ਡਿਪਟੀ ਕਮਿਸ਼ਨਰ ਬਰਨਾਲਾ ਰਾਹੀਂ ਐੱਸ.ਐੱਸ.ਪੀ. ਬਰਨਾਲਾ ਕੋਲ ਗੁਹਾਰ ਲਗਾਈ ਸੀ, ਪਰ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। 16 ਜੂਨ ਤੋਂ ਬਾਅਦ ਪੀੜਤ ਜਗਜੀਵਨ ਕੌਰ ਆਪਣੀ ਜਾਨ ਬਚਾਉਣ ਲਈ ਘਰੋਂ ਬੇਘਰ ਹੋ ਕੇ ਰਹਿਣ ਲਈ ਮਜਬੂਰ ਹੈ। ਇਸੇ ਦੌਰਾਨ ਬੀਤੀ ਰਾਤ 12 ਵਜੇ ਦੇ ਕਰੀਬ ਚਾਰ ਵਿਅਕਤੀ ਘਰ ਅੰਦਰ ਦਾਖ਼ਲ ਹੋਏ ਅਤੇ ਉਨ੍ਹਾਂ ਵਲੋਂ ਦਾਖ਼ਲ ਹੋਣ ਲਈ ਲੋਹੇ ਦੀਆਂ ਗ੍ਰਿੱਲਾਂ ਦੀ ਭੰਨਤੋੜ ਕੀਤੀ ਗਈ। ਇਹ ਖੜਕਾ ਸੁਣ ਕੇ ਆਲੇ-ਦੁਆਲੇ ਦੇ ਘਰਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਇਕੱਠੇ ਹੋ ਕੇ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਇਸ ਦੌਰਾਨ ਘਰ ਅੰਦਰ ਮੌਜੂਦ ਦੋ ਲੜਕਿਆਂ ਨੂੰ ਮੌਕੇ ਤੋਂ ਦਬੋਚ ਕੇ ਪੁਲਿਸ ਥਾਣਾ ਠੁੱਲੀਵਾਲ ਦੇ ਹਵਾਲੇ ਕਰ ਦਿੱਤਾ, ਜਦਕਿ ਦੋ ਵਿਅਕਤੀ ਘਰ ਅੰਦਰੋਂ ਐੱਲ.ਸੀ.ਡੀ., ਪੱਖੇ ਅਤੇ ਹੋਰ ਸਾਜੋ-ਸਮਾਨ ਚੋਰੀ ਕਰ ਕੇ ਫ਼ਰਾਰ ਹੋ ਗਏ। ਇਸ ਮੌਕੇ ਗੱਲਬਾਤ ਕਰਦਿਆਂ ਜਗਜੀਵਨ ਕੌਰ ਨੇ ਦੱਸਿਆ ਕਿ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਉਸ ਦੇ ਪਤੀ ਵੱਲੋਂ ਦਿੱਤਾ ਗਿਆ। ਉਸ ਨੇ ਖ਼ਦਸ਼ਾ ਜਤਾਇਆ ਕਿ ਇਹ ਸਾਰੀ ਸਾਜ਼ਿਸ਼ ਉਸ ਦੇ ਪਤੀ ਮਨਮਿੰਦਰਜੀਤ ਸਿੰਘ ਨੇ ਉਸ ਨੂੰ ਖ਼ਤਮ ਕਰਨ ਲਈ ਰਚੀ ਹੈ ਅਤੇ ਜੇਕਰ ਉਸ ਦੀ ਜਾਨ ਨੂੰ ਕੋਈ ਵੀ ਨੁਕਸਾਨ ਪਹੁੰਚਦਾ ਹੈ ਤਾਂ ਉਸ ਦੇ ਜ਼ਿੰਮੇਵਾਰ ਉਸ ਦਾ ਪਤੀ, ਸੱਸ ਅਤੇ ਸਹੁਰਾ ਹੋਣਗੇ। ਪਿੰਡ ਦੇ ਮੁਹਤਬਰਾਂ ਨੇ ਕਿਹਾ ਕਿ ਇਸ ਘਟਨਾ ਕਾਰਨ ਪਿੰਡ ਵਿਚ ਡਰ ਦਾ ਮਾਹੌਲ ਹੈ ਅਤੇ ਉਨ੍ਹਾਂ ਐੱਸ.ਐੱਸ.ਪੀ. ਬਰਨਾਲਾ ਤੋਂ ਮੰਗ ਕੀਤੀ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰ ਕੇ ਪਰਿਵਾਰ ਤੇ ਪਿੰਡ ਦੇ ਲੋਕਾਂ ਦੀ ਸੁਰੱਖਿਆ ਨਿਸ਼ਚਿਤ ਕੀਤੀ ਜਾਵੇ। ਦੂਜੇ ਪਾਸੇ ਪੁਲਿਸ ਥਾਣਾ ਠੁੱਲੀਵਾਲ ਦੇ ਅਧਿਕਾਰੀਆਂ ਨੇ ਜਗਜੀਵਨ ਕੌਰ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਉਸ ਦੇ ਪਤੀ ਮਨਮਿੰਦਰਜੀਤ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਪਟਿਆਲਾ, ਬਲਵੀਰ ਸਿੰਘ ਉਰਫ਼ ਬੀਰੀ ਵਾਸੀ ਬਰਸਟ (ਪਟਿਆਲਾ), ਮਨਿੰਦਰ ਸਿੰਘ ਪੁੱਤਰ ਗੁਰਨੈਬ ਸਿੰਘ ਵਾਸੀ ਘਨੌਰੀ ਅਤੇ ਅਨਮੋਲਪ੍ਰੀਤ ਸਿੰਘ ਹਨੀ ਪੁੱਤਰ ਕੁਲਦੀਪ ਸਿੰਘ ਵਾਸੀ ਹਰੀਗੜ੍ਹ (ਨਾਭਾ) ਖ਼ਿਲਾਫ਼ ਧਾਰਾ 331 (4) ਅਤੇ 305 ਤਹਿਤ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ।