ਬਰਨਾਲਾ, 23 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਜਮਹੂਰੀ ਅਧਿਕਾਰ ਸਭਾ ਦੇ ਸੱਦੇ ’ਤੇ ਬਰਨਾਲਾ ਜ਼ਿਲੇ੍ਹ ਦੀਆਂ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਨੇ ਕੱਲ੍ਹ ਸ਼ਹਿਰ ਦੇ ਸਫ਼ਾਈ ਸੇਵਕਾਂ ਉੱਪਰ ਕੀਤੇ ਵਹਿਸ਼ੀ ਜਬਰ ਵਿਰੁੱਧ ਦਾਣਾ ਮੰਡੀ ਵਿਚ ਇਕ ਭਰਵੀਂ ਰੈਲੀ ਕੀਤੀ ਗਈ। ਉਪਰੰਤ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਖ਼ਿਲਾਫ਼ ਸ਼ਹਿਰ ਦੇ ਬਾਜ਼ਾਰਾਂ ਵਿਚ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਰੈਲੀ ਨੂੰ ਜਮਹੂਰੀ ਅਧਿਕਾਰ ਸਭਾ ਦੇ ਸੋਹਣ ਸਿੰਘ ਮਾਝੀ, ਇਨਕਲਾਬੀ ਕੇਂਦਰ ਦੇ ਆਗੂ ਨਰੈਣ ਦੱਤ, ਭਾਕਿਯੂ ਉਗਰਾਹਾਂ ਦੇ ਚਮਕੌਰ ਸਿੰਘ ਨੈਣੇਵਾਲ, ਭਾਕਿਯੂ ਡਕੌਂਦਾ (ਧਨੇਰ) ਦੇ ਆਗੂ ਨਾਨਕ ਸਿੰਘ ਅਮਲਾ ਸਿੰਘ ਵਾਲਾ, ਭਾਕਿਯੂ ਕ੍ਰਾਂਤੀਕਾਰੀ ਦੇ ਮਨਜੀਤ ਰਾਜ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮੁਕੇਸ਼ ਮਲੌਦ, ਮਨਰੇਗਾ ਮਜ਼ਦੂਰ ਯੂਨੀਅਨ ਦੇ ਖੁਸ਼ੀਆ ਸਿੰਘ, ਮੁਲਾਜ਼ਮ ਡਿਫੈਂਸ਼ ਕਮੇਟੀ ਦੇ ਤਰਸੇਮ ਭੱਠਲ, ਸਫ਼ਾਈ ਸੇਵਕ ਯੂਨੀਅਨ ਦੇ ਗੁਲਸ਼ਨ ਕੁਮਾਰ, ਡੀ.ਟੀ.ਐਫ. ਆਗੂ ਰਾਜੀਵ ਕੁਮਾਰ, ਮੁਲਾਜ਼ਮ ਫੈਡਰੇਸ਼ਨ ਦੇ ਕਰਮਜੀਤ ਬੀਹਲਾ, ਤਰਕਸ਼ੀਲ ਆਗੂ ਰਾਜਿੰਦਰ ਭਦੌੜ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਸਫ਼ਾਈ ਕਰਮਚਾਰੀ ਮਰਦਾਂ ਤੇ ਔਰਤਾਂ ਨੂੰ ਛੱਲੀਆਂ ਵਾਂਗ ਕੁੱਟਿਆ ਗਿਆ, ਉਨ੍ਹਾਂ ਦੇ ਸਿਰਾਂ ’ਤੇ ਸੋਟੀਆਂ ਚਲਾਈਆਂ ਗਈਆਂ, ਦਰਜਨਾਂ ਮਜ਼ਦੂਰ-ਮਰਦ ਔਰਤਾਂ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਗਿਆ, ਇਸ ਤਰ੍ਹਾਂ ਦੀ ਕਾਰਵਾਈ ਕੋਈ ਤਾਨਾਸ਼ਾਹ ਵਹਿਸ਼ੀ ਸਰਕਾਰ ਤੇ ਉਸ ਦੀ ਪੁਲਿਸ ਹੀ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਬਦਲਾਅ ਦੇ ਵੱਡੇ-ਵੱਡੇ ਵਾਅਦੇ ਕਰ ਕੇ ਸੱਤਾ ’ਤੇ ਬਿਰਾਜਮਾਨ ਹੋਈ ਸਰਕਾਰ ਨੇ ਸੂਬੇ ਨੂੰ ਪੁਲਿਸ ਰਾਜ ਵਿਚ ਤਬਦੀਲ ਕਰ ਦਿੱਤਾ ਹੈ। ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰਨ ਵਾਲੇ ਅਤੇ ਠੇਕੇਦਾਰਾਂ ਦੀ ਦੂਹਰੀ ਲੁੱਟ ਦਾ ਸ਼ਿਕਾਰ ਸਫ਼ਾਈ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਮੰਗਾਂ ਮੰਨਣ ਦੇ ਅਨੇਕ ਬਾਰੇ ਲਾਰੇ ਲਾਏ ਜਾ ਚੁੱਕੇ ਹਨ। ਪਹਿਲਾਂ ਕਈ ਵਾਰ ਮੰਗਾਂ ਮੰਨ ਲਏ ਜਾਣ ਦਾ ਲਾਰਾ ਲਾ ਕੇ, ਉਨ੍ਹਾਂ ਦੀ ਹੜਤਾਲ ਖ਼ਤਮ ਕਰਵਾਈ ਗਈ ਹੈ। ਹੁਣ ਫਿਰ ਪਿਛਲੇ ਮਹੀਨੇ ਹੀ ਇਹ ਲਾਰਾ ਲਾਇਆ ਗਿਆ ਸੀ ਜੋ ਵਫ਼ਾ ਨਹੀਂ ਹੋਇਆ। ਸਿਰਫ਼ 8-10 ਹਜ਼ਾਰ ਰੁਪਏ ਦੀ ਨਿਗੂਣੀ ਤਨਖ਼ਾਹ ’ਤੇ ਕੰਮ ਕਰਨ ਵਾਲੇ ਇਹ ਲੋਕ ਸਮਾਜ ਦੀ ਗੰਦਗੀ ਸਾਫ਼ ਕਰਦੇ ਹਨ। ਉਹ ਜਿਹੜਾ ਕੰਮ ਕਰਦੇ ਹਨ, ਉਸ ਨੂੰ ਸਮਾਜ ਦਾ ਹੋਰ ਕੋਈ ਵੀ ਭਾਈਚਾਰਾ ਕਰਨ ਦਾ ਸੁਫ਼ਨਾ ਤੱਕ ਨਹੀਂ ਲੈ ਸਕਦਾ। ਫਿਰ ਵੀ ਉਹ ਗੰਦੀਆਂ ਬਸਤੀਆਂ ਵਿਚ ਨਰਕਾਂ ਜਿਹੀ ਜ਼ਿੰਦਗੀ ਜਿਉਂਦੇ ਹਨ। ਬਿਨਾਂ ਸੁਰੱਖਿਆ ਟੂਲਾਂ ਦੇ ਸੀਵਰਾਂ ਦੀ ਸਫ਼ਾਈ ਕਰਦੇ ਹਨ ਅਤੇ ਇਸ ਕੰਮ ਨੂੰ ਕਰਦਿਆਂ ਦਰਜਨਾਂ ਮਜ਼ਦੂਰਾਂ ਦੀ ਜਾਨ ਜਾ ਚੁੱਕੀ ਹੈ। ਆਗੂਆਂ ਨੇ ਮੰਗ ਕੀਤੀ ਕਿ ਪੁਲਿਸ ਕਾਰਵਾਈ ਦੀ ਜੁਡੀਸ਼ੀਅਲ ਜਾਂਚ ਕਰਵਾਈ ਜਾਵੇ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ, ਡੀ.ਐਸ.ਪੀ. ਐਸ.ਐਸ. ਬੈਂਸ ਅਤੇ ਐਚ.ਐਸ.ਓ. ਲਖਵਿੰਦਰ ਸਿੰਘ ਨੂੰ ਬਰਖ਼ਾਸਤ ਕੀਤਾ ਕੀਤਾ ਜਾਵੇ, ਅਤੇ ਸਫ਼ਾਈ ਕਰਮਚਾਰੀਆਂ ਦੀਆਂ ਮੰਗਾ ਨੂੰ ਮੰਨ ਕੇ ਤੁਰੰਤ ਲਾਗੂ ਕੀਤਾ ਜਾਵੇ। ਸਟੇਜ ਦੀ ਕਾਰਵਾਈ ਸਭਾ ਦੇ ਸਕੱਤਰ ਬਿੱਕਰ ਸਿੰਘ ਔਲਖ ਨੇ ਚਲਾਈ।
ਸਫ਼ਾਈ ਸੇਵਕਾਂ ਉੱਪਰ ਕੀਤੇ ਗਏ ਜ਼ਬਰ ਵਿਰੁੱਧ ਬਰਨਾਲਾ ਵਿਖੇ ਜਨਤਕ ਜਥੇਬੰਦੀਆਂ ਵਲੋਂ ਭਰਪੂਰ ਮੁਜ਼ਾਹਰਾ
ਅਜੀਤ ਡੈਸਕ
24-07-2026