ਮਹਿਲ ਕਲਾਂ, 23 ਜੁਲਾਈ (ਅਵਤਾਰ ਸਿੰਘ ਅਣਖੀ)-ਪਿੰਡ ਮਾਂਗੇਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਨਾਥ ਸਿੰਘ ਹਮੀਦੀ ਅਤੇ ਇਸਤਰੀ ਅਕਾਲੀ ਦਲ ਦੀ ਹਲਕਾ ਪ੍ਰਧਾਨ ਬਲਜੀਤ ਕੌਰ ਖ਼ਾਲਸਾ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਅਰਥੀ ਫ਼ੂਕ ਰੋਸ ਪ੍ਰਦਰਸ਼ਨ ਕੀਤਾ ਗਿਆ। ਆਗੂਆਂ ਨੇ ਆਪਣੀਆਂ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਸਫ਼ਾਈ ਕਰਮਚਾਰੀਆਂ ’ਤੇ ਬਰਨਾਲਾ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਦੀ ਕਰੜੇ ਸ਼ਬਦਾਂ ’ਚ ਨਿਖੇਧੀ ਕਰਦਿਆਂ ਇਸ ਧੱਕੇਸ਼ਾਹੀ ਖ਼ਿਲਾਫ਼ ਸਮੂਹ ਇਨਸਾਫ਼ ਪਸੰਦ ਜਥੇਬੰਦੀਆਂ ਨੂੰ ਇੱਕਜੁੱਟ ਹੋਣ ਦੀ ਅਪੀਲ ਕੀਤੀ। ਇਸ ਮੌਕੇ ਬੀਬੀ ਬਲਜੀਤ ਕੌਰ ਨੇ ਕਿਹਾ ਕਿ ਆਪਣੀਆਂ ਜਾਇਜ਼ ਮੰਗਾਂ ਲਈ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਸਫ਼ਾਈ ਸੇਵਕਾਂ ’ਤੇ ਲਾਠੀਚਾਰਜ ਕਰਨਾ ਲੋਕਤੰਤਰਿਕ ਕਦਰਾਂ-ਕੀਮਤਾਂ ਅਤੇ ਸੰਵਿਧਾਨਕ ਅਧਿਕਾਰਾਂ ਦਾ ਘਾਣ ਹੈ। ਉਨ੍ਹਾਂ ਕਿਹਾ ਕਿ ਹਰ ਨਾਗਰਿਕ ਨੂੰ ਆਪਣੀਆਂ ਮੰਗਾਂ ਸ਼ਾਂਤਮਈ ਢੰਗ ਨਾਲ ਰੱਖਣ ਦਾ ਹੱਕ ਹੈ, ਪਰ ਪੰਜਾਬ ਸਰਕਾਰ ਹੱਕ ਮੰਗਦੇ ਲੋਕਾਂ ਦੀਆਂ ਭਖਦੀਆਂ ਮੰਗਾਂ ਨੂੰ ਲਾਗੂ ਕਰਨ ਦੀ ਬਜਾਏ ਡੰਡੇ ਦੇ ਜ਼ੋਰ ਨਾਲ ਦਬਾਉਣ ਦਾ ਭਰਮ ਪਾਲ ਰਹੀ ਹੈ। ਜਥੇ: ਨਾਥ ਸਿੰਘ ਹਮੀਦੀ ਨੇ ਕਿਹਾ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ ਗਏ ਅਤੇ ਹੁਣ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਕਰਮਚਾਰੀਆਂ ’ਤੇ ਲਾਠੀਚਾਰਜ ਕਰ ਕੇ ਸਰਕਾਰ ਨੇ ਆਪਣਾ ਅਸਲ ਚਿਹਰਾ ਸਾਹਮਣੇ ਲਿਆ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗਰਮੀ ਅਤੇ ਬਰਸਾਤ ਦੇ ਮੌਸਮ ਵਿਚ ਸਫ਼ਾਈ ਪ੍ਰਬੰਧ ਬਹੁਤ ਮਹੱਤਵਪੂਰਨ ਹੁੰਦੇ ਹਨ, ਇਸ ਲਈ ਸਰਕਾਰ ਨੂੰ ਟਕਰਾਅ ਦੀ ਬਜਾਏ ਭਰੋਸੇ ਦਾ ਮਾਹੌਲ ਬਣਾ ਕੇ ਕਰਮਚਾਰੀਆਂ ਨਾਲ ਗੱਲਬਾਤ ਕਰਨੀ ਚਾਹੀਦੀ ਸੀ। ਉਨ੍ਹਾਂ ਪੀੜਤ ਸਫ਼ਾਈ ਮਜ਼ਦੂਰਾਂ ਦੇ ਸੰਘਰਸ਼ ਨੂੰ ਭਰਵਾਂ ਸਹਿਯੋਗ ਦੇਣ ਦਾ ਐਲਾਨ ਕੀਤਾ। ਇਸ ਮੌਕੇ ਜਥੇ: ਕੁਲਵੰਤ ਸਿੰਘ ਜਗਦੇ ਪ੍ਰਧਾਨ ਬੀ ਸੀ ਵਿੰਗ, ਹਰਜਿੰਦਰ ਸਿੰਘ ਮਾਂਗੇਵਾਲ, ਕੁਲਵਿੰਦਰ ਸਿੰਘ ਮਾਂਗੇਵਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲਾਠੀਚਾਰਜ ਦੀ ਨਿਰਪੱਖ ਜਾਂਚ ਕਰਵਾ ਕੇ, ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਜੀਵਨ ਸਿੰਘ ਕੁਰੜ, ਮਲਕੀਤ ਸਿੰਘ, ਸੁਖਜੀਤ ਕੌਰ ਕੁਰੜ, ਪਰਮਜੀਤ ਸਿੰਘ ਪੰਜਗਰਾਈਆਂ, ਬਖ਼ਸ਼ੀਸ਼ ਸਿੰਘ ਮਾਂਗੇਵਾਲ, ਪਰਮਜੀਤ ਸਿੰਘ, ਹਰਮਨਜੀਤ ਸਿੰਘ, ਹਰਜੀਤ ਸਿੰਘ ਬਾਜਵਾ, ਗੁਰਚਰਨ ਸਿੰਘ, ਜਸਵੀਰ ਕੌਰ ਕੁਰੜ, ਗੁਰਮੇਲ ਕੌਰ, ਬੇਅੰਤ ਕੌਰ, ਦਲਜੀਤ ਕੌਰ, ਬਲਵਿੰਦਰ ਕੌਰ, ਕਿਰਨਜੀਤ ਕੌਰ, ਪਰਮਜੀਤ ਕੌਰ, ਕਿਰਨਪਾਲ ਕੌਰ ਮਾਂਗੇਵਾਲ ਆਦਿ ਹਾਜ਼ਰ ਸਨ।