ਅਭਿਆਨ ਫਾਊਡੇਸ਼ਨ ਨੇ ਕਰਵਾਇਆ ਸਮਾਗਮ
ਅਜੀਤ ਡੈਸਕ
24-07-2026
ਸੰਗਰੂਰ, 23 ਜੁਲਾਈ (ਅਮਨਦੀਪ ਸਿੰਘ ਬਿੱਟਾ) – ਸਮਾਜ ਸੇਵੀ ਸੰਸਥਾ ਅਭਿਆਨ ਫਾਊਡੇਸ਼ਨ ਵੱਲੋਂ ਸੰਤ ਤੇਜਾ ਸਿੰਘ ਹਾਲ, ਅਕਾਲ ਕਾਲਜ ਆਫ ਫਿਜੀਕਲ ਐਜੂਕੇਸ਼ਨ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਮੀਡੀਆ ਖੇਤਰ ਵਿੱਚ ਨਿਵੇਕਲੀ ਇਤਿਹਾਸਕ ਪਹਿਲਕਦਮੀ ਕਰਦਿਆਂ ਰੇਡੀਓ ਸਾਂਝ ਐਫ.ਐਮ. ਰੇਡਿਓ ਸਟੇਸ਼ਨ ਆਰੰਭ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਵਜੋਂ ਕਮਿਊਨਿਟੀ ਰੇਡੀਓ ਸਟੇਸ਼ਨ ਦਾ ਉਦਘਾਟਨ ਪੰਜਾਬੀ ਅਦਾਕਾਰਾ ਸੰਦੀਪ ਕੌਰ ਸਿੱਧੂ ਅਤੇ ਫਿਲਮ ਪ੍ਰਡਿਊਸਰ ਜਤਿੰਦਰ ਚੋਹਾਨ ਨੇ ਕੀਤਾ। ਸਮਾਗਮ ਦੀ ਪ੍ਰਧਾਨਗੀ ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕੌਸਲ ਮਸਤੂਆਣਾ ਸਾਹਿਬ ਨੇ ਕੀਤੀ। ਸਾਲ 2011 ਵਿੱਚ ਸਥਾਪਤ ਅਭਿਆਨ ਫਾਊਡੇਸ਼ਨ ਸਿੱਖਿਆ, ਸਿਹਤ, ਖੇਡਾਂ, ਵਾਤਾਵਰਨ ਜਾਗਰੂਕਤਾ ਪੇਡੂ ਮਹਿਲਾਵਾਂ ਦੇ ਆਰਥਿਕ ਸ਼ਸਕਤੀਕਰਨ ਤੋਂ ਇਲਾਵਾ 2011 ਤੋਂ ਸੰਸਥਾ 25 ਬਜੁਰਗਾਂ ਦੀ ਦੇਖਭਾਲ ਲਈ ਬਿਰਧ ਆਸ਼ਰਮ ਚਲਾ ਰਹੀ ਹੈ। ਸੰਦੀਪ ਕੌਰ ਸਿੱਧੂ ਨੇ ਅਭਿਆਨ ਫਾਊਡੇਸ਼ਨ ਦੀ ਪਹਿਲਕਦਮੀ ਉੱਪਰ ਸੰਸਥਾ ਨੂੰ ਵਧਾਈ ਦਿੰਦਿਆ ਆਸ ਜਤਾਈ ਕਿ ਰੇਡੀਓ ਸਾਂਝ ਲੋਕਾਂ ਨੂੰ ਸਿੱਖਿਅਤ ਦੇ ਨਾਲ ਨਾਲ ਸਥਾਨਕ ਅਵਾਜਾਂ, ਪ੍ਰਤੀਭਾਵਾ ਨੂੰ ਮਹੱਤਵਪੂਰਨ ਮੰਚ ਪ੍ਰਦਾਨ ਕਰੇਗਾ। ਇਹ ਮੰਚ ਲੋਕਾਂ ਦੀਆਂ ਲੋੜਾਂ ਨੂੰ ਸੰਵਾਦ, ਜਾਗਰੂਕਤਾ ਨੂੰ ਉਤਸ਼ਾਹ ਕਰੇਗਾ।