ਬਰਨਾਲਾ, 24 ਜੁਲਾਈ (ਅਸ਼ੋਕ ਭਾਰਤੀ)-ਬਰਨਾਲਾ ਜ਼ਿਲ੍ਹੇ ਦੀਆਂ ਸਮੂਹ ਮੁਲਾਜ਼ਮ ਅਤੇ ਪੈਨਸ਼ਨਰਜ਼ ਜਥੇਬੰਦੀਆਂ ਵਲੋਂ ਤਰਕਸ਼ੀਲ ਭਵਨ ਬਰਨਾਲਾ ਵਿਚ 7 ਅਗਸਤ, ਮੁਹਾਲੀ ਮਹਾਂ ਰੈਲੀ ਦੀ ਤਿਆਰੀ ਸੰਬੰਧੀ ਭਰਵੀਂ ਮੀਟਿੰਗ ਕੀਤੀ ਗਈ। ਇਸ ਮੌਕੇ ਕਰਮਜੀਤ ਬੀਹਲਾ, ਤਰਸੇਮ ਭੱਠਲ, ਬਲਜਿੰਦਰ ਪ੍ਰਭੂ, ਰਮੇਸ਼ ਹਮਦਰਦ, ਮੋਹਣ ਸਿੰਘ ਛੰਨਾ, ਪ੍ਰਿੰਸੀਪਲ ਕੌਰ ਸਿੰਘ, ਹਰਭੋਲ ਸਿੰਘ, ਕੁਲਵੀਰ ਸਿੰਘ ਔਲਖ, ਗਮਦੂਰ ਸਿੰਘ ਨੇ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਪੰਜਾਬ ਦੇ ਮੁਲਾਜ਼ਮਾਂ ਲਈ ਪੰਜਾਬ ਤਨਖ਼ਾਹ ਸਕੇਲ ਅਤੇ ਪੁਰਾਣੀ ਪੈਨਸ਼ਨ ਲਾਗੂ ਕਰਨ ਵਾਅਦਾ ਕੀਤਾ ਸੀ। ਪਰ ‘ਆਪ’ ਸਰਕਾਰ ਹੋਂਦ ਵਿਚ ਆਉਣ ਤੋਂ ਬਾਅਦ ਚਾਰ ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਕੇਲ, ਪੁਰਾਣੀ ਪੈਨਸ਼ਨ, ਡੀ.ਏ. ਅਤੇ ਭੱਤਿਆਂ ਦੀ ਬਹਾਲੀ ਤੋਂ ਭੱਜ ਰਹੀ ਹੈ। ਮੀਟਿੰਗ ਦੌਰਾਨ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ’ਤੇ 7 ਅਗਸਤ 2026 ਨੂੰ ਮੁਹਾਲੀ ਵਿਖੇ ਹੋਣ ਜਾ ਰਹੀ ਵਿਸ਼ਾਲ ਸੂਬਾ ਪੱਧਰੀ ਮਹਾਂ ਰੈਲੀ ਵਿਚ ਬਰਨਾਲਾ ਜ਼ਿਲੇ੍ਹ ਵਿਚੋਂ ਸਮੂਹ ਮੁਲਾਜ਼ਮ ਅਤੇ ਪੈਨਸ਼ਨਰਜ਼ ਹਜ਼ਾਰਾਂ ਦੀ ਗਿਣਤੀ ਵਿਚ ਸ਼ਮੂਲੀਅਤ ਕਰਵਾਉਣ ਲਈ ਮਿਤੀ 30 ਜੁਲਾਈ ਤੱਕ ਬਰਨਾਲਾ ਜ਼ਿਲੇ੍ਹ ਦੇ ਵੱਡੇ ਪਿੰਡਾਂ ਵਿਚ ਮੀਟਿੰਗਾਂ ਕਰ ਕੇ ਲਾਮਬੰਦ ਕੀਤਾ ਜਾਵੇਗਾ। ਪਿਛਲੇ ਦਿਨੀਂ ਬਰਨਾਲਾ ਪੁਲਿਸ ਪ੍ਰਸ਼ਾਸਨ ਵਲੋਂ ਪੰਜਾਬ ਸਰਕਾਰ ਦੀ ਸ਼ਹਿ ਉਪਰ ਸਫ਼ਾਈ ਸੇਵਕਾਂ ਦਾ ਸੰਘਰਸ਼ ਖਿਡਾਉਣ ਲਈ ਕੀਤੇ ਗਏ ਅਣਮਨੁੱਖੀ ਲਾਠੀਚਾਰਜ ਦੀ ਸਖ਼ਤ ਨਿੰਦਿਆਂ ਕਰਦੇ ਹੋਏ ਸਫ਼ਾਈ ਕਾਮਿਆਂ ਦੇ ਸੰਘਰਸ਼ ਨਾਲ ਇੱਕਜੁੱਟਤਾ ਪ੍ਰਗਟ ਕੀਤੀ ਗਈ। ਮੀਟਿੰਗ ਵਿਚ ਨੀਟ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ ਹੋਣ ਦੀ ਜ਼ਿੰਮੇਵਾਰੀ ਤੈਅ ਕਰਵਾਉਣ ਲਈ ਦੇਸ਼ ਭਰ ਦੇ ਨੌਜਵਾਨਾਂ ਵਲੋਂ ਦਿੱਲੀ ਦੇ ਜੰਤਰ-ਮੰਤਰ ’ਤੇ ਚੱਲ ਰਹੇ ਅੰਦੋਲਨ ਵਿਚ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਕੀਤੇ ਜਬਰ ਦੀ, ਅਮਰੀਕਾ ਭਾਰਤ ਮੁਕਤ ਵਪਾਰ ਸਮਝੌਤੇ ਦਾ ਵਿਰੋਧ ਕਰ ਰਹੇ ਕਿਸਾਨਾਂ ਉੱਪਰ ਲਾਠੀਚਾਰਜ ਅਤੇ ਖੰਨਾ ਵਿਚ ਮਨਰੇਗਾ ਕਾਮਿਆਂ ਦੇ ਉਪਰ ਕੀਤੇ ਗਏ ਪੁਲਿਸ ਜ਼ਬਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਰਾਜੀਵ ਕੁਮਾਰ, ਦਰਸ਼ਨ ਚੀਮਾ, ਸ਼ਿੰਦਰ ਧੌਲਾ, ਗੁਰਲਾਭ ਸਿੰਘ ਮੌੜ, ਹਰਦੇਵ ਸਿੰਘ ਪੰਡੋਰੀ, ਨਿਰਮਲਜੀਤ ਚਾਨੇ, ਖ਼ੁਸ਼ੀਆ ਸਿੰਘ, ਪਰਮਜੀਤ ਪਾਸੀ, ਬਲਵੰਤ ਸਿੰਘ, ਮਨਜੀਤ ਸਿੰਘ, ਪਰਮਿੰਦਰ ਸਿੰਘ ਬਰਨਾਲਾ, ਕੇਵਲ ਸਿੰਘ ਧਨੌਲਾ, ਹਰਜਿੰਦਰ ਸਿੰਘ ਰੂੜੇਕੇ ਕਲਾਂ ਨੇ ਦੱਸਿਆ ਕਿ ਛੇ ਸਾਲ ਪਹਿਲਾਂ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਲਈ ਨਵੇਂ ਤਨਖ਼ਾਹ ਸਕੇਲ ਲਾਗੂ ਕਰਨ ਮੌਕੇ ਵਿਰੋਧੀ ਧਿਰ ਦੇ ਤੌਰ ’ਤੇ ਆਮ ਆਦਮੀ ਪਾਰਟੀ ਨੇ ਕਾਂਗਰਸ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਸੀ ਅਤੇ ਪੰਜਾਬ ਦੇ ਮੁਲਾਜ਼ਮਾਂ ਨਾਲ ਇਹ ਵਾਅਦਾ ਕੀਤਾ ਸੀ ਕੇ ਉਨ੍ਹਾਂ ਦੀ ਸਰਕਾਰ ਬਣਦਿਆਂ ਹੀ ਇਸ ਨੋਟੀਫ਼ਿਕੇਸ਼ਨ ਨੂੰ ਰੱਦ ਕਰ ਦਿੱਤਾ ਜਾਵੇਗਾ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਕੀਤੇ ਹੋਏ ਬਾਕੀ ਵਾਅਦਿਆਂ ਦੀ ਤਰ੍ਹਾਂ ਇਸ ਵਾਅਦੇ ਤੋਂ ਵੀ ਨੰਗੇ ਚਿੱਟੇ ਰੂਪ ਵਿਚ ਮੁੱਕਰ ਚੁੱਕੀ ਹੈ। ਇੱਕ ਪਾਸੇ ਪੰਜਾਬ ਦੇ ਮੁਲਾਜ਼ਮ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਕਰ ਰਹੇ ਹਨ, ਪਰ ਦੂਜੇ ਪਾਸੇ ਮੌਜੂਦਾ ਸੱਤਾ ਧਿਰ ਮਹਿੰਗਾਈ ਭੱਤਾ (ਡੀ.ਏ.) ਦੇਣ ਤੋਂ ਵੀ ਮੁੱਕਰ ਚੁੱਕੀ ਹੈ ਅਤੇ ਪੈਂਡਿੰਗ ਡੀ ਏ 18 ਫ਼ੀਸਦੀ ਤੱਕ ਪਹੁੰਚ ਗਿਆ ਹੈ, ਇਸ ਤੋਂ ਇਲਾਵਾ ਪੇਂਡੂ ਅਤੇ ਬਾਰਡਰ ਇਲਾਕਾ ਭੱਤੇ ਵੀ ਬਹਾਲ ਨਹੀਂ ਕੀਤੇ ਗਏ ਅਤੇ ਨਾ ਹੀ ਕੰਪਿਊਟਰ ਅਧਿਆਪਕਾਂ, ਐਸੋਸੀਏਟ ਟੀਚਰਜ਼ ਸਮੇਤ ਕੱਚੇ ਮੁਲਾਜ਼ਮਾਂ ਨੂੰ ਵਿਭਾਗ ਵਿਚ ਪੱਕਾ ਕੀਤਾ ਗਿਆ ਹੈ। ਇਸ ਸਥਿਤੀ ਵਿਚ ਪੰਜਾਬ ਦੇ ਮੁਲਾਜ਼ਮਾਂ ਵਿਚ ਸਰਕਾਰ ਪ੍ਰਤੀ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੱਚੇ, ਮਾਣ ਭੱਤੇ, ਆਊਟਸੋਰਸ ਵਾਲੇ ਕਾਮਿਆਂ ਆਸ਼ਾ ਵਰਕਰ, ਮਿਡ ਮੀਲ ਵਰਕਰ ਅਤੇ ਆਂਗਣਵਾੜੀ ਵਰਕਰਾਂ ਨੂੰ ਪੱਕੇ ਕੀਤਾ ਜਾਵੇ। ਇਸ ਮੌਕੇ ਸਤਿੰਦਰਪਾਲ ਜੱਸੜ੍ਹ, ਅਨਿਲ ਕੁਮਾਰ, ਤੇਜਿੰਦਰ ਤੇਜ਼ੀ, ਰਵਿੰਦਰ ਸ਼ਰਮਾ, ਬਲਵਿੰਦਰ ਸਿੰਘ, ਬਹਾਦਰ ਸੇਖਾ, ਜਗਦੀਸ਼ ਨਾਈਵਾਲਾ, ਕੁਲਵੰਤ ਸਿੰਘ ਢਿੱਲਵਾਂ, ਕਮਲਜੀਤ ਸਿੰਘ ਝਲੂਰ, ਜਗਤਾਰ ਖੇੜੀ, ਕੇਵਲ ਸਿੰਘ ਪੰਡੋਰੀ, ਅਮਰਜੀਤ ਧਨੌਲਾ, ਚਮਕੌਰ ਕੈਰੇ ਆਦਿ ਹਾਜ਼ਰ ਸਨ।