ਤਪਾ ਮੰਡੀ, 24 ਜੁਲਾਈ (ਪ੍ਰਵੀਨ ਗਰਗ)-ਬਾਜ਼ੀਗਰ ਬਸਤੀ ਵਾਸੀਆਂ ਵਲੋਂ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਹੋ ਕੇ ਪਾਵਰਕਾਮ ਖ਼ਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇਸ ਮੌਕੇ ਇਕੱਠੇ ਹੋਏ ਬਾਜ਼ੀਗਰ ਬਸਤੀ ਦੇ ਬਾਸ਼ਿੰਦਿਆਂ ਪਰਮਜੀਤ ਕੌਰ, ਨਿਆਮਤ ਰਾਏ, ਸਲਾਮਤੇ, ਗੁਰਮੀਤ ਕੌਰ, ਅਮਰਜੀਤ ਕੌਰ, ਭੋਲਾ ਸਿੰਘ, ਬੀਰਬਲ ਸਿੰਘ, ਨੇਕ ਰਾਮ ਸਾਬਕਾ ਕੌਂਸਲਰ, ਜੰਗ ਸਿੰਘ, ਵਰਿੰਦਰ ਸਿੰਘ, ਕਰਤਾਰੋ ਦੇਵੀ ਆਦਿ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਰਾਤ ਵੇਲੇ ਬਿਜਲੀ ਦੇ ਲੰਬੇ ਕੱਟ ਲੱਗ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇੱਕ ਪਾਸੇ ਅੱਤ ਦੀ ਪੈ ਰਹੀ ਗਰਮੀ ਨੇ ਉਨ੍ਹਾਂ ਦਾ ਜਿਊਣਾ ਹਰਾਮ ਕਰ ਰੱਖਿਆ ਹੈ, ਦੂਜੇ ਪਾਸੇ ਲੱਗ ਰਹੇ ਬਿਜਲੀ ਦੇ ਕੱਟਾਂ ਨੇ ਉਨ੍ਹਾਂ ਰਾਤਾਂ ਦੀ ਨੀਂਦ ਉਡਾ ਕੇ ਰੱਖੀ ਹੋਈ ਹੈ, ਜਦ ਕਿ ਉਹ ਦਿਨ ਭਰ ਮਿਹਨਤ ਮਜ਼ਦੂਰੀ ਕਰਨ ਤੋਂ ਬਾਅਦ ਰਾਤ ਸਮੇਂ ਆਪਣੇ ਘਰ ਪਰਤਦੇ ਹਨ ਅਤੇ ਘਰ ਆਉਂਦੇ ਹੀ ਬਿਜਲੀ ਗੁੱਲ ਹੁੰਦੀ ਹੈ ਅਤੇ ਹੁੰਮ੍ਹਸ ਭਰੀ ਗਰਮੀ ਵਿਚ ਰਾਤ ਕੱਟਣੀ ਮੁਸ਼ਕਲ ਹੋ ਜਾਂਦੀ ਹੈ। ਬਿਜਲੀ ਸਪਲਾਈ ਨਾ ਹੋਣ ਕਾਰਨ ਫ਼ਰਿਜਾਂ ’ਚ ਪਿਆ ਖਾਣ ਪੀਣ ਦਾ ਸਾਮਾਨ ਆਦਿ ਖ਼ਰਾਬ ਹੋ ਜਾਂਦੇ ਹਨ। ਉਨ੍ਹਾਂ ਕਈ ਵਾਰ ਪਾਵਰਕਾਮ ਦੇ ਦਫ਼ਤਰ ਵਿਚ ਫ਼ੋਨ ਕਰ ਕੇ ਸ਼ਿਕਾਇਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕਿਸੇ ਨੇ ਫ਼ੋਨ ਨਹੀਂ ਚੁੱਕਿਆ ਅਤੇ ਨਾ ਹੀ ਸਮੱਸਿਆ ਦਾ ਹੱਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਸਪਲਾਈ ਜਲਦੀ ਬਹਾਲ ਨਾ ਕੀਤੀ ਗਈ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ ਅਤੇ ਉੱਚ ਅਧਿਕਾਰੀਆਂ ਦਾ ਘਿਰਾਓ ਵੀ ਕੀਤਾ ਜਾਵੇਗਾ। ਇਸ ਸਬੰਧੀ ਜਦੋਂ ਪਾਵਰਕਾਮ ਦੇ ਐਸ.ਡੀ.ਓ. ਰਾਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਾਵਰਕਾਮ ਦੇ ਕਰਮਚਾਰੀਆਂ ਦੀ ਪਿਛਲੇ ਚਾਰ ਦਿਨਾਂ ਤੋਂ ਮੰਗਾਂ ਨੂੰ ਲੈ ਕੇ ਹੜਤਾਲ ਚੱਲ ਰਹੀ ਹੈ, ਜਿਸ ਕਾਰਨ ਕੰਮਕਾਜ ਪ੍ਰਭਾਵਿਤ ਹੋਇਆ ਹੈ। ਫਿਰ ਵੀ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ ਦੋ ਮੁਲਾਜ਼ਮ ਐਮਰਜੈਂਸੀ ਸੇਵਾਵਾਂ ਲਈ ਤਾਇਨਾਤ ਕੀਤੇ ਗਏ ਹਨ। ਬਸਤੀ ਨਿਵਾਸੀਆਂ ਦੀ ਸਮੱਸਿਆ ਦਾ ਹੱਲ ਵੀ ਜਲਦ ਹੀ ਕਰ ਦਿੱਤਾ ਜਾਵੇਗਾ।