ਬਰਨਾਲਾ, 24 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਕੇਂਦਰ ਸਰਕਾਰ ਦੇ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰਾਲੇ ਵਲੋਂ ਚਲਾਈ ਜਾ ਰਹੀ ਯੋਜਨਾ ਪੀ.ਐਮ. ਰਾਹਤ ਤਹਿਤ ਜ਼ਖਮੀਆਂ ਨੂੰ ਹਸਪਤਾਲ ਵਿਚ ਡੇਢ ਲੱਖ ਰੁਪਏ ਤੱਕ ਦੇ ਨਕਦੀ ਰਹਿਤ ਇਲਾਜ ਦੀ ਸੁਵਿਧਾ ਮਿਲਦੀ ਹੈ। ਇਸ ਤੋਂ ਇਲਾਵਾ ਸੜਕ ਹਾਦਸਿਆਂ ਵਿਚ ਕੀਮਤੀ ਜਾਨਾਂ ਬਚਾਉਣ ਅਤੇ ਹਾਦਸਾਗ੍ਰਸਤ ਪੀੜਤਾਂ ਦੀ ਤੁਰੰਤ ਮਦਦ ਕਰਨ ਵਾਲੇ ਨਾਗਰਿਕਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ‘ਰਾਹਵੀਰ ਯੋਜਨਾ’ ਚਲਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਰਾਹਵੀਰ ਯੋਜਨਾ ਤਹਿਤ ਸੜਕ ਹਾਦਸੇ ਵਿਚ ਜ਼ਖ਼ਮੀ ਹੋਏ ਵਿਅਕਤੀ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਕੇ ਉਸ ਦੀ ਜਾਨ ਬਚਾਉਣ ਵਾਲੇ ਮਦਦਗਾਰ ਨੂੰ ਸਰਕਾਰ ਵਲੋਂ 25 ਹਜ਼ਾਰ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸੜਕ ਹਾਦਸੇ ਤੋਂ ਬਾਅਦ ਦਾ ਪਹਿਲਾ ਇੱਕ ਘੰਟਾ (ਜਿਸ ਨੂੰ ‘ਗੋਲਡਨ ਆਵਰ’ ਕਿਹਾ ਜਾਂਦਾ ਹੈ) ਕਿਸੇ ਵੀ ਜ਼ਖ਼ਮੀ ਦੀ ਜਾਨ ਬਚਾਉਣ ਲਈ ਸਭ ਤੋਂ ਸੁਚੱਜਾ ਅਤੇ ਮਹੱਤਵਪੂਰਨ ਸਮਾਂ ਹੁੰਦਾ ਹੈ। ਇਸ ਸਮੇਂ ਦੌਰਾਨ ਜੇਕਰ ਕੋਈ ਨਾਗਰਿਕ ਬਿਨਾਂ ਆਪਣੀ ਪ੍ਰਵਾਹ ਕੀਤੇ ਪੀੜਤ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਉਂਦਾ ਹੈ ਤਾਂ ਉਸ ਨੂੰ 25,000 ਰੁਪਏ ਦੀ ਨਕਦ ਇਨਾਮੀ ਰਾਸ਼ੀ ਅਤੇ ਵਿਸ਼ੇਸ਼ ਪ੍ਰਸ਼ੰਸਾ ਪੱਤਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੋਈ ਵੀ ਮਦਦਗਾਰ ਵਿਅਕਤੀ ਇੱਕ ਸਾਲ ਵਿਚ ਵੱਧ ਤੋਂ ਵੱਧ 5 ਵਾਰ ਇਸ ਯੋਜਨਾ ਤਹਿਤ ਇਨਾਮ ਪ੍ਰਾਪਤ ਕਰਨ ਦਾ ਹੱਕਦਾਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਮਦਦਗਾਰ ਆਪਣੀ ਮਰਜ਼ੀ ਅਨੁਸਾਰ ਆਪਣਾ ਨਾਮ ਜਾਂ ਪਤਾ ਗੁਪਤ ਰੱਖ ਸਕਦਾ ਹੈ, ਅਤੇ ਉਸ ਉੱਪਰ ਇਲਾਜ ਦਾ ਖਰਚਾ ਦੇਣ ਜਾਂ ਅਦਾਲਤ ਵਿਚ ਗਵਾਹੀ ਦੇਣ ਲਈ ਕੋਈ ਦਬਾਅ ਨਹੀਂ ਪਾਇਆ ਜਾਵੇਗਾ। ਯੋਜਨਾ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਉਣ ਤੋਂ ਬਾਅਦ ਹਸਪਤਾਲ ਦਾ ਡਾਕਟਰ ਪੁਲਿਸ ਨੂੰ ਸੂਚਿਤ ਕਰ ਕੇ ਮਦਦਗਾਰ ਦੀ ਭੂਮਿਕਾ ਦੀ ਪੁਸ਼ਟੀ ਕਰਦਾ ਹੈ। ਇਸ ਤੋਂ ਬਾਅਦ ਪੁਲਿਸ ਰਿਪੋਰਟ ਅਤੇ ਹਸਪਤਾਲ ਦੀ ਵੈਰੀਫਿਕੇਸ਼ਨ ਦੇ ਆਧਾਰ ’ਤੇ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਵਲੋਂ ਬਣਦੀ ਇਨਾਮੀ ਰਾਸ਼ੀ ਸਿੱਧੀ ਮਦਦਗਾਰ ਦੇ ਬੈਂਕ ਖਾਤੇ ਵਿਚ ਭੇਜੀ ਜਾਂਦੀ ਹੈ। ਡਿਪਟੀ ਕਮਿਸ਼ਨਰ ਨੇ ਪੀ.ਐਮ. ਰਾਹਤ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਯੋਜਨਾ ਦਾ ਲਾਭ ਲੈਣ ਲਈ ਹਸਪਤਾਲ ਪ੍ਰਸ਼ਾਸਨ ਵਲੋਂ 24 ਤੋਂ 48 ਘੰਟਿਆਂ ਦੇ ਅੰਦਰ ਪੁਲਿਸ ਨੂੰ ਸੂਚਿਤ ਕਰ ਕੇ ਆਨਲਾਈਨ ਵੈਰੀਫਿਕੇਸ਼ਨ, ਈ-ਡਾਰ ਪੋਰਟਲ ਰਾਹੀਂ ਕਰਵਾਉਣਾ ਲਾਜ਼ਮੀ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਹ ਯੋਜਨਾ, ਹਾਦਸੇ ਦੇ ਤੁਰੰਤ ਬਾਅਦ 1.5 ਲੱਖ ਰੁਪਏ ਤੱਕ ਦਾ ਮੁਫ਼ਤ ਡਾਕਟਰੀ ਇਲਾਜ ਪ੍ਰਦਾਨ ਕਰਦੀ ਹੈ।