ਘੱਗਰ ’ਚ ਪਾਣੀ ਵਧਿਆ, ਸਹਾਇਕ ਨਦੀਆਂ ਦਾ ਪੱਧਰ ਘਟਣ ਲੱਗਾ; ਹੜ੍ਹ ਦਾ ਖ਼ਤਰਾ ਫਿਲਹਾਲ ਟਲਿਆ
ਮੂਣਕ, ਖਨੌਰੀ, 22 ਅਗਸਤ (ਕੇਵਲ ਸਿੰਗਲਾ, ਪ੍ਰਵੀਨ ਮਦਾਨ, ਬਲਵਿੰਦਰ ਸਿੰਘ ਥਿੰਦ) - ਚੰਡੀਗੜ੍ਹ, ਪੰਚਕੂਲਾ ਅਤੇ ਘੱਗਰ ਦੇ ਉੱਪਰਲੇ ਇਲਾਕਿਆਂ ਵਿੱਚ ਪਿਛਲੇ ਦਿਨਾਂ ਦੌਰਾਨ ਹੋਈ ਭਾਰੀ ਬਾਰਸ਼ ਦਾ ਪਾਣੀ ਹੁਣ ਘੱਗਰ ਦਰਿਆ ਰਾਹੀਂ ਹੇਠਲੇ ਇਲਾਕਿਆਂ ਵੱਲ ਪਹੁੰਚਣ ਕਾਰਨ ਖਨੌਰੀ ਅਤੇ ਮੂਣਕ ਵਿਖੇ ਦਰਿਆ ਦੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ, ਪਰ ਇਸ ਦੇ ਨਾਲ ਹੀ ਘੱਗਰ ਵਿੱਚ ਪੈਣ ਵਾਲੀਆਂ ਸਹਾਇਕ ਨਦੀਆਂ ਵਿੱਚ ਪਾਣੀ ਦੀ ਆਮਦ ਘਟਣ ਲੱਗ ਪਈ ਹੈ। ਇਸ ਕਾਰਨ ਫਿਲਹਾਲ ਇਲਾਕੇ ’ਤੇ ਘੱਗਰ ਦੇ ਵੱਡੇ ਹੜ੍ਹ ਦਾ ਖਤਰਾ ਟਲਦਾ ਨਜ਼ਰ ਆ ਰਿਹਾ ਹੈ।
ਮੂਣਕ, ਖਨੌਰੀ, 22 ਅਗਸਤ (ਕੇਵਲ ਸਿੰਗਲਾ, ਪ੍ਰਵੀਨ ਮਦਾਨ, ਬਲਵਿੰਦਰ ਸਿੰਘ ਥਿੰਦ) - ਚੰਡੀਗੜ੍ਹ, ਪੰਚਕੂਲਾ ਅਤੇ ਘੱਗਰ ਦੇ ਉੱਪਰਲੇ ਇਲਾਕਿਆਂ ਵਿੱਚ ਪਿਛਲੇ ਦਿਨਾਂ ਦੌਰਾਨ ਹੋਈ ਭਾਰੀ ਬਾਰਸ਼ ਦਾ ਪਾਣੀ ਹੁਣ ਘੱਗਰ ਦਰਿਆ ਰਾਹੀਂ ਹੇਠਲੇ ਇਲਾਕਿਆਂ ਵੱਲ ਪਹੁੰਚਣ ਕਾਰਨ ਖਨੌਰੀ ਅਤੇ ਮੂਣਕ ਵਿਖੇ ਦਰਿਆ ਦੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ, ਪਰ ਇਸ ਦੇ ਨਾਲ ਹੀ ਘੱਗਰ ਵਿੱਚ ਪੈਣ ਵਾਲੀਆਂ ਸਹਾਇਕ ਨਦੀਆਂ ਵਿੱਚ ਪਾਣੀ ਦੀ ਆਮਦ ਘਟਣ ਲੱਗ ਪਈ ਹੈ। ਇਸ ਕਾਰਨ ਫਿਲਹਾਲ ਇਲਾਕੇ ’ਤੇ ਘੱਗਰ ਦੇ ਵੱਡੇ ਹੜ੍ਹ ਦਾ ਖਤਰਾ ਟਲਦਾ ਨਜ਼ਰ ਆ ਰਿਹਾ ਹੈ। ਖਨੌਰੀ ਵਿਖੇ ਲੱਗੇ ਮਾਪਦੰਡ ਅਨੁਸਾਰ ਅੱਜ ਸਵੇਰੇ 10 ਵਜੇ ਤੋਂ ਲੈ ਕੇ ਆਖ਼ਰੀ ਸਤਰਾਂ ਲਿਖੇ ਜਾਣ ਤੱਕ ਘੱਗਰ ਦਰਿਆ ਦੇ ਪਾਣੀ ਦੇ ਪੱਧਰ ਵਿੱਚ ਕਰੀਬ ਅੱਧੇ ਫੁੱਟ ਦਾ ਵਾਧਾ ਦਰਜ ਕੀਤਾ ਗਿਆ। ਬਾਅਦ ਦੁਪਹਿਰ ਖਨੌਰੀ ਵਿਖੇ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ 739.9 ਫੁੱਟ ਦਰਜ ਕੀਤਾ ਗਿਆ। ਪਾਣੀ ਦੀ ਆਮਦ ਵਿੱਚ ਹੋ ਰਹੇ ਵਾਧੇ ਨੂੰ ਵੇਖਦਿਆਂ ਅੱਜ ਰਾਤ ਤੱਕ ਖਨੌਰੀ ਅਤੇ ਮੂਣਕ ਵਿਖੇ ਪਾਣੀ ਦਾ ਪੱਧਰ ਹੋਰ ਵਧਣ ਦੀ ਸੰਭਾਵਨਾ ਹੈ, ਜਦਕਿ ਮੌਜੂਦਾ ਰੁਝਾਨ ਅਨੁਸਾਰ ਭਲਕੇ ਤੋਂ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋਣ ਦੀ ਉਮੀਦ ਹੈ। ਸਹਾਇਕ ਨਦੀਆਂ ’ਚ ਘਟਿਆ ਪਾਣੀ ਘੱਗਰ ਵਿੱਚ ਪਾਣੀ ਦੀ ਸਥਿਤੀ ਦਾ ਅੰਦਾਜ਼ਾ ਇਸ ਦੀਆਂ ਸਹਾਇਕ ਨਦੀਆਂ ਦੇ ਵਹਾਅ ਤੋਂ ਵੀ ਲਗਾਇਆ ਜਾ ਰਿਹਾ ਹੈ। ਭਾਖੜਪੁਰ ਵਿਖੇ ਸਹਾਇਕ ਨਦੀਆਂ ਵਿੱਚ ਪਾਣੀ ਦੀ ਸਥਿਤੀ ਹੁਣ ਪਹਿਲਾਂ ਨਾਲੋਂ ਕਾਫ਼ੀ ਸੁਧਰੀ ਹੈ। ਇੱਥੇ ਪਾਣੀ ਦਾ ਪੱਧਰ ਨਾ-ਮਾਤਰ ਰਹਿ ਗਿਆ ਹੈ। ਟਾਂਗਰੀ ਨਦੀ ਵਿੱਚ ਪਾਣੀ ਦਾ ਪੱਧਰ ਕਰੀਬ ਤਿੰਨ ਇੰਚ ਘਟ ਕੇ 8.5 ਫੁੱਟ ਰਹਿ ਗਿਆ ਹੈ, ਜਦਕਿ ਮਾਰਕੰਡਾ ਨਦੀ ਵਿੱਚ ਵੀ ਕਰੀਬ ਤਿੰਨ ਇੰਚ ਦੀ ਕਮੀ ਦਰਜ ਕੀਤੀ ਗਈ ਹੈ ਅਤੇ ਇੱਥੇ ਪਾਣੀ ਦਾ ਪੱਧਰ 14.5 ਫੁੱਟ ਚੱਲ ਰਿਹਾ ਹੈ। ਇਸੇ ਤਰ੍ਹਾਂ ਪਟਿਆਲਾ ਨਦੀ ਵਿੱਚ ਇਸ ਸਮੇਂ ਪਾਣੀ ਦੀ ਕੋਈ ਖਾਸ ਆਮਦ ਨਹੀਂ ਹੈ ਅਤੇ ਨਦੀ ਖਾਲੀ ਪਈ ਹੈ। ਘੱਗਰ ਵਿੱਚ ਉੱਪਰਲੇ ਇਲਾਕਿਆਂ ਦਾ ਪਾਣੀ ਪਹੁੰਚਣ ਕਾਰਨ ਖਨੌਰੀ ਅਤੇ ਮੂਣਕ ਵਿੱਚ ਅਗਲੇ ਕੁਝ ਘੰਟਿਆਂ ਦੌਰਾਨ ਪਾਣੀ ਵਧ ਸਕਦਾ ਹੈ, ਪਰ ਜੇਕਰ ਉੱਪਰਲੇ ਕੈਚਮੈਂਟ ਵਿੱਚ ਮੁੜ ਭਾਰੀ ਬਾਰਸ਼ ਨਾ ਹੋਈ ਤਾਂ ਇਹ ਵਾਧਾ ਥੋੜ੍ਹੇ ਸਮੇਂ ਲਈ ਰਹਿਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ 19 ਅਗਸਤ ਨੂੰ ਚੰਡੀਗੜ੍ਹ ਵਿੱਚ ਭਾਰੀ ਮੀਂਹ ਕਾਰਨ ਸ਼ਹਿਰ ਦੇ ਕਈ ਹਿੱਸੇ ਜਲ-ਥਲ ਹੋ ਗਏ ਸਨ। ਭਾਰਤੀ ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਵਿੱਚ ਦੋ ਘੰਟਿਆਂ ਦੌਰਾਨ 72.4 ਮਿ.ਮੀ. ਮੀਂਹ ਦਰਜ ਕੀਤਾ ਗਿਆ, ਜੋ ਇਸ ਮਾਨਸੂਨ ਸੀਜ਼ਨ ਦਾ ਉਸ ਸਮੇਂ ਤੱਕ ਦਾ ਸਭ ਤੋਂ ਭਾਰੀ ਦੋ-ਘੰਟਿਆਂ ਦਾ ਮੀਂਹ ਸੀ। ਡੇਰਾਬੱਸੀ, ਜ਼ੀਰਕਪੁਰ ਵਗੈਰਾ ਖੇਤਰਾਂ ਵਿੱਚ ਵੀ ਭਾਰੀ ਮੀਂਹ ਤੋਂ ਬਾਅਦ ਘੱਗਰ ਵਿੱਚ ਪਾਣੀ ਦਾ ਪੱਧਰ ਅਚਾਨਕ ਵਧਿਆ ਸੀ। ਡ੍ਰੇਨੇਜ ਵਿਭਾਗ ਦੇ ਸੂਤਰਾਂ ਅਨੁਸਾਰ ਘੱਗਰ ਦਰਿਆ ਵਿੱਚ ਮਕੋਰੜ ਨੇੜੇ ਅਤੇ ਜਾਖਲ ਮੰਡੀ ਵਿਖੇ ਅੱਗੇ ਪਾਣੀ ਦੀ ਨਿਕਾਸੀ ਘਟਣ ਕਾਰਨ ਖਨੌਰੀ ਅਤੇ ਮੂਣਕ ਵਿੱਚ ਪਾਣੀ ਦੇ ਪੱਧਰ ਵਿੱਚ ਅੱਜ ਰਾਤ ਤੱਕ ਕੁਝ ਹੋਰ ਵਾਧਾ ਹੋ ਸਕਦਾ ਹੈ। ਇਸ ਦੇ ਬਾਵਜੂਦ ਸਹਾਇਕ ਨਦੀਆਂ ਵਿੱਚ ਪਾਣੀ ਦੀ ਆਮਦ ਘਟਣ ਕਾਰਨ ਭਲਕੇ ਤੋਂ ਘੱਗਰ ਦੇ ਪਾਣੀ ਵਿੱਚ ਵੀ ਕਮੀ ਆਉਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਹਾਲਾਂਕਿ ਵਿਭਾਗ ਵੱਲੋਂ ਪਾਣੀ ਦੇ ਪੱਧਰ ’ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਦੋ ਫੁੱਟ ਉੱਚੇ ਕੀਤੇ ਬੰਨ੍ਹਾਂ ਨਾਲ ਵੀ ਮਿਲਿਆ ਸਹਾਰਾ ਡ੍ਰੇਨੇਜ ਵਿਭਾਗ ਅਨੁਸਾਰ ਇਸ ਸਾਲ ਘੱਗਰ ਦਰਿਆ ਦੇ ਬੰਨ੍ਹਾਂ ਨੂੰ ਕਰੀਬ ਦੋ ਫੁੱਟ ਹੋਰ ਉੱਚਾ ਕੀਤਾ ਗਿਆ ਹੈ। ਇਸ ਨਾਲ ਘੱਗਰ ਵਿੱਚ ਪਾਣੀ ਦਾ ਪੱਧਰ ਵਧਣ ਦੀ ਸਥਿਤੀ ਵਿੱਚ ਵੀ ਦਰਿਆ ਦਾ ਪਾਣੀ ਆਸ-ਪਾਸ ਦੇ ਖੇਤਰਾਂ ਵਿੱਚ ਦਾਖਲ ਹੋਣ ਦਾ ਖਤਰਾ ਪਹਿਲਾਂ ਦੇ ਮੁਕਾਬਲੇ ਘੱਟ ਹੋਇਆ ਹੈ। ਇਸ ਤੋਂ ਇਲਾਵਾ ਪਿਛਲੇ ਸਾਲ ਘੱਗਰ ਵਿੱਚ ਆਏ ਹੜ੍ਹ ਦੌਰਾਨ ਹਲਕਾ ਵਿਧਾਇਕ ਅਤੇ ਮੌਜੂਦਾ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਗੋਇਲ ਦੇ ਸਹਿਯੋਗ ਨਾਲ ਕਿਸਾਨਾਂ ਵੱਲੋਂ ਕੀਤੀ ਗਈ ਜੱਦੋਜਹਿਦ ਸਦਕਾ ਘੱਗਰ ਵਿੱਚ 752 ਫੁੱਟ ਤੱਕ ਪਾਣੀ ਸੁਰੱਖਿਅਤ ਢੰਗ ਨਾਲ ਲੰਘਾਉਣ ਦਾ ਤਜਰਬਾ ਵੀ ਇਸ ਵਾਰ ਪ੍ਰਬੰਧਾਂ ਲਈ ਅਹਿਮ ਮੰਨਿਆ ਜਾ ਰਿਹਾ ਹੈ। ਪਿਛਲੇ ਸਾਲ ਕੀਤੇ ਗਏ ਇਹ ਉਪਰਾਲੇ ਅਤੇ ਬੰਨ੍ਹਾਂ ਦੀ ਮਜ਼ਬੂਤੀ ਆਉਣ ਵਾਲੇ ਸਮੇਂ ਵਿੱਚ ਘੱਗਰ ਦੇ ਹੜ੍ਹਾਂ ਤੋਂ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਲਈ ਲਾਭਦਾਇਕ ਸਾਬਤ ਹੋਣ ਦੀ ਉਮੀਦ ਹੈ। ਫਿਲਹਾਲ ਰਾਹਤ, ਪਰ ਨਿਗਰਾਨੀ ਜ਼ਰੂਰੀ ਮੌਜੂਦਾ ਰੁਝਾਨ ਅਨੁਸਾਰ ਘੱਗਰ ਦੇ ਸੰਭਾਵੀ ਹੜ੍ਹ ਦਾ ਖਤਰਾ ਫਿਲਹਾਲ ਟਲਿਆ ਹੋਇਆ ਮੰਨਿਆ ਜਾ ਰਿਹਾ ਹੈ। ਫਿਰ ਵੀ ਮੌਸਮ ਅਤੇ ਉੱਪਰਲੇ ਕੈਚਮੈਂਟ ਵਿੱਚ ਹੋਣ ਵਾਲੀ ਬਾਰਸ਼ ’ਤੇ ਨਿਰਭਰ ਕਰਦੇ ਹੋਏ ਦਰਿਆ ਦੇ ਪਾਣੀ ਦਾ ਪੱਧਰ ਤੇਜ਼ੀ ਨਾਲ ਬਦਲ ਸਕਦਾ ਹੈ, ਇਸ ਲਈ ਪ੍ਰਸ਼ਾਸਨ ਅਤੇ ਡ੍ਰੇਨੇਜ ਵਿਭਾਗ ਵੱਲੋਂ ਲਗਾਤਾਰ ਨਿਗਰਾਨੀ ਰੱਖਣੀ ਜ਼ਰੂਰੀ ਹੈ।