ਸਿਹਤ ਵਿਭਾਗ ਵਲੋਂ ਮਨਾਇਆ ਜਾ ਰਿਹੈ 41ਵਾਂ ਕੌਮੀ ਅੱਖਾਂ ਦਾਨ ਪੰਦਰ੍ਹਵਾੜਾ
ਬਰਨਾਲਾ, 31 ਅਗਸਤ (ਨਰਿੰਦਰ ਅਰੋੜਾ)-ਸਿਹਤ ਵਿਭਾਗ ਬਰਨਾਲਾ ਵਲੋਂ 8 ਸਤੰਬਰ ਤੱਕ 41ਵਾਂ ਕੌਮੀ ਅੱਖਾਂ ਦਾਨ ਪੰਦਰ੍ਹਵਾੜਾ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ। ਜਿਸ ਸਬੰਧੀ ਜਾਗਰੂਕਤਾ ਪੈਂਫਲੈਟ ਅਤੇ ਬੈਨਰ ਜਾਰੀ ਕੀਤੇ।
ਬਰਨਾਲਾ, 31 ਅਗਸਤ (ਨਰਿੰਦਰ ਅਰੋੜਾ)-ਸਿਹਤ ਵਿਭਾਗ ਬਰਨਾਲਾ ਵਲੋਂ 8 ਸਤੰਬਰ ਤੱਕ 41ਵਾਂ ਕੌਮੀ ਅੱਖਾਂ ਦਾਨ ਪੰਦਰ੍ਹਵਾੜਾ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ। ਜਿਸ ਸਬੰਧੀ ਜਾਗਰੂਕਤਾ ਪੈਂਫਲੈਟ ਅਤੇ ਬੈਨਰ ਜਾਰੀ ਕੀਤੇ। ਇਸ ਪੰਦ੍ਹਰਵਾੜੇ ਦੌਰਾਨ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਕਰਮਚਾਰੀਆਂ ਵਲੋਂ ਆਮ ਲੋਕਾਂ ਨੂੰ ਜਾਗਰੂਕ ਕਰ ਕੇ ਅੱਖਾਂ ਦਾਨ ਕਰਨ ਸਬੰਧੀ ਸਹਿਮਤੀ ਫ਼ਾਰਮ ਭਰਵਾਏ ਜਾਣਗੇ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਬਰਨਾਲਾ ਡਾ: ਹਰੀਪਾਲ ਸਿੰਘ ਸਿੱਧੂ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ-ਕਮ-ਨੋਡਲ ਅਫ਼ਸਰ ਡਾ: ਹਰਜੀਤ ਸਿੰਘ ਨੇ ਦੱਸਿਆ ਕਿ ਅੱਖਾਂ ਦਾਨ ਕਰਨ ਦੀ ਪ੍ਰਕਿਰਿਆ ਸਿਰਫ਼ 10 ਤੋਂ 15 ਮਿੰਟ ਦੀ ਹੁੰਦੀ ਹੈ। ਮੌਤ ਤੋਂ ਬਾਅਦ ਅੱਖਾਂ ਦਾਨ ਕਰਨ ਵਾਲੀ ਟੀਮ ਦੇ ਪਹੁੰਚਣ ਤੱਕ ਮ੍ਰਿਤਕ ਦੀਆਂ ਅੱਖਾਂ ’ਤੇ ਗਿੱਲਾ ਸਾਫ਼ ਕੱਪੜਾ ਰੱਖਣਾ ਚਾਹੀਦਾ ਹੈ ਅਤੇ ਪੱਖਾ ਬੰਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪੀਲੀਆ, ਬਲੱਡ ਕੈਂਸਰ, ਏਡਜ਼ ਅਤੇ ਦਿਮਾਗ਼ੀ ਬੁਖ਼ਾਰ ਨਾਲ ਪੀੜਤ ਵਿਅਕਤੀਆਂ ਦੀਆਂ ਅੱਖਾਂ ਦਾਨ ਨਹੀਂ ਕੀਤੀਆਂ ਜਾ ਸਕਦੀਆਂ। ਸਿਵਲ ਹਸਪਤਾਲ ਬਰਨਾਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਇੰਦੂ ਬਾਂਸਲ ਅਤੇ ਅੱਖਾਂ ਦੇ ਮਾਹਿਰ ਡਾ: ਅਮੋਲਦੀਪ ਕੌਰ ਤੇ ਡਾ: ਦੀਪਤੀ ਨੇ ਜਾਣਕਾਰੀ ਦਿੱਤੀ ਕਿ ਮੌਤ ਦੇ 4 ਤੋਂ 6 ਘੰਟਿਆਂ ਦੇ ਅੰਦਰ-ਅੰਦਰ ਅੱਖਾਂ ਦਾਨ ਕਰਨ ਲਈ ਨੇੜਲੇ ਸਰਕਾਰੀ ਹਸਪਤਾਲ, ਮੈਡੀਕਲ ਕਾਲਜ ਜਾਂ ਆਈ ਬੈਂਕ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਕ ਵਿਅਕਤੀ ਦੇ ਅੱਖਾਂ ਦਾਨ ਕਰਨ ਨਾਲ ਦੋ ਨੇਤਰਹੀਣਾਂ ਦੀ ਜ਼ਿੰਦਗੀ ਰੌਸ਼ਨ ਹੋ ਸਕਦੀ ਹੈ। ਐਨਕਾਂ ਵਾਲੇ, ਲੈਂਜ਼ ਵਰਤਣ ਵਾਲੇ ਜਾਂ ਅੱਖਾਂ ਦਾ ਆਪ੍ਰੇਸ਼ਨ ਕਰਵਾ ਚੁੱਕੇ ਵਿਅਕਤੀ ਵੀ ਅੱਖਾਂ ਦਾਨ ਕਰ ਸਕਦੇ ਹਨ। ਦੱਸਿਆ ਕਿ ਲੱਖਾਂ ਦੀ ਗਿਣਤੀ ਵਿਚ ਲੋਕ ਨੇਤਰਹੀਣ ਹਨ। ਕੋਈ ਵੀ ਵਿਅਕਤੀ ਮੌਤ ਤੋਂ ਬਾਅਦ ਅੱਖਾਂ ਦਾਨ ਕਰ ਕੇ ਨੇਤਰਹੀਣ ਵਿਅਕਤੀਆਂ ਦੀ ਜ਼ਿੰਦਗੀ ਨੂੰ ਰੌਸ਼ਨ ਕਰ ਸਕਦਾ ਹੈ। ਸਿਹਤ ਵਿਭਾਗ ਵਲੋਂ ਸਮੂਹ ਜ਼ਿਲ੍ਹਾ ਬਰਨਾਲਾ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅੱਖਾਂ ਦਾਨ ਕਰਨ ਸਬੰਧੀ ਸਿਹਤ ਸੰਸਥਾਵਾਂ ਨਾਲ ਸੰਪਰਕ ਕਰ ਕੇ ਵੱਧ ਤੋਂ ਵੱਧ ਫਾਰਮ ਭਰਨ ਤਾਂ ਜੋ ਨੇਤਰਹੀਣ ਵਿਅਕਤੀਆਂ ਦੀ ਜ਼ਿੰਦਗੀ ਵਿਚ ਨਵਾਂ ਚਾਨਣ ਲਿਆਂਦਾ ਜਾ ਸਕੇ। ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕੁਲਦੀਪ ਸਿੰਘ ਮਾਨ ਅਤੇ ਸਹਾਇਕ ਅਰਾਧਨਾ ਵੀ ਹਾਜ਼ਰ ਸਨ।