ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਡਿਪਟੀ ਕਮਿਸ਼ਨਰ ਵਲੋਂ ਪੈਲਟ ਯੂਨਿਟ ਅਤੇ ਬੇਲਰ ਮਾਲਕਾਂ ਨਾਲ ਮੀਟਿੰਗ
ਬਰਨਾਲਾ, 1 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹੇ ਵਿਚ ਝੋਨੇ ਦੀ ਕਟਾਈ ਦੌਰਾਨ ਪਰਾਲੀ ਦੇ ਸੁਚੱਜੇ, ਵਿਗਿਆਨਕ ਅਤੇ ਵਾਤਾਵਰਨ ਪੱਖੀ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਤਹਿਤ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਪੈਲਟ ਯੂਨਿਟ ਮਾਲਕਾਂ ਅਤੇ ਪਰਾਲੀ ਦੀ ਬੇਲਿੰਗ, ਡੰਪਿੰਗ/ਸਟੋਰੇਜ ਨਾਲ ਜੁੜੇ ਬੇਲਰ ਮਾਲਕਾਂ ਤੇ ਨੁਮਾਇੰਦਿਆਂ ਨਾਲ ਅਹਿਮ ਮੀਟਿੰਗ ਕੀਤੀ ਗਈ।
ਬਰਨਾਲਾ, 1 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹੇ ਵਿਚ ਝੋਨੇ ਦੀ ਕਟਾਈ ਦੌਰਾਨ ਪਰਾਲੀ ਦੇ ਸੁਚੱਜੇ, ਵਿਗਿਆਨਕ ਅਤੇ ਵਾਤਾਵਰਨ ਪੱਖੀ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਤਹਿਤ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਪੈਲਟ ਯੂਨਿਟ ਮਾਲਕਾਂ ਅਤੇ ਪਰਾਲੀ ਦੀ ਬੇਲਿੰਗ, ਡੰਪਿੰਗ/ਸਟੋਰੇਜ ਨਾਲ ਜੁੜੇ ਬੇਲਰ ਮਾਲਕਾਂ ਤੇ ਨੁਮਾਇੰਦਿਆਂ ਨਾਲ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਪਿਛਲੇ ਸਮੇਂ ਦੌਰਾਨ ਬਰਨਾਲਾ ਜ਼ਿਲ੍ਹੇ ਵਿਚ ਪਰਾਲੀ ਦੀ ਖਰੀਦ ਅਤੇ ਖਪਤ ਕਰਨ ਵਾਲੀ ਇੰਡਸਟਰੀ ਦੀ ਘਾਟ ਸੀ, ਪਰ ਹੁਣ ਜ਼ਿਲ੍ਹੇ ਵਿਚ 9 ਪੈਲਟ ਯੂਨਿਟ ਸਥਾਪਿਤ ਹੋ ਚੁੱਕੇ ਹਨ ਅਤੇ ਕਰੀਬ 16 ਪਰਾਲੀ ਡੰਪ/ਸਟੋਰੇਜ ਸਥਾਨ ਲਗਾਏ ਜਾ ਰਹੇ ਹਨ। ਇਨ੍ਹਾਂ ਯੂਨਿਟਾਂ ਦੇ ਚਾਲੂ ਹੋਣ ਨਾਲ ਜ਼ਿਲ੍ਹੇ ਵਿਚ ਹੀ ਪਰਾਲੀ ਦੀ ਮੰਗ ਅਤੇ ਖਪਤ ਵਿਚ ਵੱਡਾ ਵਾਧਾ ਹੋਣ ਦੀ ਸੰਭਾਵਨਾ ਹੈ ਅਤੇ ਕਿਸਾਨਾਂ ਲਈ ਪਰਾਲੀ ਨੂੰ ਖੇਤਾਂ ਵਿਚ ਸਾੜਨ ਦੀ ਬਜਾਏ ਇਸ ਦੇ ਯੋਗ ਪ੍ਰਬੰਧਨ ਦਾ ਇੱਕ ਹੋਰ ਮਜ਼ਬੂਤ ਵਿਕਲਪ ਉਪਲਬਧ ਹੋਵੇਗਾ। ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬੇਲਰ ਮਾਲਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਪਰਾਲੀ ਇਕੱਠੀ ਕਰਨ ਲਈ ਹੋਰਨਾਂ ਜ਼ਿਲਿ੍ਹਆਂ ਵੱਲ ਜਾਣ ਦੀ ਬਜਾਏ ਬਰਨਾਲਾ ਜ਼ਿਲ੍ਹੇ ਵਿਚ ਹੀ ਵੱਧ ਤੋਂ ਵੱਧ ਕੰਮ ਕਰਨ। ਇਸ ਨਾਲ ਸਥਾਨਕ ਪੈਲਟ ਯੂਨਿਟਾਂ ਅਤੇ ਡੰਪਾਂ ਦੀ ਪਰਾਲੀ ਸਬੰਧੀ ਮੰਗ ਪੂਰੀ ਕਰਨ ਦੇ ਨਾਲ-ਨਾਲ ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਸਮੇਂ ਸਿਰ ਸਹੂਲਤ ਮੁਹੱਈਆ ਕਰਵਾਉਣ ਵਿਚ ਮਦਦ ਮਿਲੇਗੀ। ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਵਾਰ ਨਿਗਰਾਨੀ ਪ੍ਰਬੰਧ ਹੋਰ ਮਜ਼ਬੂਤ ਕੀਤੇ ਗਏ ਹਨ। ਸੈਟੇਲਾਈਟ ਰਾਹੀਂ ਖੇਤਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾਵੇਗੀ, ਜਦਕਿ ਵੱਧ ਅੱਗ ਲੱਗਣ ਵਾਲੇ ਹੌਟਸਪਾਟ ਪਿੰਡਾਂ ਵਿਚ ਡਰੋਨ ਰਾਹੀਂ ਵੀ ਤਿੱਖੀ ਨਜ਼ਰ ਰੱਖੀ ਜਾਵੇਗੀ। ਇਸ ਦੇ ਨਾਲ ਹੀ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਜ਼ਮੀਨੀ ਪੱਧਰ ’ਤੇ ਵੀ ਨਿਗਰਾਨੀ ਅਤੇ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਣਗੀਆਂ। ਮੀਟਿੰਗ ਵਿਚ ਵਿਵੇਕ ਮੋਦੀ ਏ.ਡੀ.ਸੀ. (ਜਨਰਲ), ਡਾ. ਸੁਖਪਾਲ ਸਿੰਘ ਮੁੱਖ ਖੇਤੀਬਾੜੀ ਅਫ਼ਸਰ, ਬੇਅੰਤ ਸਿੰਘ ਟੈਕਨੀਕਲ ਗ੍ਰੇਡ-1, ਭੁਪਿੰਦਰ ਸਿੰਘ, ਸੁਨੀਤਾ ਸ਼ਰਮਾ ਸਹਾਇਕ ਨੋਡਲ ਅਫ਼ਸਰ (ਪਰਾਲੀ), ਰਾਜੇਸ਼ ਕੁਮਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਆਦਿ ਅਧਿਕਾਰੀ ਹਾਜ਼ਰ ਸਨ।