ਖੇਡਾਂ ਵਤਨ ਪੰਜਾਬ ਦੀਆਂ ’ਚ 87 ਸਾਲਾ ਛੱਜੂ ਰਾਮ ਨੇ ਲੰਬੀ ਛਾਲ ਅਤੇ ਸ਼ਾਟਪੁੱਟ ’ਚ ਸੋਨ ਤਗਮਾ ਜਿੱਤਿਆ
ਸੁੰਦਰ ਸਿੰਘ ਨੇ 800 ਮੀਟਰ ਦੌੜ ’ਚ ਮਾਰੀ ਬਾਜ਼ੀ
ਬਰਨਾਲਾ, 15 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਖੇਡਾਂ ਵਤਨ ਪੰਜਾਬ ਦੀਆਂ ਦੇ ਬਲਾਕ ਬਰਨਾਲਾ ਦੇ ਅੱਜ ਦੂਜੇ ਦਿਨ ਹੋਏ ਮੁਕਾਬਲਿਆਂ ਵਿਚ ਬਜ਼ੁਰਗ ਅਥਲੀਟਾਂ ਨੇ ਬਾਜ਼ੀ ਮਾਰੀ ਅਤੇ ਨੌਜਵਾਨਾਂ ਲਈ ਮਿਸਾਲ ਪੇਸ਼ ਕੀਤੀ। 87 ਸਾਲ ਦੇ ਛੱਜੂ ਰਾਮ ਵਾਸੀ ਧਨੌਲਾ ਨੇ ਬਾਬਾ ਕਾਲਾ ਮਹਿਰ ਖੇਡ ਸਟੇਡੀਅਮ ਬਰਨਾਲਾ ਵਿਚ ਅੱਜ ਹੋਏ ਮੁਕਾਬਲਿਆਂ ਵਿਚ 70+ ਸ਼੍ਰੇਣੀ ’ਚ ਲੰਬੀ ਛਾਲ ਅਤੇ ਸ਼ਾਟਪੁੱਟ ਵਿਚ ਸੋਨ ਤਗਮਾ ਜਿੱਤਿਆ।
ਬ
ਬਲਾਕ ਬਰਨਾਲਾ ਦੀਆਂ ਖੇਡਾਂ ਵਿਚ 87 ਸਾਲ ਦੇ ਛੱਜੂ ਰਾਮ ਆਪਣੀ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ। ਅਜੀਤ ਤਸਵੀਰ
16-09-2026
ਬਰਨਾਲਾ, 15 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਖੇਡਾਂ ਵਤਨ ਪੰਜਾਬ ਦੀਆਂ ਦੇ ਬਲਾਕ ਬਰਨਾਲਾ ਦੇ ਅੱਜ ਦੂਜੇ ਦਿਨ ਹੋਏ ਮੁਕਾਬਲਿਆਂ ਵਿਚ ਬਜ਼ੁਰਗ ਅਥਲੀਟਾਂ ਨੇ ਬਾਜ਼ੀ ਮਾਰੀ ਅਤੇ ਨੌਜਵਾਨਾਂ ਲਈ ਮਿਸਾਲ ਪੇਸ਼ ਕੀਤੀ। 87 ਸਾਲ ਦੇ ਛੱਜੂ ਰਾਮ ਵਾਸੀ ਧਨੌਲਾ ਨੇ ਬਾਬਾ ਕਾਲਾ ਮਹਿਰ ਖੇਡ ਸਟੇਡੀਅਮ ਬਰਨਾਲਾ ਵਿਚ ਅੱਜ ਹੋਏ ਮੁਕਾਬਲਿਆਂ ਵਿਚ 70+ ਸ਼੍ਰੇਣੀ ’ਚ ਲੰਬੀ ਛਾਲ ਅਤੇ ਸ਼ਾਟਪੁੱਟ ਵਿਚ ਸੋਨ ਤਗਮਾ ਜਿੱਤਿਆ। ਛੱਜੂ ਰਾਮ ਨੇ ਕਿਹਾ ਕਿ ਉਹ ਸਾਲ 1998 ਤੋਂ ਲਗਾਤਾਰ ਬਲਾਕ ਪੱਧਰੀ, ਜ਼ਿਲ੍ਹਾ ਪੱਧਰੀ, ਸੂਬਾ ਪੱਧਰੀ ਅਤੇ ਕੌਮੀ ਖੇਡਾਂ ਵਿਚ ਹਿੱਸਾ ਲੈਣ ਰਹੇ ਹਨ ਅਤੇ ਕੌਮੀ ਪੱਧਰ ਤੱਕ ਪੁਜ਼ੀਸ਼ਨਾਂ ਹਾਸਿਲ ਕਰ ਚੁੱਕੇ ਹਨ। ਦੇਸੀ ਖ਼ੁਰਾਕਾਂ ਖਾ ਕੇ ਤਿਆਰੀ ਕਰਨ ਵਾਲੇ ਵੈਟਰਨ ਅਥਲੀਟ ਸੁੰਦਰ ਸਿੰਘ (ਉਮਰ 59 ਸਾਲ) ਨੇ 800 ਮੀਟਰ ਦੌੜ ਵਿਚ 51-60 ਉਮਰ ਵਰਗ ਵਿਚ ਸੋਨ ਤਗਮਾ ਹਾਸਲ ਕੀਤਾ। ਇਸ ਮੁਕਾਬਲੇ ਵਿਚ ਦੂਜਾ ਸਥਾਨ ਸਰਬਜੀਤ ਕੁਮਾਰ ਵਾਸੀ ਬਰਨਾਲਾ ਨੇ ਹਾਸਿਲ ਕੀਤਾ। ਸੁੰਦਰ ਸਿੰਘ ਦੇ ਕੋਚ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਬਹੁਤ ਜਜ਼ਬੇ ਅਤੇ ਦ੍ਰਿੜ੍ਹਤਾ ਨਾਲ ਦੌੜ ਮੁਕਾਬਲਿਆਂ ਦੀ ਤਿਆਰੀ ਕਰਦੇ ਹਨ। ਸੁੰਦਰ ਸਿੰਘ ਇਸ ਤੋਂ ਪਹਿਲਾਂ ਵੀ ਪੰਜਾਬ ਭਰ ਵਿਚ ਹੋਈਆਂ ਵੱਖ-ਵੱਖ ਮੈਰਾਥਨਾਂ ਵਿਚ 5 ਤੇ 10 ਕਿੱਲੋਮੀਟਰ ਦੇ ਮੁਕਾਬਲਿਆਂ ਵਿਚ ਪੁਜ਼ੀਸ਼ਨਾਂ ਪ੍ਰਾਪਤ ਕਰ ਚੁੱਕੇ ਹਨ। ਇਸੇ ਤਰ੍ਹਾਂ 82 ਸਾਲ ਦੇ ਮਾਸਟਰ ਮਹਿੰਦਰ ਸਿੰਘ ਵਾਸੀ ਹੰਡਿਆਇਆ ਨੇ 70+ ਸ਼੍ਰੇਣੀ ਵਿਚ ਲੰਬੀ ਛਾਲ ਅਤੇ ਸ਼ਾਟਪੁੱਟ ਵਿਚ ਚਾਂਦੀ ਦਾ ਤਗਮਾ ਹਾਸਲ ਕੀਤਾ। ਮਹਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਕਰੀਬ 25 ਸਾਲਾਂ ਤੋਂ ਖੇਡਾਂ ਵਿਚ ਹਿੱਸਾ ਲੈ ਰਹੇ ਹਨ। ਜੈਵਲਿਨ ਥਰੋ ਅਤੇ ਹੈਮਰ ਥਰੋ ਵੀ ਕਰਦੇ ਹਨ ਉਹਨਾਂ ਨੌਜਵਾਨਾਂ ਨੂੰ ਖੇਡਾਂ ਵਿਚ ਹਿੱਸਾ ਲੈਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ। ਅੱਜ ਦੀਆਂ ਬਲਾਕ ਪੱਧਰੀ ਖੇਡਾਂ ਵਿਚ ਹਰਨੇਕ ਸਿੰਘ ਉਮਰ 75 ਸਾਲ ਵਾਸੀ ਬਰਨਾਲਾ ਨੇ 100 ਮੀਟਰ ਅਤੇ 400 ਮੀਟਰ ਦੌੜ ਵਿਚ ਹਿੱਸਾ ਲਿਆ ਅਤੇ ਬਿਨਾ ਮੁਕਾਬਲੇ ਜੇਤੂ ਰਹੇ। ਅਥਲੈਟਿਕਸ ਕੋਚ ਜਸਪ੍ਰੀਤ ਸਿੰਘ ਅਤੇ ਹਰਨੇਕ ਸਿੰਘ ਨੇ ਦੱਸਿਆ ਕਿ ਬਲਾਕ ਸ਼ਹਿਣਾ ਦੇ ਮੁਕਾਬਲਿਆਂ ਵਿਚ ਵੀ ਬਜ਼ੁਰਗਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਉਹਨਾਂ ਦੱਸਿਆ ਕਿ ਪਬਲਿਕ ਸਟੇਡੀਅਮ ਭਦੌੜ ਵਿਚ ਹੋਏ ਮੁਕਾਬਲਿਆਂ ਵਿਚ ਬਜ਼ੁਰਗ ਅਥਲੀਟ ਸੁਰਿੰਦਰ ਕੁਮਾਰ ਨੇ 70+ ਸ਼੍ਰੇਣੀ ਵਿਚ ਹਿੱਸਾ ਲਿਆ। ਇਸੇ ਤਰ੍ਹਾਂ ਅਭੈ ਕੁਮਾਰ ਵਾਸੀ ਭਦੌੜ (ਉਮਰ 60+) ਨੇ ਵੀ ਦੌੜ ਵਿਚ ਹਿੱਸਾ ਲਿਆ ਅਤੇ ਆਪਣੀਆਂ ਸ਼੍ਰੇਣੀਆਂ ਵਿਚ ਬਿਨਾ ਮੁਕਾਬਲਾ ਜੇਤੂ ਰਹੇ। ਜ਼ਿਲ੍ਹਾ ਖੇਡ ਅਫ਼ਸਰ ਬਰਨਾਲਾ ਰੁਪੇਸ਼ ਕੁਮਾਰ ਬੇਗੜਾ ਨੇ ਦੱਸਿਆ ਕਿ ਇਹ ਅਥਲੀਟ ਹੁਣ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਹਿੱਸਾ ਲੈਣਗੇ।