ਵਿਸ਼ਵ ਰੇਬੀਜ਼ ਦਿਵਸ ਨੂੰ ਸਮਰਪਿਤ 28 ਤੱਕ ਮਨਾਇਆ ਜਾਵੇਗਾ ਜਾਗਰੂਕਤਾ ਹਫ਼ਤਾ
ਬਰਨਾਲਾ, 22 ਸਤੰਬਰ (ਨਰਿੰਦਰ ਅਰੋੜਾ)-ਸਿਹਤ ਵਿਭਾਗ ਬਰਨਾਲਾ ਵਲੋਂ ਜ਼ਿਲ੍ਹੇ ਦੀਆਂ ਸਮੂਹ ਸਿਹਤ ਸੰਸਥਾਵਾਂ ਵਿਚ ‘ਵਿਸ਼ਵ ਰੇਬੀਜ਼ (ਹਲਕਾਅ) ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਜਾਗਰੂਕਤਾ ਹਫ਼ਤਾ ਅੱਜ ਤੋਂ 28 ਸਤੰਬਰ 2026 ਤੱਕ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਇੰਚਾਰਜ ਸਿਵਲ ਸਰਜਨ ਕਮ ਡਿਪਟੀ ਮੈਡੀਕਲ ਕਮਿਸ਼ਨਰ ਬਰਨਾਲਾ ਡਾ: ਗੁਰਮਿੰਦਰ ਕੌਰ ਔਜਲਾ ਨੇ ਦੱਸਿਆ ਕਿ ਇਸ ਜਾਗਰੂਕਤਾ ਹਫ਼ਤੇ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਰੇਬੀਜ਼ ਵਰਗੀ ਜਾਨਲੇਵਾ ਬਿਮਾਰੀ ਦੇ ਖ਼ਤਰਿਆਂ ਅਤੇ ਇਸ ਤੋਂ ਬਚਾਅ ਦੇ ਤਰੀਕਿਆਂ ਬਾਰੇ ਜਾਗਰੂਕ ਕਰਨਾ ਹੈ।
ਬਰਨਾਲਾ, 22 ਸਤੰਬਰ (ਨਰਿੰਦਰ ਅਰੋੜਾ)-ਸਿਹਤ ਵਿਭਾਗ ਬਰਨਾਲਾ ਵਲੋਂ ਜ਼ਿਲ੍ਹੇ ਦੀਆਂ ਸਮੂਹ ਸਿਹਤ ਸੰਸਥਾਵਾਂ ਵਿਚ ‘ਵਿਸ਼ਵ ਰੇਬੀਜ਼ (ਹਲਕਾਅ) ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਜਾਗਰੂਕਤਾ ਹਫ਼ਤਾ ਅੱਜ ਤੋਂ 28 ਸਤੰਬਰ 2026 ਤੱਕ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਇੰਚਾਰਜ ਸਿਵਲ ਸਰਜਨ ਕਮ ਡਿਪਟੀ ਮੈਡੀਕਲ ਕਮਿਸ਼ਨਰ ਬਰਨਾਲਾ ਡਾ: ਗੁਰਮਿੰਦਰ ਕੌਰ ਔਜਲਾ ਨੇ ਦੱਸਿਆ ਕਿ ਇਸ ਜਾਗਰੂਕਤਾ ਹਫ਼ਤੇ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਰੇਬੀਜ਼ ਵਰਗੀ ਜਾਨਲੇਵਾ ਬਿਮਾਰੀ ਦੇ ਖ਼ਤਰਿਆਂ ਅਤੇ ਇਸ ਤੋਂ ਬਚਾਅ ਦੇ ਤਰੀਕਿਆਂ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਹਫ਼ਤੇ ਦੌਰਾਨ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ, ਸੀ.ਐਚ.ਸੀ. ਅਤੇ ਪੀ.ਐਚ.ਸੀ. ਪੱਧਰ ’ਤੇ ਜਾਗਰੂਕਤਾ ਕੈਂਪ, ਸੈਮੀਨਾਰ ਅਤੇ ਲੋਕਾਂ ਨਾਲ ਸਿੱਧਾ ਸੰਪਰਕ ਕਰ ਕੇ ਜਾਣਕਾਰੀ ਦਿੱਤੀ ਜਾਵੇਗੀ। ਸੀਨੀਅਰ ਡਾ: ਦੀਪਲੇਖ ਸਿੰਘ ਬਾਜਵਾ ਅਤੇ ਡਾ: ਕਰਨਦੀਪ ਸਿੰਘ (ਐਮ.ਡੀ. ਮੈਡੀਸਨ) ਨੇ ਕਿਹਾ ਕਿ ਕਿਸੇ ਵੀ ਜਾਨਵਰ, ਖ਼ਾਸ ਤੌਰ ’ਤੇ ਕੁੱਤਾ, ਬਿੱਲੀ, ਬਾਂਦਰ ਆਦਿ ਦੇ ਵੱਢਣ, ਚੱਟਣ ਜਾਂ ਖਰੋਚ ਮਾਰਨ ਨੂੰ ਕਦੇ ਵੀ ਮਾਮੂਲੀ ਸਮਝ ਕੇ ਅਣਦੇਖਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿਚ ਸਭ ਤੋਂ ਪਹਿਲਾਂ ਜ਼ਖ਼ਮ ਨੂੰ ਤੁਰੰਤ ਸਾਫ਼ ਚੱਲਦੇ ਪਾਣੀ ਅਤੇ ਸਾਬਣ ਨਾਲ ਘੱਟੋ-ਘੱਟ 10 ਤੋਂ 15 ਮਿੰਟ ਤੱਕ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ। ਇਸ ਤੋਂ ਬਾਅਦ ਡਿਟੋਲ ਜਾਂ ਪੋਵੀਡੀਨ ਨਾਲ ਸਾਫ਼ ਕਰ ਕੇ ਬਿਨਾਂ ਕਿਸੇ ਦੇਰੀ ਦੇ ਨੇੜੇ ਦੇ ਸਰਕਾਰੀ ਹਸਪਤਾਲ ਜਾ ਕੇ ਡਾਕਟਰੀ ਸਲਾਹ ਅਨੁਸਾਰ ਇਲਾਜ ਅਤੇ ਪੂਰਾ ਟੀਕਾਕਰਨ ਕਰਵਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਐਂਟੀ-ਰੇਬੀਜ਼ ਵੈਕਸੀਨ (ਏ.ਆਰ.ਵੀ) ਜ਼ਿਲ੍ਹਾ ਹਸਪਤਾਲ ਬਰਨਾਲਾ, ਸਬ-ਡਵੀਜ਼ਨਲ ਹਸਪਤਾਲ ਤਪਾ, ਕਮਿਊਨਿਟੀ ਹੈਲਥ ਸੈਂਟਰ ਮਹਿਲ ਕਲਾਂ ਅਤੇ ਸੀ.ਐਚ.ਸੀ. ਧਨੌਲਾ ਵਿਖੇ ਬਿਲਕੁਲ ਮੁਫ਼ਤ ਉਪਲਬਧ ਹੈ ਅਤੇ 24 ਘੰਟੇ ਲਗਾਈ ਜਾਂਦੀ ਹੈ। ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਤੇ ਸੂਚਨਾ ਅਫ਼ਸਰ ਸ੍ਰੀ ਕੁਲਦੀਪ ਸਿੰਘ ਮਾਨ ਅਤੇ ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਸ੍ਰੀ ਬਲਰਾਜ ਸਿੰਘ ਕਾਲੇਕੇ ਆਦਿ ਹਾਜ਼ਰ ਸਨ।