ਧਰਨੇ ਦੌਰਾਨ ਚਾਹ ਵਾਲੇ ਖੋਖੇ ਤੋਂ 240 ਨਸ਼ੀਲੇ ਕੈਪਸੂਲ ਬਰਾਮਦ
ਧਰਨੇ ਨੇੜੇ ਹੀ ਚਿੱਟੇ ਦਿਨ ਨਸ਼ਾ ਵਿਕਣ ’ਤੇ ਉੱਠੇ ਸਵਾਲ
ਮਹਿਲ ਕਲਾਂ, 15 ਅਕਤੂਬਰ (ਗੁਰਪ੍ਰੀਤ ਸਿੰਘ ਅਣਖੀ)-ਇਕ ਪਾਸੇ ਜਿੱਥੇ ਸਮੁੱਚਾ ਪੰਜਾਬ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਬੰਦ ਹੈ, ਉੱਥੇ ਹੀ ਮਹਿਲ ਕਲਾਂ ਬੱਸ ਸਟੈਂਡ ਵਿਖੇ ਚੱਲ ਰਹੇ ਧਰਨੇ ਦੌਰਾਨ ਸ਼ਰੇਆਮ ਨਸ਼ਾ ਵਿਕਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਅਨਾਜ ਮੰਡੀ ਦੇ ਗੇਟ ਨੰਬਰ 2 ’ਤੇ ਸਥਿਤ ਇਕ ਚਾਹ ਵਾਲੇ ਖੋਖੇ ਤੋਂ 240 ਪ੍ਰੀਗਾਬਾਲਿਨ ਕੈਪਸੂਲ ਬਰਾਮਦ ਕੀਤੇ ਗਏ ਹਨ।
ਮਹਿਲ ਕਲਾਂ, 15 ਅਕਤੂਬਰ (ਗੁਰਪ੍ਰੀਤ ਸਿੰਘ ਅਣਖੀ)-ਇਕ ਪਾਸੇ ਜਿੱਥੇ ਸਮੁੱਚਾ ਪੰਜਾਬ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਬੰਦ ਹੈ, ਉੱਥੇ ਹੀ ਮਹਿਲ ਕਲਾਂ ਬੱਸ ਸਟੈਂਡ ਵਿਖੇ ਚੱਲ ਰਹੇ ਧਰਨੇ ਦੌਰਾਨ ਸ਼ਰੇਆਮ ਨਸ਼ਾ ਵਿਕਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਅਨਾਜ ਮੰਡੀ ਦੇ ਗੇਟ ਨੰਬਰ 2 ’ਤੇ ਸਥਿਤ ਇਕ ਚਾਹ ਵਾਲੇ ਖੋਖੇ ਤੋਂ 240 ਪ੍ਰੀਗਾਬਾਲਿਨ ਕੈਪਸੂਲ ਬਰਾਮਦ ਕੀਤੇ ਗਏ ਹਨ। ਜਾਣਕਾਰੀ ਅਨੁਸਾਰ, ਅਕਾਲੀ ਦਲ (ਵਾਰਿਸ ਪੰਜਾਬ ਦੇ) ਆਗੂ ਗੁਰਜੀਤ ਸਿੰਘ ਮਾਹਮਦਪੁਰ ਦੀ ਟੀਮ ਵਲੋਂ ਨਸ਼ਾ ਤਸਕਰਾਂ ਨੂੰ ਫੜਨ ਲਈ ਇਕ ਯੋਜਨਾ ਬਣਾਈ ਗਈ। ਉਨ੍ਹਾਂ ਆਪਣੇ ਇਕ ਸਾਥੀ ਨੂੰ ਖੋਖੇ ’ਤੇ ਭੇਜਿਆ, ਜਿਸ ਨੇ ਸਰੀਰ ਟੁੱਟਣ ਦੀ ਗੱਲ ਕਹਿ ਕੇ ਨਸ਼ੇ ਦੀ ਮੰਗ ਕੀਤੀ। ਖੋਖੇ ਵਾਲੇ ਨੇ ਉਸ ਨੂੰ 2500 ਰੁਪਏ ’ਚ 5 ਪੱਤੇ ‘ਘੋੜਾ ਕੈਪਸੂਲ’ ਦਿੱਤੇ। ਇਸ ਮਗਰੋਂ ਆਗੂ ਗੁਰਜੀਤ ਸਿੰਘ ਮਾਹਮਦਪੁਰ ਨੇ ਆਪਣੀ ਟੀਮ ਸਮੇਤ ਉਕਤ ਥਾਂ ’ਤੇ ਤਲਾਸ਼ੀ ਲਈ, ਜਿੱਥੋਂ ਕੁੱਲ 16 ਪੱਤੇ (240 ਕੈਪਸੂਲ) ਪ੍ਰੀਗਾਬਾਲਿਨ ਬਰਾਮਦ ਹੋਏ। ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਕੌਰ ਸਿੰਘ ਵਜੋਂ ਹੋਈ ਹੈ। ਇਸ ਸਬੰਧੀ ਉਨ੍ਹਾਂ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਨਸ਼ੀਲੇ ਕੈਪਸੂਲ ਬਰਾਮਦ ਕਰਨ ਉਪਰੰਤ ਉਨ੍ਹਾਂ ਨੇ ਧਰਨੇ ਦੌਰਾਨ ਜਦੋਂ ਸਟੇਜ ਤੋਂ ਇਹ ਖ਼ਬਰ ਸਾਂਝੀ ਕਰਦਿਆਂ ਕੈਪਸੂਲ ਭਰੇ ਪੰਡਾਲ ’ਚ ਦਿਖਾਏ ਤਾਂ ਲੋਕਾਂ ਨੇ ਚਿੱਟੇ ਦਿਨ ਸ਼ਰੇਆਮ ਨਸ਼ਾ ਵਿਕਣ ਦੇ ਇਸ ਮਾਮਲੇ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ। ਇਸ ਮਾਮਲੇ ਸਬੰਧੀ ਥਾਣਾ ਮਹਿਲ ਕਲਾਂ ਦੀ ਐਸ.ਐਚ.ਓ. ਕਮਲਜੀਤ ਕੌਰ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਿਸ ਨੇ ਉਕਤ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਹੈ। ਮੁਲਜ਼ਮ ਕੋਲੋਂ 16 ਪੱਤੇ ਪ੍ਰੀਗਾਬਾਲਿਨ ਕੈਪਸੂਲ ਅਤੇ 2 ਪੱਤੇ (20 ਗੋਲੀਆਂ) ਹੋਰ ਨਸ਼ੀਲੀਆਂ ਗੋਲੀਆਂ ਦੇ ਬਰਾਮਦ ਹੋਏ ਹਨ।