18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਬੱਚਿਆਂ ਨੂੰ ਕਿੱਤਾਮੁਖੀ ਬਣਨ ਦਾ ਹੁਨਰ ਸਿਖਾ ਰਹੀ-ਕੰਵਲਪ੍ਰੀਤ ਕੌਰ ਥਿੰਦ

ਬੱਚਿਆਂ ਨੂੰ ਕਿੱਤਾਮੁਖੀ ਬਣਨ ਦਾ ਹੁਨਰ ਸਿਖਾ ਰਹੀ-ਕੰਵਲਪ੍ਰੀਤ ਕੌਰ ਥਿੰਦ

Ad Position 21
No active advertisement
ਅਜੀਤ ਡੈਸਕ 19-11-2026

ਕੰਵਲਪ੍ਰੀਤ ਕੌਰ ਥਿੰਦ ਸ੍ਰੀ ਅੰਮਿ੍ਤਸਰ ਸਾਹਿਬ ਦੇ ਪਿੰਡ ਜੋਧਾਂਗਿਰੀ ਦੀ ਰਹਿਣ ਵਾਲੀ ਸਿੱਖਿਆ ਵਿਭਾਗ ਵਿਚ ਬਤੌਰ ਸਾਇੰਸ ਅਧਿਆਪਕਾ ਆਪਣੀਆਂ ਸੇਵਾਵਾਂ ਨਿਭਾਅ ਰਹੀ ਹੈ | ਉਸ ਵਲੋਂ ਸਮੇਂ-ਸਮੇਂ ਤੇ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਸੈਮੀਨਾਰ, ਪ੍ਰੋਜੈਕਟ, ਸਾਇੰਸ ਮੁਕਾਬਲੇ ਤੇ ਸਾਇੰਸ ਮੇਲਿਆਂ ਵਿਚ ਵਿਦਿਆਰਥੀਆਂ ਦੀ ਸ਼ਮੂਲੀਅਤ ਕਰਵਾ ਕੇ ਉਨ੍ਹਾਂ ਨੂੰ ਹੁਨਰਮੰਦ ਬਣਾਉਣ ਦੇ ਕਾਰਜ ਕਰ ਰਹੀ ਹੈ |

ਵਿਦਿਆਰਥੀਆਂ ਨੇ ਬਲਾਕ ਤੇ ਜ਼ਿਲ੍ਹਾ ਪੱਧਰ 'ਤੇ ਲਗਾਤਾਰ 2013 ਤੋਂ ਲੈ ਕੇ 2025 ਤੱਕ ਭਾਗ ਲਿਆ ਅਤੇ ਪਹਿਲੀ ਤੇ ਦੂਜੀ ਪੁਜ਼ੀਸ਼ਨ ਲਗਾਤਾਰ ਪ੍ਰਾਪਤ ਕੀਤੀ | ਟੀਚਰ ਫੈਸਟ ਤੇ ਟੀਚਰ ਭਾਸ਼ਣ ਮੁਕਾਬਲਿਆਂ ਵਿਚ ਬਤੌਰ ਸਾਇੰਸ ਅਧਿਆਪਕਾ ਉਸ ਵਲੋਂ ਭਾਗ ਲਿਆ ਗਿਆ ਅਤੇ ਪਹਿਲੀ ਤੇ ਦੂਜੀ ਪੁਜ਼ੀਸ਼ਨ ਪ੍ਰਾਪਤ ਕੀਤੀ | ਉਸ ਦੀ ਯੋਗ ਅਗਵਾਈ ਵਿਚ ਅਕਾਦਮਿਕ ਪੱਧਰ 'ਤੇ ਵਿਦਿਆਰਥੀਆਂ ਦੇ ਨਤੀਜੇ 100 ਪ੍ਰਤੀਸ਼ਤ ਰਹੇ | ਬਤੌਰ ਈਕੋ ਕਲੱਬ ਇੰਚਾਰਜ ਹੋਣ ਕਰਕੇ ਸਮੇਂ-ਸਮੇਂ ਤੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਅਧੀਨ ਵਰਕਸ਼ਾਪਾਂ ਦੇ ਆਯੋਜਨ ਲਗਾਤਾਰ ਕਰਵਾਉਂਦੀ ਆ ਰਹੀ ਹੈ  ਸਕੂਲ ਕੈਂਪਸ ਅਤੇ ਸਕੂਲ ਤੋਂ ਬਾਹਰ ਵੀ ਆਪਣੇ ਤੌਰ ਤੇ ਬੂਟੇ ਲਗਵਾਏ ਅਤੇ ਵੰਡੇ ਜਾ ਰਹੇ ਹਨ ਅਤੇ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸਾਂਭ-ਸੰਭਾਲ ਪੱਖੀ ਸੁਚੇਤ ਹੋਣ 'ਤੇ ਬੂਟਿਆਂ ਦੀ ਸਾਂਭ ਸੰਭਾਲ ਦੀ ਪ੍ਰੇਰਨਾ ਵੀ ਨਿਰੰਤਰ ਦੇ ਰਹੀ ਹੈ | ਈਕੋ ਕਲੱਬ ਗਤੀਵਿਧੀਆਂ ਦੀਆਂ ਨਿਰੰਤਰ ਕੋਸ਼ਿਸ਼ਾਂ ਸਦਕਾ ਪਿਛਲੇ ਕੁਝ ਸਮੇਂ ਦੌਰਾਨ ਲਗਾਏ ਗਏ ਛਾਂਦਾਰ ਬੂਟਿਆਂ ਵਿਚੋਂ ਤਕਰੀਬਨ 50 ਪ੍ਰਤੀਸ਼ਤ ਬੂਟੇ ਅੱਜ ਜਵਾਨੀ ਮਾਣ ਰਹੇ ਹਨ ਜੋ ਕਿ ਇਕ ਚੰਗਾ ਸੰਕੇਤ ਹੈ | ਵਿਦਿਆਰਥੀਆਂ ਨੂੰ ਕੁਦਰਤੀ ਖਾਦ ਤਿਆਰ ਕਰਨ ਦਾ ਕਿੱਤਾ ਅਪਣਾਉਣ ਲਈ ਵੀ ਪ੍ਰੇਰਿਤ ਕਰ ਰਹੀ ਹੈ ਤਾਂ ਕਿ ਉਹ ਭਵਿੱਖ ਵਿਚ ਖੁਦਮੁਖਤਿਆਰ ਤੇ ਆਤਮ ਨਿਰਭਰ ਹੋ ਕੇ ਆਪਣਾ ਰੁਜ਼ਗਾਰ ਚਲਾ ਸਕਣ | ਇਹ ਪ੍ਰੋਜੈਕਟ ਡਾਇਰੈਕਟੋਰੇਟ ਆਫ ਇਨਵਾਇਰਮੈਂਟ ਐਂਡ ਕਲਾਈਮੇਟ ਚੇਂਜ, ਪੰਜਾਬ ਦੇ ਅੰਤਰਗਤ ਬੋਟੈਨੀਕਲ ਸਾਇੰਸਿਜ਼ ਵਿਭਾਗ ਵਲੋਂ ਡਾ. ਸਰੋਜ ਅਰੋੜਾ, ਡਾ.ਜਸਵਿੰਦਰ ਸਿੰਘ ਤੇ ਡਾ. ਆਦਰਸ਼ ਪਾਲ ਵਿੱਗ ਦੀ ਦੇਖ ਰੇਖ ਹੇਠਾਂ ਚੱਲ ਰਿਹਾ ਹੈ | ਮਾਣ ਵਾਲੀ ਗੱਲ ਇਹ ਹੈ ਕਿ ਡਾ. ਸਰੋਜ ਅਰੋੜਾ ਉਸਦੀ ਐਮ.ਐਸ.ਸੀ. ਬੋਟਨੀ ਦੀ ਪੜ੍ਹਾਈ ਦੌਰਾਨ ਥੀਸਿਸ ਗਾਈਡ ਵੀ ਰਹਿ ਚੁੱਕੇ ਹਨ | ਪਿਛਲੇ ਸੈਸ਼ਨ ਦੌਰਾਨ ਖ਼ਾਲਸਾ ਕਾਲਜ ਦੇ ਪੁਸਤਕ ਮੇਲੇ ਵਿਚ ਅੰਮਿ੍ਤਸਰ ਫਲਾਵਰ ਸ਼ੋਅ ਅਤੇ ਨੈਸ਼ਨਲ ਇਨਵਾਇਰਮੈਂਟ ਜਸਟਿਸ ਫਾਰ ਬੈਟਰ ਲਿਵਿੰਗ ਵਿਚ ਮੈਡੀਸਿਨਲ ਪਲਾਂਟਸ ਪ੍ਰੋਜੈਕਟ ਵਿਚ ਵਿਦਿਆਰਥੀਆਂ ਵਲੋਂ ਭਾਗ ਲਿਆ ਗਿਆ ਤੇ ਦੂਜੀ ਪੁਜ਼ੀਸ਼ਨ ਪ੍ਰਾਪਤ ਕੀਤੀ | ਸਾਹਿਤਕ ਖੇਤਰ ਵਿਚ ਹੁਣ ਤੱਕ ਉਸ ਦੀਆਂ ਰਚੀਆਂ ਕਵਿਤਾਵਾਂ ਵੱਖ-ਵੱਖ ਸਾਂਝੇ ਕਾਵਿ ਸੰਗ੍ਰਹਿਆਂ ਵਿਚ ਛਪ ਚੁੱਕੀਆਂ ਹਨ ਤੇ ਛਪ ਵੀ ਰਹੀਆਂ ਹਨ | ਜਿਸ ਵਿਚ ਮੁੱਖ ਡਾ. ਲਖਵਿੰਦਰ ਸਿੰਘ ਜੌਹਲ ਦਾ ਕਾਵਿ ਲੋਕ ਮੈਗਜ਼ੀਨ ਹੈ | ਵਿਗਿਆਨ, ਸਾਹਿਤ ਤੇ ਸਮਾਜਿਕ ਵਿਸ਼ਿਆਂ ਨਾਲ ਸੰਬੰਧਿਤ ਆਰਟੀਕਲਜ਼ 2013 ਤੋਂ ਲਗਾਤਾਰ 'ਅਜੀਤ' ਅਤੇ ਹੋਰ ਅਖਬਾਰਾਂ 'ਚ ਛਪ ਰਹੇ ਹਨ | ਜ਼ਿਆਦਾਤਰ ਆਰਟੀਕਲਜ਼ ਬਾਲ ਸੰਸਾਰ 'ਅਜੀਤ' ਵਿਚ 'ਪੰਛੀਆਂ ਦੀ ਦੁਨੀਆ' ਸਿਰਲੇਖ ਨਾਲ ਸੰਬੰਧਿਤ ਹਨ | ਵਿਦਿਆਰਥੀਆਂ ਵਿਚ ਸਾਹਿਤਕ ਰੁਚੀਆਂ ਪੈਦਾ ਕਰਨ ਤਹਿਤ ਨਵੀਆਂ ਕਲਮਾਂ ਨਵੀਂ ਉਡਾਣ, ਸ੍ਰੀ ਅੰਮਿ੍ਤਸਰ ਸਾਹਿਬ ਭਾਗ ਵਿਚ ਵਿਦਿਆਰਥਣਾਂ ਸਿਮਰਜੀਤ ਕੌਰ ਕਲਾਸ ਅੱਠਵੀਂ ਤੇ ਵੰਦਨਾ ਕਲਾਸ ਛੇਵੀਂ ਦੀਆਂ ਕਵਿਤਾਵਾਂ, ਲੋਹੜੀ ਆਈ, ਦੋਸਤੀ ਤੇ ਮਾਂ, ਗਾਈਡ ਅਧਿਆਪਕਾ ਸ੍ਰੀਮਤੀ ਕੰਵਲਪ੍ਰੀਤ ਕੌਰ ਥਿੰਦ ਦੀ ਅਗਵਾਈ ਸਦਕਾ ਛਪ ਚੁੱਕੀਆਂ ਹਨ | ਕੰਵਲਪ੍ਰੀਤ ਕੌਰ ਥਿੰਦ ਵੱਖ-ਵੱਖ ਸਾਹਿਤਕ ਸੰਸਥਾਵਾਂ ਵੱਲੋਂ ਸਮੇਂ-ਸਮੇਂ ਤੇ ਬਤੌਰ ਕਵਿੱਤਰੀ ਸਨਮਾਨ ਪ੍ਰਾਪਤ ਕਰ ਚੁੱਕੀ ਹੈ | ਉਸਦੀ ਸਭ ਤੋਂ ਪਹਿਲੀ ਪ੍ਰਾਪਤੀ ਤਰਸਿੱਕਾ ਸਾਹਿਤ ਸਭਾ ਅਧੀਨ ਮਾਸਟਰ ਗੁਰਮੀਤ ਸਿੰਘ ਦੀ ਅਗਵਾਈ ਸਦਕਾ ਪਿ੍ੰਸੀਪਲ ਸੇਵਾ ਸਿੰਘ ਕੌੜਾ ਵੱਲੋਂ 2014 ਵਿਚ ਮਿਲੇ ਮਾਣ ਸਨਮਾਨ ਵਜੋਂ ਹੋਈ ਜਿਸ ਨੇ ਉਸਨੂੰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ | ਕਾਵਿ-ਲੋਕ ਮੈਗਜ਼ੀਨ ਅਧੀਨ ਪ੍ਰਮੁੱਖ ਕਵਿਤਾਵਾਂ ਛੁੱਟੀ ਦਾ ਇਕ ਦਿਨ, ਮਜ਼ਦੂਰ ਔਰਤ, ਆਪਣਾ ਘਰ, ਜੰਗਲੀ ਸ਼ਹਿਰ, ਨੀ ਕੁੜੀਓ, ਬਹਾਰ, ਮਾਹੌਲ, ਚਿੱਤ ਸੁਖਾਲਾ ਨਹੀਂ, ਅਤੇ ਮੈਂ ਤਾਂ ਉਹਦੀ ਹੋ ਗਈ ਸਾਰੀ, ਤੇ ਹੋਰ ਕਈ ਲਘੂ ਕਵਿਤਾਵਾਂ ਹਨ | ਪਿੱਛੇ ਜਿਹੇ ਨਾਦ ਪ੍ਰਗਾਸ ਸਾਹਿਤ ਸੰਸਥਾ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਵੱਲੋਂ ਵਿਸ਼ੇਸ਼ ਤੌਰ 'ਤੇ ਬਤੌਰ ਕਵਿੱਤਰੀ ਕੰਵਲਪ੍ਰੀਤ ਕੌਰ ਥਿੰਦ ਨੂੰ ਸਨਮਾਨਿਤ ਕੀਤਾ | ਹੁਣ ਉਹ ਮੈਂਬਰ ਵਜੋਂ ਗਲੋਬਲ ਪੰਜਾਬੀ ਐਸੋਸੀਏਸ਼ਨ, ਏਕਮ ਸਾਹਿਤ ਮੰਚ ਤੇ ਨਾਰੀ ਪੰਜਾਬੀ ਸਾਹਿਤਕ ਮੰਚ, ਕੇਂਦਰੀ ਲੇਖਕ ਸਭਾ ਆਦਿ ਵੱਖ ਵੱਖ ਸਾਹਿਤਕ ਸੰਸਥਾਵਾਂ ਨਾਲ ਜੁੜੀ ਹੋਈ ਹੈ ਅਤੇ ਸਾਹਿਤਕ ਸਰਗਰਮੀਆਂ ਵਿਚ ਆਪਣਾ ਯੋਗਦਾਨ ਪਾ ਰਹੀ ਹੈ | ਉਸ ਦੀਆਂ ਸਾਹਿਤਕ ਪ੍ਰਾਪਤੀਆਂ ਅਤੇ ਵਿਦਿਆਰਥੀਆਂ ਦੇ ਚੰਗੇਰੇ ਭਵਿੱਖ ਦੀਆਂ ਵੱਖ ਵੱਖ ਵਿਸ਼ਿਆਂ ਦੀਆਂ ਗਤੀਵਿਧੀਆਂ ਅਕਾਸ਼ਵਾਣੀ 'ਤੇ ਵੀ ਪ੍ਰਸਾਰਿਤ ਹੁੰਦੀਆਂ ਹਨ | ਕੰਵਲਪ੍ਰੀਤ ਕੌਰ ਥਿੰਦ ਸਾਹਿਤ ਅਤੇ ਵਿਦਿਆਰਥੀ ਜੀਵਨ ਦਾ ਇਕ ਅਧਾਰ ਤੇ ਰਾਹ ਦਸੇਰਾ ਹੈ |

-'ਅਜੀਤ' ਉੱਪ ਦਫ਼ਤਰ, ਮੋਗਾ | ਮੋਬਾਈਲ : 98551-14484

Ad Position 22
No active advertisement
ਪਿਛਲੀ ਖ਼ਬਰ ਕਿਉਂ ਨਹੀਂ ਸੁਣੀ ਜਾਂਦੀ ਤੁਹਾਡੀ ਗੱਲ? ਅਗਲੀ ਖ਼ਬਰ ਭਰਵੀਂ ਸਬਜ਼ੀ ਬਣਾਓ ਅਤੇ ਖਵਾਓ
Ad Position 24