02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਪੁਲਿਸ ਸੁਧਾਰ ਦੇ ਕੇਂਦਰ ਵਿਚ ਕਿਉਂ ਜ਼ਰੂਰੀ ਹੈ ਭਲਾਈ?

Ad Position 21
No active advertisement
ਅਜੀਤ ਡੈਸਕ 24-07-2026

ਕੁਝ ਪਲ ਚੁੱਪਚਾਪ ਬਦਲ ਮੁਹੱਈਆ ਕਰਦੇ ਹਨ ਕਿ ਕੋਈ ਵਿਅਕਤੀ ਇਕ ਸੰਸਥਾ ਨੂੰ ਕਿਵੇਂ ਦੇਖਦਾ ਹੈ। ਕੁਝ ਮਹੀਨੇ ਪਹਿਲਾਂ ਮੈਂ ਆਪਣੀ ਧੀ ਦੇ ਵਿਆਹ ਲਈ ਇਕ ਬੈਂਕੁਇਟ ਹਾਲ ਬੁੱਕ ਕਰਨ ਬਾਰੇ ਪੁੱਛਗਿੱਛ ਕੀਤੀ ਤਾਂ ਸਿਰਫ਼ ਜਗ੍ਹਾ (ਵੈਨਿਊ) ਲਈ 20 ਲੱਖ ਰੁਪਏ ਮੰਗੇ ਗਏ। ਮੈਂ ਤੁਰੰਤ ਸੋਚਿਆ ਕਿ ਜੇ ਇਕ ਪੁਲਿਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਇੰਨਾ ਖ਼ਰਚਾ ਕਰਨ ਤੋਂ ਝਿਜਕਦਾ ਹੈ ਤਾਂ ਇਕ ਕਾਂਸਟੇਬਲ ਜਾਂ ਏ.ਐੱਸ.ਆਈ. ਨੂੰ ਕਿੰਨਾ ਦਬਾਅ ਝੱਲਣਾ ਪੈਂਦਾ ਹੋਵੇਗਾ, ਜਦੋਂ ਉਹ ਆਪਣੀ ਧੀ ਦੇ ਵਿਆਹ ਲਈ ਬੱਚਤ ਕਰਨ ਲਈ ਸੰਘਰਸ਼ ਕਰਦਾ ਹੋਵੇਗਾ? ਉਸ ਪਲ ਇਹ ਮਸਲਾ ਪ੍ਰਸ਼ਾਸਨਿਕ ਨਾ ਰਹਿ ਕੇ ਨਿੱਜੀ ਬਣ ਗਿਆ ਕਿ ਹਰ ਵਰਦੀ 'ਚ ਇਕ ਪਰਿਵਾਰ ਖੜ੍ਹਾ ਹੈ ਜੋ ਅਣਦਿਸਦੇ ਬੋਝ ਨੂੰ ਚੁੱਕਦਾ ਹੈ। ਉਸ ਪਲ ਨੇ ਪ੍ਰੇਰਿਤ ਕਰਦਿਆਂ ਹਰਿਆਣਾ ਪੁਲਿਸ ਦੀ 'ਸ਼ਗੁਨ ਸਕੀਮ' ਨੂੰ ਜਨਮ ਦਿੱਤਾ, ਜੋ ਭਰੋਸਾ ਦਿੰਦੀ ਹੈ ਕਿ ਜ਼ਿੰਦਗੀ ਦੇ ਸਭ ਤੋਂ ਅਹਿਮ ਪਲਾਂ ਮੌਕੇ ਇਹ ਸੰਸਥਾ ਉਨ੍ਹਾਂ ਦੇ ਨਾਲ ਖੜ੍ਹੀ ਹੋਵੇਗੀ।
ਮਕਸਦ ਵਾਲੀ ਸਕੀਮ : ਹਰਿਆਣਾ ਦੇ ਡੀ.ਜੀ.ਪੀ. ਵਜੋਂ ਆਪਣੇ ਪਹਿਲੇ ਦਿਨ ਮੈਂ ਇਸ ਸਕੀਮ ਦਾ ਐਲਾਨ ਕੀਤਾ ਕਿ ਪਹਿਲੀ ਅਪ੍ਰੈਲ 2026 ਤੋਂ ਸਭ ਤੋਂ ਹੇਠਲੇ ਅਹੁਦੇ ਤੋਂ ਲੈ ਕੇ ਸਭ ਤੋਂ ਉੱਚ ਅਧਿਕਾਰੀ ਤੱਕ ਹਰ ਪੁਲਿਸ ਕਰਮਚਾਰੀ ਨੂੰ ਆਪਣੀ ਧੀ ਦੇ ਵਿਆਹ ਲਈ ਪੁਲਿਸ ਭਲਾਈ ਫੰਡ 'ਚੋਂ 2.5 ਲੱਖ ਰੁਪਏ ਮਿਲਣਗੇ। ਸਾਰੇ ਪੁਲਿਸ ਕਰਮਚਾਰੀ ਸਵੈ-ਇੱਛਾ ਨਾਲ ਇਸ ਫੰਡ 'ਚ ਯੋਗਦਾਨ ਪਾਉਂਦੇ ਹਨ, ਜੋ ਹਰਿਆਣਾ ਪੁਲਿਸ ਪਰਿਵਾਰ ਦੀ ਏਕਤਾ ਨੂੰ ਦਰਸਾਉਂਦਾ ਹੈ। ਪੁਲਿਸ ਕਰਮਚਾਰੀ ਬੜੀ ਮਿਹਨਤ ਪਿੱਛੋਂ ਚੰਗੀ ਤਨਖਾਹ ਕਮਾਉਂਦੇ ਹਨ, ਪਰ ਇਹ ਤਨਖਾਹ ਅਕਸਰ ਵਿਆਹਾਂ ਦੇ ਖ਼ਰਚਿਆਂ ਲਈ ਨਾਕਾਫ਼ੀ ਹੋਣ ਕਰਕੇ ਉਹ ਕਰਜ਼ੇ ਲੈਂਦੇ ਹਨ ਜਾਂ ਜਾਇਦਾਦ ਵੇਚਦੇ ਹਨ। ਹਰਿਆਣਾ ਪੁਲਿਸ ਨੇ ਸ਼ਗੁਨ ਸਕੀਮ ਦੀ ਵਚਨਬੱਧਤਾ ਨੂੰ ਅੱਗੇ ਲਿਜਾਂਦਿਆ ਸੂਬੇ ਭਰ ਦੀਆਂ ਪੁਲਿਸ ਲਾਈਨਾਂ ਅੰਦਰ ਕਮਿਊਨਿਟੀ ਹਾਲਾਂ ਨੂੰ ਬੈਂਕੁਇਟ ਹਾਲਾਂ 'ਚ ਬਦਲ ਦਿੱਤਾ ਹੈ, ਇਹ ਥਾਵਾਂ ਵਿਆਹਾਂ ਤੇ ਹੋਰ ਸਮਾਜਿਕ ਸਮਾਗਮਾਂ ਵਾਸਤੇ ਪੁਲਿਸ ਪਰਿਵਾਰਾਂ ਲਈ ਨਾਮਾਤਰ ਕੀਮਤ 'ਤੇ ਉਪਲੱਬਧ ਹਨ। ਬਿਨਾਂ ਸ਼ੱਕ ਇਹ ਸਮਾਜਿਕ ਜ਼ਮੀਰ ਵਾਲੀ ਭਲਾਈ ਹੈ।
ਦੇਖਭਾਲ ਦਾ ਵਿਆਪਕ ਢਾਂਚਾ : ਸ਼ਗੁਨ ਸਕੀਮ ਸਿਰਫ਼ ਇਕ ਭਲਾਈ ਪਹਿਲਕਦਮੀ ਨਹੀਂ ਹੈ, ਸਗੋਂ 'ਸਾਡੀ ਫੋਰਸ, ਸਾਡਾ ਪਰਿਵਾਰ' ਦੇ ਇਕ ਵਿਆਪਕ ਫ਼ਲਸਫ਼ੇ ਤੇ ਵਿਸ਼ਵਾਸ 'ਤੇ ਟਿਕੀ ਹੋਈ ਹੈ। ਜੇ ਸਮਾਜ ਆਪਣੇ ਪੁਲਿਸ ਕਰਮਚਾਰੀਆਂ ਤੋਂ ਬਚਾਅ ਦੀ ਪਹਿਲੀ ਕਤਾਰ ਵਿਚ ਖੜ੍ਹੇ ਹੋਣ ਦੀ ਉਮੀਦ ਰੱਖਦਾ ਹੈ ਤਾਂ ਸੰਸਥਾ ਨੂੰ ਲੋੜ, ਖਾਹਿਸ਼ ਤੇ ਨੁਕਸਾਨ ਦੇ ਪਲਾਂ 'ਚ ਉਨ੍ਹਾਂ ਦੇ ਨਾਲ ਖੜ੍ਹੇ ਹੋਣਾ ਚਾਹੀਦਾ ਹੈ। ਅਸੀਂ ਕਈ ਤਰੀਕਿਆਂ ਨਾਲ ਭਲਾਈ ਕਰਦੇ ਹਾਂ, 2022 ਤੋਂ ਹੁਣ ਤੱਕ 19,000 ਤੋਂ ਵੱਧ ਕਰਮਚਾਰੀਆਂ ਦੀ ਨਿਯਮਿਤ ਸਿਹਤ ਜਾਂਚ ਹੋਈ ਹੈ। ਮਾਨਸਿਕ ਸਿਹਤ ਸਹਾਇਤਾ, ਕੌਂਸਲਿੰਗ, ਨਸ਼ਾ-ਮੁਕਤੀ, ਯੋਗਾ, ਫਿਟਨੈੱਸ ਤੇ ਤੰਦਰੁਸਤੀ ਪ੍ਰੋਗਰਾਮ ਪੁਲਿਸਿੰਗ ਦੀਆਂ ਮਾਨਸਿਕ ਤੇ ਸਰੀਰਕ ਲੋੜਾਂ ਨਾਲ ਨਜਿੱਠਣ 'ਚ ਮਦਦ ਕਰਦੇ ਹਾਂ। ਅਸੀਂ ਸੇਵਾ ਦੌਰਾਨ ਮਰਨ ਵਾਲੇ ਕਰਮਚਾਰੀਆਂ ਦੇ ਪਰਿਵਾਰਾਂ ਨੂੰ 1.5 ਕਰੋੜ ਰੁਪਏ ਤੱਕ ਦਾ ਬੀਮਾ ਦਿੰਦੇ ਹਾਂ; ਜਿਸ ਲਈ ਐੱਚ.ਡੀ.ਐੱਫ.ਸੀ. ਬੈਂਕ ਵਲੋਂ ਪਹਿਲਾਂ ਹੀ 188 ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਸਾਡੇ ਭਲਾਈ ਉਪਾਵਾਂ ਵਿਚ ਹਮਦਰਦੀ ਅਧਾਰਿਤ ਨੌਕਰੀਆਂ, ਐਕਸ ਗ੍ਰੇਸ਼ੀਆ, ਸ਼ਹੀਦੀ ਲਾਭ ਤੇ ਮੌਤ ਰਾਹਤ ਵੀ ਸ਼ਾਮਿਲ ਹਨ। ਸਿੱਖਿਆ ਭਲਾਈ ਵੀ ਅਹਿਮ ਥੰਮ੍ਹ ਬਣ ਕੇ ਉੱਭਰੀ ਹੈ। ਹਰਿਆਣਾ ਪੁਲਿਸ ਦੇ 22 ਡੀ.ਏ.ਵੀ. ਪੁਲਿਸ ਪਬਲਿਕ ਸਕੂਲਾਂ 'ਚ ਪੁਲਿਸ ਕਰਮਚਾਰੀਆਂ ਦੇ 23,000 ਤੋਂ ਵੱਧ ਬੱਚੇ ਪੜ੍ਹਦੇ ਹਨ, ਜਿਨ੍ਹਾਂ ਨੂੰ ਫੀਸ ਛੋਟ, ਹੁਨਰ ਵਿਕਾਸ ਪਹਿਲਕਦਮੀਆਂ ਤੇ ਕਰੀਅਰ ਮਾਰਗਦਰਸ਼ਨ ਪ੍ਰੋਗਰਾਮਾਂ ਦਾ ਸਹਾਰਾ ਮਿਲਦਾ ਹੈ। ਹੋਸਟਲ ਸਹਾਇਤਾ ਸਕੀਮ ਤਹਿਤ ਪੁਲਿਸ ਕਰਮਚਾਰੀਆਂ ਨੂੰ 50,000 ਰੁਪਏ ਤੱਕ ਦੀ ਵਿੱਤੀ ਮਦਦ ਦਿੱਤੀ ਜਾਂਦੀ ਹੈ, ਜਿਨ੍ਹਾਂ ਦੇ ਬੱਚੇ ਘਰਾਂ ਤੋਂ ਦੂਰ ਉੱਚ ਸਿੱਖਿਆ ਹਾਸਲ ਕਰਦੇ ਹਨ। ਅਸੀਂ ਹਫਤਾਵਾਰੀ ਆਰਾਮ ਦੇ ਦਿਨ, ਬਾਲ-ਦੇਖਭਾਲ ਛੁੱਟੀ, ਸ਼ਿਕਾਇਤ ਪ੍ਰਣਾਲੀਆਂ, ਤਰੱਕੀਆਂ ਤੇ ਜੋੜਿਆਂ ਨੂੰ ਇਕੱਠੇ ਜਾਂ ਔਰਤਾਂ ਨੂੰ ਉਨ੍ਹਾਂ ਦੇ ਘਰੇਲੂ ਜ਼ਿਲ੍ਹਿਆਂ ਦੇ ਨੇੜੇ ਤਾਇਨਾਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਹਰਿਆਣਾ ਪੁਲਿਸ ਭਲਾਈ ਲਈ ਗ੍ਰਾਂਟ ਦੇਣ ਵਾਲਾ ਇਕੱਲਾ ਸੂਬਾ ਹੈ, ਮੁੱਖ ਮੰਤਰੀ ਵਲੋਂ ਮੌਜੂਦਾ ਸਾਲ ਲਈ 16 ਕਰੋੜ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ ਗਿਆ ਹੈ।
ਪੁਲਿਸ ਸੁਧਾਰ 'ਚ ਗੁੰਮ ਪਹਿਲੂ
ਪੁਲਿਸ ਸੁਧਾਰ ਤਹਿਤ ਗੱਲਬਾਤ ਨਵੇਂ ਕਾਨੂੰਨ, ਜਵਾਬਦੇਹੀ, ਤਕਨਾਲੋਜੀ, ਫੋਰੈਂਸਿਕ ਤੇ ਤੇਜ਼ ਜਾਂਚ ਕਾਰਵਾਈਆਂ 'ਤੇ ਕੇਂਦਰਿਤ ਹੁੰਦੀ ਹੈ। ਇਹ ਸਭ ਜ਼ਰੂਰੀ ਹਨ, ਪਰ ਅਸੀਂ ਅਕਸਰ ਪੁਲਿਸ ਕਰਮਚਾਰੀਆਂ ਦੀ ਭਲਾਈ ਤੇ ਤੰਦਰੁਸਤੀ ਜਿਹੇ ਅਹਿਮ ਖੇਤਰ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਪੁਲਿਸ ਫੋਰਸ ਦੀ ਪ੍ਰਭਾਵਸ਼ੀਲਤਾ ਸਿਰਫ਼ ਇਸ ਦੀਆਂ ਪ੍ਰਣਾਲੀਆਂ 'ਤੇ ਨਿਰਭਰ ਨਹੀਂ ਕਰਦੀ, ਪੁਲਿਸ ਕਰਮਚਾਰੀਆਂ ਦਾ ਮਨੋਬਲ, ਮਾਣ ਸਤਿਕਾਰ ਤੇ ਭਲਾਈ ਵੀ ਜ਼ਰੂਰੀ ਹਨ, ਜੋ ਉਨ੍ਹਾਂ ਨੂੰ ਬਿਹਤਰ ਕਾਰਗੁਜ਼ਾਰੀ ਲਈ ਪ੍ਰੇਰਿਤ ਕਰਦੇ ਹਨ। ਇੰਟਰਨੈਸ਼ਨਲ ਐਸੋਸੀਏਸ਼ਨ ਆਫ਼ ਚੀਫ਼ਸ ਆਫ਼ ਪੁਲਿਸ ਨੇ ਨੋਟ ਕੀਤਾ ਹੈ ਕਿ ਅਧਿਕਾਰੀਆਂ ਦੀ ਸਰੀਰਕ, ਮਨੋਵਿਗਿਆਨਕ ਤੇ ਵਿੱਤੀ ਭਲਾਈ ਸਿੱਧੇ ਤੌਰ 'ਤੇ ਪੇਸ਼ੇਵਰ ਵਿਵਹਾਰ, ਸੰਸਥਾਗਤ ਇਮਾਨਦਾਰੀ ਅਤੇ ਜਨਤਕ ਭਰੋਸੇ ਨੂੰ ਪ੍ਰਭਾਵਿਤ ਕਰਦੀ ਹੈ। ਇਸੇ ਤਰ੍ਹਾਂ ਭਾਰਤ ਦੇ ਪੁਲਿਸ ਖੋਜ ਤੇ ਵਿਕਾਸ ਬਿਊਰੋ ਦੇ ਅਧਿਐਨਾਂ ਨੇ ਕਰਮਚਾਰੀਆਂ ਵਿਚ ਅਸੰਤੁਸ਼ਟੀ ਨੂੰ ਜਨਤਾ-ਪੁਲਿਸ ਸੰਬੰਧਾਂ ਨੂੰ ਪ੍ਰਭਾਵਿਤ ਕਰਨ ਵਾਲੇ ਅਹਿਮ ਕਾਰਕ ਵਜੋਂ ਉਜਾਗਰ ਕੀਤਾ ਹੈ। ਸਿੱਧੀ ਗੱਲ ਇਹ ਹੈ ਕਿ ਵਿੱਤੀ ਚਿੰਤਾਵਾਂ, ਪਰਿਵਾਰਕ ਫ਼ਿਕਰਾਂ ਜਾਂ ਤਣਾਅ ਦੇ ਬੋਝ ਹੇਠ ਦੱਬੇ ਪੁਲਿਸ ਅਧਿਕਾਰੀ ਤੋਂ ਪੂਰੀ ਇਕਾਗਰਤਾ ਤੇ ਸੰਤੁਲਿਤ ਕੰਮ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਘਰ ਤੋਂ ਕੰਮ ਦੀ ਥਾਂ ਤੱਕ ਲਿਆਂਦੀ ਚਿੰਤਾ ਜਵਾਬਦੇਹੀ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਤਣਾਅ ਤੇ ਨਿਰਾਸ਼ਾ ਮਨੋਬਲ ਨੂੰ ਘਟਾਉਂਦੇ ਹਨ। ਦੁਨੀਆ ਭਰ ਵਿਚ ਪੁਲਿਸ, ਅਰਧ-ਸੈਨਿਕ ਤੇ ਸੈਨਿਕ ਬਲਾਂ ਦਾ ਤਜਰਬਾ ਇਕ ਸਿੱਧੀ ਸੱਚਾਈ ਦਰਸਾਉਂਦਾ ਹੈ: ਕਰਮਚਾਰੀਆਂ ਦੀ ਭਲਾਈ ਫੋਰਸ ਦੀ ਪ੍ਰਭਾਵਸ਼ੀਲਤਾ ਤੋਂ ਵੱਖ ਨਹੀਂ ਕੀਤੀ ਜਾ ਸਕਦੀ। ਕੋਈ ਵੀ ਮੁਲਾਜ਼ਮ ਆਪਣੇ-ਆਪ ਨੂੰ ਪੂਰੀ ਤਰ੍ਹਾਂ ਫਰਜ਼ ਪ੍ਰਤੀ ਤਾਂ ਹੀ ਸਮਰਪਿਤ ਕਰ ਸਕਦਾ ਹੈ, ਜਦੋਂ ਉਸ ਨੂੰ ਭਰੋਸਾ ਹੋਵੇ ਕਿ ਉਨ੍ਹਾਂ ਦੀ ਸੰਸਥਾ ਉਸ ਦੀ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਦੇਖਭਾਲ ਤੇ ਭਲਾਈ ਦੀ ਪਰਵਾਹ ਕਰਦੀ ਹੈ ਅਤੇ ਉਸ ਦੇ ਨਾਲ ਖੜ੍ਹੀ ਹੈ।

-ਪੁਲਿਸ ਡਾਇਰੈਕਟਰ ਜਨਰਲ, ਹਰਿਆਣਾ
ਈ-ਮੇਲ : ajaysinghal92ips@gmail.com

Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ ਕਾਲਜ ਅਬੋਹਰ ਦੇ ਐਮ.ਏ.ਪੰਜਾਬੀ ਪਹਿਲੇ ਸਾਲ ਦੇ ਵਿਦਿਆਰਥੀਆਂ ਦਾ ਆਇਆ ਸ਼ਾਨਦਾਰ ਨਤੀਜਾ ਨੀਤਾ ਨੇ ਪੰਜਾਬ ਯੂਨੀਵਰ... ਅਗਲੀ ਖ਼ਬਰ ਕੀ ਅਸੀਂ ਆਪਣਾ ਭਵਿੱਖ ਵੀ ਵਿਦੇਸ਼ ਭੇਜ ਰਹੇ ਹਾਂ?
Ad Position 24
No active advertisement