ਸੋਸ਼ਲ ਮੀਡੀਆ ਰਾਹੀਂ ਬਣੀ ਕਾਕਰੋਚ ਜਨਤਾ ਪਾਰਟੀ ਵਲੋਂ ਦਿੱਲੀ ਦੇ ਜੰਤਰ-ਮੰਤਰ ਵਿਚ ਦਿੱਤੇ ਜਾ ਰਹੇ ਧਰਨੇ ਤੋਂ ਬਾਅਦ ਦੇਸ਼ ਭਰ ਦੇ ਲੋਕਾਂ ਦਾ ਬਹੁਤਾ ਧਿਆਨ ਲਗਾਤਾਰ ਇਸ ਘਟਨਾਕ੍ਰਮ ਵੱਲ ਖਿੱਚਿਆ ਗਿਆ ਹੈ। ਖ਼ਾਸ ਕਰਕੇ ਕਾਕਰੋਚ ਜਨਤਾ ਪਾਰਟੀ ਦੇ ਸੱਦੇ 'ਤੇ 20 ਜੁਲਾਈ ਨੂੰ ਸੰਸਦ ਵੱਲ ਕੀਤੇ ਗਏ ਮਾਰਚ ਅਤੇ ਇਸ ਦੌਰਾਨ ਵਿਦਿਆਰਥੀਆਂ 'ਤੇ ਪੁਲਿਸ ਸੁਰੱਖਿਆ ਦਲਾਂ ਦਰਮਿਆਨ ਹੋਈਆਂ ਝੜਪਾਂ ਦੀ ਚਰਚਾ ਹੋ ਰਹੀ ਹੈ। ਅੰਦੋਲਨਕਾਰੀ ਤੇ ਵਿਰੋਧੀ ਪਾਰਟੀਆਂ ਸੁਰੱਖਿਆ ਦਲਾਂ ਵਲੋਂ ਲੋੜੋਂ ਵੱਧ ਤਾਕਤ ਵਰਤਣ ਦੇ ਦੋਸ਼ ਲਾ ਰਹੇ ਹਨ, ਜਦੋਂ ਕਿ ਸਰਕਾਰੀ ਧਿਰ ਦਾ ਪੱਖ ਹੈ ਕਿ ਸੁਰੱਖਿਆ ਦਲਾਂ ਨੇ ਅੰਦੋਲਨਕਾਰੀਆਂ ਨੂੰ ਰੋਕਾਂ ਤੋੜ ਕੇ ਸੰਸਦ ਵਲ ਵਧਣ ਤੋਂ ਰੋਕਣ ਲਈ ਇਹ ਕਾਰਵਾਈ ਕੀਤੀ ਹੈ। ਇਸ ਦੌਰਾਨ ਹੋਈਆਂ ਝੜਪਾਂ ਵਿਚ ਵੱਡੀ ਗਿਣਤੀ 'ਚ ਨੌਜਵਾਨਾਂ ਦੇ ਨਾਲ-ਨਾਲ ਪੁਲਿਸ ਕਰਮੀ ਵੀ ਜ਼ਖ਼ਮੀ ਹੋਏ ਹਨ। ਇਸ ਘਟਨਾਕ੍ਰਮ ਨੇ ਪਹਿਲਾਂ ਬਣੀ ਸਥਿਤੀ ਨੂੰ ਹੋਰ ਵੀ ਗੰਭੀਰ ਕਰ ਦਿੱਤਾ ਹੈ। ਇੰਡੀਆ ਬਲਾਕ ਨਾਲ ਸੰਬੰਧਿਤ ਵਿਰੋਧੀ ਪਾਰਟੀਆਂ ਨੇ ਵਿਦਿਆਰਥੀਆਂ ਨਾਲ ਜੁੜੇ ਇਸ ਮੁੱਦੇ ਨੂੰ ਲੈ ਕੇ ਪਿਛਲੇ 5 ਦਿਨਾਂ ਤੋਂ ਸੰਸਦ ਦੀ ਕਾਰਵਾਈ ਵਿਚ ਰੁਕਾਵਟ ਪਾਈ ਹੋਈ ਹੈ। ਉਨ੍ਹਾਂ ਨੇ ਮੁੱਖ ਮੁੱਦਾ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਨੂੰ ਬਣਾਇਆ ਹੋਇਆ ਹੈ। ਇਸ ਮਸਲੇ 'ਤੇ ਰਾਹੁਲ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਵਧੇਰੇ ਪ੍ਰਤੀਕਰਮ ਪ੍ਰਗਟਾ ਰਹੀ ਹੈ।
ਇਸ ਸੰਬੰਧੀ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਅਜਿਹਾ ਵਤੀਰਾ ਧਾਰ ਕੇ ਕਾਂਗਰਸ ਵਿਦਿਆਰਥੀਆਂ ਦੇ ਅੰਦੋਲਨ ਨੂੰ ਢਾਹ ਲਾ ਰਹੀ ਹੈ। ਪਿਛਲੇ 5 ਦਿਨਾਂ ਤੋਂ ਸੰਸਦ ਵਿਚ ਕੋਈ ਕੰਮ ਨਹੀਂ ਹੋਇਆ। ਐਨ.ਡੀ.ਏ. ਅਤੇ ਵਿਰੋਧੀ ਇੰਡੀਆ ਗੱਠਜੋੜ ਦੇ ਸੰਸਦ ਮੈਂਬਰ ਇਕ ਦੂਸਰੇ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੀ ਦਿਖਾਈ ਦੇ ਰਹੇ ਹਨ। ਸੱਤਾਧਾਰੀ ਧਿਰ ਲਗਾਤਾਰ ਇਹ ਆਖ ਰਹੀ ਹੈ ਕਿ ਉਹ ਸੰਸਦ ਵਿਚ ਇਸ ਮਸਲੇ 'ਤੇ ਵਿਸਥਾਰਤ ਚਰਚਾ ਕਰਵਾਉਣ ਲਈ ਸਹਿਮਤ ਹੈ ਪਰ ਰਾਹੁਲ ਗਾਂਧੀ ਦੀ ਅਗਵਾਈ ਵਿਚ ਵਿਰੋਧੀ ਧਿਰ ਸਿੱਖਿਆ ਮੰਤਰੀ ਦੇ ਅਸਤੀਫ਼ੇ ਤੋਂ ਬਗ਼ੈਰ ਸੰਸਦ ਨਾ ਚੱਲਣ ਦੇਣ 'ਤੇ ਅੜੀ ਹੋਈ ਹੈ। ਇਸੇ ਮਸਲੇ 'ਤੇ ਪਿਛਲੇ ਲੰਮੇ ਸਮੇਂ ਤੋਂ ਜੰਤਰ-ਮੰਤਰ ਵਿਖੇ ਅਤੇ ਫਿਰ ਹਸਪਤਾਲ ਵਿਚ ਭੁੱਖ ਹੜਤਾਲ ਕਰ ਰਹੇ ਸੋਨਮ ਵਾਂਗਚੁਕ ਨੇ ਆਪਣੀ ਭੁੱਖ-ਹੜਤਾਲ ਖ਼ਤਮ ਕਰ ਦਿੱਤੀ ਹੈ। ਪਿਛਲੇ ਦਿਨਾਂ ਵਿਚ ਸਰਕਾਰ ਵਲੋਂ ਵਿਦਿਆਰਥੀ ਆਗੂਆਂ ਨਾਲ ਗੱਲਬਾਤ ਕਰਨ ਦੇ ਯਤਨ ਵੀ ਕੀਤੇ ਗਏ ਹਨ। ਇਸ ਸੰਬੰਧੀ ਦੋ ਮੰਤਰੀਆਂ ਦੀ ਵਿਦਿਆਰਥੀਆਂ ਦੇ ਦੋ ਪ੍ਰਤੀਨਿਧਾਂ ਨਾਲ ਗੱਲਬਾਤ ਵੀ ਹੋਈ ਹੈ, ਜਿਨ੍ਹਾਂ ਨੇ ਆਪਣੀਆਂ ਕੁੱਝ ਹੋਰ ਸ਼ਰਤਾਂ ਦੇ ਨਾਲ-ਨਾਲ ਇਸ ਅੰਦੋਲਨ ਨੂੰ ਖ਼ਤਮ ਕਰਨ ਲਈ ਪਹਿਲੀ ਸ਼ਰਤ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਰੱਖੀ ਹੈ। ਇਸ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪਹਿਲਾਂ ਕੀਤੀਆਂ ਅਪੀਲਾਂ ਤੋਂ ਇਲਾਵਾ ਉਨ੍ਹਾਂ ਨੇ ਪਿਛਲੇ ਦਿਨ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਇਕ ਵੀਡੀਓ ਵੀ ਜਾਰੀ ਕੀਤਾ ਹੈ ਅਤੇ ਕਿਹਾ ਹੈ ਕਿ ਪੇਪਰ ਲੀਕ ਕੋਈ ਮਾਮੂਲੀ ਮਾਮਲਾ ਨਹੀਂ ਹੈ। ਸਰਕਾਰ ਵਲੋਂ ਫਾਸਟ ਟਰੈਕ ਅਦਾਲਤਾਂ ਬਣਾਈਆਂ ਜਾ ਰਹੀਆਂ ਹਨ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਵਿਵਸਥਾ ਕੀਤੀ ਜਾਏਗੀ ਅਤੇ ਸੰਸਦ ਵਿਚ ਸਖ਼ਤ ਕਾਨੂੰਨ ਬਣਾਉਣ ਲਈ ਬਿੱਲ ਵੀ ਪੇਸ਼ ਕੀਤਾ ਜਾ ਰਿਹਾ ਹੈ।
ਉਨ੍ਹਾਂ ਵਿਸਥਾਰ ਵਿਚ ਜਾਂਦਿਆਂ ਕਿਹਾ ਕਿ ਪੇਪਰ ਲੀਕ ਦੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਪਿਛਲੇ ਢਾਈ ਮਹੀਨਿਆਂ ਵਿਚ ਸਰਕਾਰ ਵਲੋਂ ਅਨੇਕਾਂ ਕਦਮ ਪੁੱਟੇ ਗਏ ਹਨ। ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਇਸ ਸਮੇਂ ਜੇਲ੍ਹ ਵਿਚ ਹਨ। ਵਿਦਿਆਰਥੀਆਂ ਦਾ ਇਸ ਘਟਨਾਕ੍ਰਮ ਵਿਚ ਇਕ ਸਾਲ ਬਰਬਾਦ ਨਾ ਹੋਵੇ ਇਸ ਲਈ ਇਨ੍ਹਾਂ ਪ੍ਰੀਖਿਆਵਾਂ ਨੂੰ ਦੁਬਾਰਾ ਤੁਰੰਤ ਕਰਵਾਇਆ ਗਿਆ, ਜਿਸ ਵਿਚ 22 ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਨੀਟ ਦੇ ਇਹ ਨਤੀਜੇ 19 ਜੁਲਾਈ ਨੂੰ ਐਲਾਨ ਦਿੱਤੇ ਗਏ ਹਨ। ਪਰ ਕਾਕਰੋਚ ਜਨਤਾ ਪਾਰਟੀ ਦੇ ਆਗੂ ਅਤੇ ਵਿਰੋਧੀ ਧਿਰਾਂ ਸਿੱਖਿਆ ਮੰਤਰੀ ਦੇ ਅਸਤੀਫ਼ੇ ਤੋਂ ਬਗ਼ੈਰ ਕਿਸੇ ਵੀ ਸੂਰਤ ਵਿਚ ਅੱਗੇ ਵਧਣ ਨੂੰ ਤਿਆਰ ਨਹੀਂ ਹਨ। ਇਸ ਨਾਲ ਇਹ ਮਸਲਾ ਇਕ ਵਾਰ ਫਿਰ ਗੰਭੀਰ ਮੋੜ 'ਤੇ ਆ ਖੜ੍ਹਾ ਹੋਇਆ ਹੈ। ਇਸ ਮਸਲੇ ਦਾ ਸਾਰੀਆਂ ਧਿਰਾਂ ਨੂੰ ਆਪਸੀ ਸੂਝ-ਬੂਝ ਨਾਲ ਵਿਚਾਰ-ਚਰਚਾ ਕਰਕੇ ਹੱਲ ਕੱਢਣਾ ਚਾਹੀਦਾ ਹੈ। ਪੈਦਾ ਹੋਇਆ ਆਪਸੀ ਟਕਰਾਅ ਕਦਾਚਿਤ ਵੀ ਦੇਸ਼ ਦੇ ਹਿੱਤ ਵਿਚ ਨਹੀਂ ਹੈ। ਅਸੀਂ ਦੋਹਾਂ ਹੀ ਧਿਰਾਂ ਨੂੰ ਇਸ ਸੰਬੰਧੀ ਮੁੜ ਵਿਚਾਰ ਕਰਨ ਦੀ ਅਪੀਲ ਕਰਦੇ ਹਾਂ।
-ਬਰਜਿੰਦਰ ਸਿੰਘ ਹਮਦਰਦ