31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਰਿਸ ਸੰਬੰਧੀ ਚਰਚਾ ਫ਼ਜ਼ੂਲ ਹੈ?

ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਰਿਸ ਸੰਬੰਧੀ ਚਰਚਾ ਫ਼ਜ਼ੂਲ ਹੈ?

Ad Position 21
No active advertisement
ਅਜੀਤ ਡੈਸਕ 01-09-2026

ਮੈਂ ਅਕਸਰ ਅਟਕਲਾਂ 'ਤੇ ਕੋਈ ਟਿੱਪਣੀ ਕਰਨ ਤੋਂ ਬਚਦਾ ਹਾਂ, ਪਰ ਅੱਜ ਇਕ ਅਜਿਹੇ ਵਿਸ਼ੇ 'ਤੇ ਲਿਖ ਰਿਹਾ ਹਾਂ, ਜਿਸ ਨੂੰ  ਸਾਡੇ ਪਾਠਕ ਅਟਕਲ ਕਹਿ ਸਕਦੇ ਹਨ | ਪਿਛਲੇ ਕਈ ਮਹੀਨਿਆਂ ਤੋਂ ਸੱਤਾ ਦੇ ਗਲਿਆਰਿਆਂ 'ਚ ਕੁਝ ਅਜਿਹੀ ਚਰਚਾ ਹੋ ਰਹੀ ਹੈ, ਜਿਸ ਬਾਰੇ ਪੱਤਰਕਾਰ, ਸੱਤਾ ਨਾਲ ਜੁੜੇ ਲੋਕ ਤੇ ਨੌਕਰਸ਼ਾਹੀ 'ਚ ਉੱਚ ਅਹੁਦਿਆਂ 'ਤੇ ਬੈਠੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਤੇ ਕੁਝ ਜ਼ਰੂਰ ਪੱਕ ਰਿਹਾ ਹੈ, ਜਿਸ ਦੀ ਭਿਣਕ ਤਾਂ ਪੈ ਰਹੀ ਹੈ ਪਰ ਕੁਝ ਦਿਖਾਈ ਨਹੀਂ ਦਿੰਦਾ, ਕਿਉਂਕਿ ਸਭ ਕੁਝ ਪਰਦੇ ਦੇ ਪਿੱਛੇ ਹੋ ਰਿਹਾ ਹੈ | ਲੰਡਨ ਦੀ ਨਾਮਵਰ ਅਖ਼ਬਾਰ 'ਫਾਈਨਾਸ਼ੀਅਲ ਟਾਈਮਜ਼' 'ਚ 18 ਅਗਸਤ ਨੂੰ  ਛਪੀ ਇਕ ਵਿਸ਼ਲੇਸ਼ਣਾਤਮਿਕ ਰਿਪੋਰਟ ਦਾ ਸਿਰਲੇਖ ਸੀ- 'ਇਕ ਸੰਤ ਜੋ ਮੋਦੀ ਦਾ ਉਤਰਾਧਿਕਾਰੀ ਹੋ ਸਕਦਾ ਹੈ' | ਇਹ ਖ਼ਬਰ ਯੋਗੀ ਆਦਿੱਤਿਆਨਾਥ ਦੇ ਬਾਰੇ ਸੀ ਤੇ ਇਸ ਖ਼ਬਰ ਦਾ ਮਜ਼ਮੂਨ ਸੀ ਕਿ ਯੋਗੀ, ਮੋਦੀ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਬਣ ਸਕਦੇ ਹਨ | ਮੈਂ ਹੈਰਾਨ ਹੋਇਆ, ਕਿਉਂਕਿ ਮੋਦੀ ਜੀ ਅਜੇ ਦੇਸ਼ ਦੇ ਪ੍ਰਧਾਨ ਮੰਤਰੀ ਹਨ ਅਤੇ ਪਾਰਟੀ ਤੇ ਸਰਕਾਰ 'ਚ ਉਨ੍ਹਾਂ ਦੀ ਇਜਾਜ਼ਤ ਬਗੈਰ ਪਰਿੰਦਾ ਤੱਕ ਪਰ ਨਹੀਂ ਮਾਰਦਾ ਤਾਂ ਇਸ ਖ਼ਬਰ ਦਾ ਕੀ ਅਰਥ ਹੈ? ਖ਼ਬਰ ਕਿਉਂ ਪ੍ਰਕਾਸ਼ਿਤ ਗਈ? ਅਖ਼ਬਾਰ ਵੱਡਾ ਹੋਣ ਕਰਕੇ ਕੋਈ ਇਹ ਵੀ ਨਹੀਂ ਕਹਿ ਸਕਦਾ ਕਿ ਖ਼ਬਰ ਪੈਸੇ ਦੇ ਕੇ ਛਪਵਾਈ ਗਈ ਹੈ | ਇਸ ਦਾ ਮਤਲਬ ਸਪੱਸ਼ਟ ਹੈ ਕਿ ਮੋਦੀ ਦੇ ਉਤਰਾਧਿਕਾਰੀ ਬਾਰੇ ਚਰਚਾ ਸਿਰਫ਼ ਦੇਸ਼ 'ਚ ਹੀ ਨਹੀਂ, ਸਗੋਂ ਵਿਦੇਸ਼ਾਂ 'ਚ ਵੀ ਹੋਣ ਲੱਗ ਪਈ ਹੈ |  

ਇਸ ਦਰਮਿਆਨ ਮੈਨੂੰ ਯਾਦ ਆਇਆ ਕਿ ਕੁਝ ਮਹੀਨੇ ਪਹਿਲਾਂ ਦੋ ਆਨਲਾਈਨ ਨਿਊਜ਼ ਪਬਲਿਕੇਸ਼ਨਜ਼ 'ਚ ਇਹ ਖ਼ਬਰ ਛਪੀ ਸੀ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ  ਅਗਲੇ ਮੰਤਰੀ-ਮੰਡਲ ਫੇਰਬਦਲ ਮੌਕੇ ਉਪ ਪ੍ਰਧਾਨ ਮੰਤਰੀ ਬਣਾਇਆ ਜਾ ਸਕਦਾ ਹੈ | ਇਸ ਖ਼ਬਰ 'ਚ ਕਿਸੇ ਸਰੋਤ ਦਾ ਜ਼ਿਕਰ ਕਰਨ ਦੀ ਬਜਾਏ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਗਿਆ ਸੀ | ਮੇਰਾ ਇਸ ਖ਼ਬਰ ਨੂੰ  ਉਵੇਂ ਛੱਡ ਦੇਣ ਦਾ ਮਨ ਨਾ ਕੀਤਾ, ਹੁਣ ਜਦੋਂ ਯੋਗੀ ਵਾਲੀ ਖ਼ਬਰ ਛਪੀ ਤਾਂ ਇਸ ਨੂੰ  ਸੱਤਾ ਦੇ ਗਲਿਆਰਿਆਂ 'ਚ ਹੋ ਰਹੀ ਕਾਨਾਫੂਸੀ ਨਾਲ ਜੋੜ ਕੇ ਦੇਖਿਆ ਤਾਂ ਇਕ ਪੈਟਰਨ ਨਜ਼ਰ ਆਇਆ ਕਿ ਕੁਝ ਹੋਣ ਵਾਲਾ ਹੈ, ਜੋ ਸਾਹਮਣੇ ਨਹੀਂ ਆ ਰਿਹਾ | ਮੈਂ ਕਾਫੀ ਪੜਤਾਲ ਤੇ ਕੁਝ ਲੋਕਾਂ ਨਾਲ ਗੱਲਬਾਤ ਕਰਨ ਬਾਅਦ ਇਸ ਨਤੀਜੇ 'ਤੇ ਪਹੁੰਚਿਆ ਕਿ ਭਾਜਪਾ ਤੇ ਸੰਘ ਪਰਿਵਾਰ ਅੰਦਰ ਇਕ ਬੇਚੈਨੀ ਹੈ ਪਰ ਕੋਈ ਵੀ ਇਸ ਨੂੰ  ਅਜੇ ਜ਼ਾਹਰ ਨਹੀਂ ਕਰਨਾ ਚਾਹੁੰਦਾ, ਪਰ ਅਜਿਹਾ ਸਾਫ਼ ਲੱਗਦਾ ਹੈ ਕਿ ਉੱਤਰ ਪ੍ਰਦੇਸ਼ ਚੋਣਾਂ ਤੋਂ ਪਹਿਲਾਂ ਕੁਝ ਨਾ ਕੁਝ ਵੱਡਾ ਜ਼ਰੂਰ ਹੋ ਸਕਦਾ ਹੈ | ਹਾਲਾਂਕਿ ਮੋਦੀ ਦੇ ਬਾਅਦ ਕੌਣ? ਇਹ ਚਰਚਾ ਕੋਈ ਨਵੀਂ ਨਹੀਂ ਹੈ | ਨਹਿਰੂ ਦੇ ਜੀਵਨਕਾਲ 'ਚ ਵੀ ਇਹ ਸਵਾਲ ਦੇਸ਼ ਤੇ ਵਿਦੇਸ਼ 'ਚ ਚਰਚਾ ਦਾ ਸਬੱਬ ਬਣ ਗਿਆ ਸੀ ਕਿ ਨਹਿਰੂ ਦਾ ਉਤਰਾਧਿਕਾਰੀ ਕੌਣ ਹੋ ਸਕਦਾ ਹੈ ਤੇ ਕਈ ਨਾਵਾਂ 'ਤੇ ਅਟਕਲਾਂ ਲੱਗਦੀਆਂ ਸਨ | ਇੰਦਰਾ ਗਾਂਧੀ ਦੇ ਸਮੇਂ ਵੀ ਅਜਿਹੀ ਚਰਚਾ ਆਮ ਸੀ, ਹਾਲਾਂਕਿ ਉਸ ਸਮੇਂ ਰਾਜੀਵ ਗਾਂਧੀ ਨੂੰ  ਸੁਭਾਵਿਕ ਦਾਅਵੇਦਾਰ ਵਜੋਂ ਦੇਖਿਆ ਜਾਂਦਾ ਸੀ |  
ਦਰਅਸਲ ਅਜਿਹੀ ਚਰਚਾ ਤਾਂ ਹੀ ਹੁੰਦੀ ਹੈ, ਜਦੋਂ ਕੋਈ ਤਾਕਤਵਰ ਨੇਤਾ ਲੰਬੇ ਸਮੇਂ ਤੱਕ ਸੱਤਾ 'ਤੇ ਕਾਬਜ਼ ਰਿਹਾ ਹੋਵੇ | ਨਹਿਰੂ ਦੇ 17 ਸਾਲ ਤੇ ਇੰਦਰਾ ਗਾਂਧੀ ਜੇ 16 ਸਾਲ ਪ੍ਰਧਾਨ ਮੰਤਰੀ ਰਹਿਣ ਬਾਅਦ ਹੁਣ ਮੋਦੀ 12 ਸਾਲ ਤੋਂ ਜ਼ਿਆਦਾ ਸਮੇਂ ਤੋਂ ਕੁਰਸੀ 'ਤੇ ਹਨ | ਅਜਿਹੀ ਚਰਚਾ ਤੋਂ ਹੈਰਾਨ ਨਹੀਂ ਹੋਣਾ ਚਾਹੀਦਾ, ਕਿਉਂਕਿ ਸੱਤਾ 'ਚ ਕੁਰਸੀ ਦੀ ਦਾਅਵੇਦਾਰੀ ਦੇ ਲਈ ਕੁਝ ਵੱਡੇ ਨੇਤਾ ਆਪਣੀ ਪੇਸ਼ਬੰਦੀ ਕਰਦੇ ਰਹਿੰਦੇ ਹਨ | ਹਾਲਾਂਕਿ ਇਹ ਅੰਦਾਜ਼ਾ ਲਗਾਉਣਾ ਹਮੇਸ਼ਾ ਮੁਸ਼ਕਿਲ ਹੁੰਦਾ ਹੈ ਕਿ ਕੌਣ ਉਤਰਾਧਿਕਾਰੀ ਬਣੇਗਾ, ਪਰ ਅੱਜ ਦੇ ਸਮੇਂ 'ਚ 3 ਵੱਡੇ ਦਾਅਵੇਦਾਰ ਸਾਫ਼ ਨਜ਼ਰ ਆ ਰਹੇ ਹਨ | ਸਭ ਤੋਂ ਪਹਿਲਾਂ ਨਾਂਅ ਅਮਿਤ ਸ਼ਾਹ ਦਾ ਹੈ, ਉਨ੍ਹਾਂ ਦਾ ਮੋਦੀ ਨਾਲ ਰਿਸ਼ਤਾ ਗੁਰੂ ਤੇ ਚੇਲੇ ਵਾਲਾ ਹੈ ਤੇ ਉਨ੍ਹਾਂ ਦਾ ਪੂਰਾ ਸਿਆਸੀ ਕਰੀਅਰ ਮੋਦੀ ਨੇ ਬਣਾਇਆ ਹੈ | ਗੁਜਰਾਤ ਦਾ ਮੁੱਖ ਮੰਤਰੀ ਬਣਨ ਦੇ ਨਾਲ ਹੀ ਮੋਦੀ ਤੇ ਸ਼ਾਹ ਦੀ ਜੋੜੀ ਬਣ ਗਈ ਸੀ, ਉਹ ਗੁਜਰਾਤ 'ਚ ਮੋਦੀ ਤੋਂ ਬਾਅਦ ਸਭ ਤੋਂ ਤਾਕਤਵਰ ਮੰਨੇ ਜਾਂਦੇ ਸਨ | ਮੋਦੀ ਦਿੱਲੀ ਆਏ ਤਾਂ ਅਮਿਤ ਸ਼ਾਹ ਵੀ ਨਾਲ ਹੀ ਆ ਗਏ ਅਤੇ ਦੇਖਦੇ-ਦੇਖਦੇ ਸਾਰੇ ਸੀਨੀਅਰ ਨੇਤਾਵਾਂ ਨੂੰ  ਪਿੱਛੇ ਛੱਡ ਕੇ ਸ਼ਾਹ 'ਨੰਬਰ ਦੋ' ਬਣ ਗਏ | ਮੋਦੀ ਦੀ ਅਗਵਾਈ 'ਚ ਸ਼ਾਹ ਦੀ ਰਣਨੀਤੀ ਨਾਲ ਭਾਜਪਾ ਸਰਬ ਸ਼ਕਤੀਸ਼ਾਲੀ ਪਾਰਟੀ ਬਣ ਗਈ ਤੇ ਕਈ ਸੀਨੀਅਰ ਤੇ ਉੱਚ ਇੱਛਾਵਾਂ ਰੱਖਣ ਵਾਲੇ ਨੇਤਾਵਾਂ ਨੂੰ  ਖੂੰਜੇ ਲਗਾ ਦਿੱਤਾ ਗਿਆ | ਭਾਜਪਾ ਅਟਲ-ਅਡਵਾਨੀ ਦੀ ਵਿਰਾਸਤ ਤੋਂ ਨਿਕਲ ਕੇ ਇਕ ਨਵੀਂ ਪਾਰਟੀ ਬਣ ਗਈ, ਅਜਿਹੇ 'ਚ ਅਮਿਤ ਸ਼ਾਹ ਆਪਣੇ-ਆਪ ਨੂੰ  ਮੋਦੀ ਦੇ ਸੁਭਾਵਿਕ ਉਤਰਾਧਿਕਾਰੀ ਮੰਨਦੇ ਹਨ ਤਾਂ ਹੈਰਾਨੀ ਦੀ ਗੱਲ ਨਹੀਂ ਹੈ | 
ਪਰ ਫਾਈਨਾਂਸ਼ੀਅਲ ਟਾਈਮਜ਼ ਦੀ ਖ਼ਬਰ ਇਕ ਕਹਾਣੀ ਕਹਿੰਦੀ ਹੈ ਕਿ ਸ਼ਾਹ ਦਾ ਸਫਰ ਇੰਨਾ ਆਸਾਨ ਵੀ ਨਹੀਂ ਹੈ, ਯੋਗੀ ਅਦਿੱਤਾਨਾਥ ਦੀ ਦਾਅਵੇਦਾਰੀ ਨੂੰ  ਵੀ ਖਾਰਜ ਨਹੀਂ ਕੀਤਾ ਜਾ ਸਕਦਾ | ਰਾਜਨੀਤੀ ਇਕ ਬਹੁਤ ਭਿਆਨਕ ਖੇਡ ਹੈ, ਜਿੱਤ ਤੇ ਹਾਰ ਬਹੁਤ ਸਾਰੇ ਤੱਤਾਂ 'ਤੇ ਨਿਰਭਰ ਕਰਦੀ ਹੈ | ਯੋਗੀ ਦੀ ਸਭ ਤੋਂ ਵੱਡੀ ਤਾਕਤ ਇਹ ਹੈ ਕਿ ਉਹ ਦੇਸ਼ ਦੇ ਸਭ ਤੋਂ ਵੱਡੇ ਸੂਬੇ ਦੇ ਸਾਢੇ 9 ਸਾਲ ਤੋਂ ਮੁੱਖ ਮੰਤਰੀ ਹਨ ਅਤੇ ਗੋਰਖਮੱਠ ਦੇ ਮੁਖੀ ਹੋਣ ਦੇ ਨਾਤੇ ਉਨ੍ਹਾਂ ਦੇ ਹਿੰਦੂਤਵ 'ਤੇ ਕਿਸੇ ਨੂੰ  ਕੋਈ ਸ਼ੱਕ ਵੀ ਨਹੀਂ ਹੈ | ਉਹ ਮੋਦੀ ਦੇ ਬਾਅਦ ਹਿੰਦੂਤਵ ਸਮਰਥਕਾਂ 'ਚ ਸਭ ਤੋਂ ਹਰਮਨ ਪਿਆਰੇ ਭਾਜਪਾ ਨੇਤਾ ਹਨ, ਹਰ ਚੋਣ 'ਚ ਮੋਦੀ ਤੋਂ ਬਾਅਦ ਉਨ੍ਹਾਂ ਦੀ ਹੀ ਮੰਗ ਹੁੰਦੀ ਹੈ | ਇਸ ਮਾਮਲੇ 'ਚ ਅਮਿਤ ਸ਼ਾਹ ਕਮਜ਼ੋਰ ਸਾਬਤ ਹੁੰਦੇ ਹਨ | ਨੌਕਰਸ਼ਾਹੀ 'ਚ ਇਹ ਆਮ ਚਰਚਾ ਹੈ ਕਿ ਜੇਕਰ ਯੋਗੀ ਲਗਾਤਾਰ ਤੀਜੀ ਵਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣ ਗਏ ਤਾਂ ਮੋਦੀ ਵਾਂਗ ਉਸ ਨੂੰ  ਰੋਕਣਾ ਬਹੁਤ ਮੁਸ਼ਕਿਲ ਹੋਵੇਗਾ, ਜਿਸ ਤਰ੍ਹਾਂ ਮੋਦੀ ਦੇ ਤੀਜੀ ਵਾਰ ਗੁਜਰਾਤ ਦਾ ਮੁੱਖ ਮੰਤਰੀ ਬਣਨ ਦੇ ਬਾਅਦ ਦਿੱਲੀ ਦੇ ਵੱਡੇ ਪਾਰਟੀ ਨੇਤਾ ਉਨ੍ਹਾਂ ਨੂੰ  ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਨ ਤੋਂ ਨਹੀਂ ਰੋਕ ਸਕੇ ਸਨ |   
ਪਰ ਇਸ ਖੇਡ 'ਚ ਇਕ ਤੀਜਾ ਨਾਂਅ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਾ ਵੀ ਜੁੜ ਗਿਆ ਹੈ | ਮਹਾਰਾਸ਼ਟਰ ਭਾਰਤ ਦੀ ਆਰਥਿਕ ਰਾਜਧਾਨੀ ਹੋਣ ਕਰਕੇ ਉਨ੍ਹਾਂ ਨੂੰ  ਦੇਸ਼ ਦੇ ਵੱਡੇ-ਵੱਡੇ ਉਦਯੋਗਪਤੀਆਂ ਦਾ ਸਮਰਥਨ ਮਿਲਣਾ ਸਭ ਤੋਂ ਸੌਖਾ ਹੈ | ਨਾਗਪੁਰ ਤੋਂ ਹੋਣ ਕਰਕੇ ਉਹ ਸੰਘ ਪਰਿਵਾਰ ਦੇ ਸਭ ਤੋਂ ਚਹੇਤੇ ਹਨ ਤੇ ਰਾਜਨੀਤੀ ਦੇ ਵੀ ਮਾਹਰ ਖਿਡਾਰੀ ਹਨ | ਉਨ੍ਹਾਂ 2014 'ਚ ਪਹਿਲੀ ਵਾਰ ਮੁੱਖ ਮੰਤਰੀ ਬਣਨ ਤੋਂ ਬਾਅਦ ਆਪਣੇ ਵਿਰੋਧੀਆਂ ਨੂੰ  ਬਹੁਤ ਚਤੁਰਾਈ ਨਾਲ ਖੂੰਜੇ ਲਗਾ ਕੇ ਆਪਣੀ ਸਿਆਸੀ ਸੂਝ-ਬੂਝ ਸਾਬਤ ਕੀਤੀ ਹੈ, ਉਹ ਅੰਤਰਰਾਸ਼ਟਰੀ ਰਾਜਨੀਤੀ ਤੇ ਕੂਟਨੀਤੀ 'ਚ ਵੀ ਸ਼ਾਹ ਤੇ ਯੋਗੀ ਨਾਲੋਂ ਬਿਹਤਰ ਸਾਬਤ ਹੋ ਸਕਦੇ ਹਨ | ਰਾਜਨੀਤੀ ਦੇ ਮਾਹਰ ਖਿਡਾਰੀ ਹੋਣ ਦੇ ਬਾਅਦ ਵੀ ਫੜਨਵੀਸ ਦਾ ਅਕਸ ਕੱਟੜ ਹਿੰਦੂਤਵਵਾਦੀ ਵਾਲਾ ਨਹੀਂ ਹੈ | ਜਦੋਂ ਮੋਹਨ ਭਾਗਵਤ ਤੇ ਦੱਤਾਤਰੇਅ ਹੋਸਬੋਲੇ ਅਮਰੀਕਾ ਜਾ ਕੇ ਦੁਨੀਆ ਨੂੰ  ਦੱਸ ਰਹੇ ਹਨ ਕਿ ਸੰਘ ਮੁਸਲਿਮ ਜਾਂ ਈਸਾਈ ਵਿਰੋਧੀ ਸੰਗਠਨ ਨਹੀਂ ਹੈ ਤੇ ਉਸ ਦੀ ਤੁਲਨਾ ਗੋਰੇ ਨਸਲਵਾਦੀਆਂ ਨਾਲ ਕਰਨੀ ਠੀਕ ਨਹੀਂ ਹੈ, ਤਾਂ  ਇਹ ਫੜਨਵੀਸ ਦੇ ਦਾਅਵੇ ਨੂੰ  ਮਜ਼ਬੂਤ ਕਰਦਾ ਹੈ |  
ਉਂਝ ਅਨੁਭਵ ਕਹਿੰਦਾ ਹੈ ਕਿ ਅਜਿਹੇ ਮੌਕਿਆਂ 'ਤੇ ਅਕਸਰ ਉਹ ਲੋਕ ਬਾਜ਼ੀ ਮਾਰ ਜਾਂਦੇ ਹਨ, ਜਿਨ੍ਹਾਂ ਨੂੰ  ਦੌੜ 'ਚ ਨਹੀਂ ਮੰਨਿਆ ਜਾਂਦਾ ਤੇ ਉਹ ਪਰਦੇ ਦੇ ਪਿੱਛੇ ਤੋਂ ਚਾਲਾਂ ਚੱਲਦੇ ਰਹਿੰਦੇ ਹਨ | 1991 'ਚ ਅਰਜੁਨ ਸਿੰਘ ਤੇ ਸ਼ਰਦ ਪਵਾਰ ਦੇ ਝਗੜੇ 'ਚ ਬਾਜ਼ੀ ਨਰਸਿਮ੍ਹਾ ਰਾਓ ਮਾਰ ਗਏ ਸਨ | ਭਾਜਪਾ 'ਚ ਇਹ ਖੇਡ ਕੋਈ ਨਵਾਂ ਨਹੀਂ ਹੈ, ਇਸ ਲਈ ਅਟਕਲਾਂ  ਲਗਾਉਣੀਆਂ ਬੇਮਤਲਬ ਹਨ | ਪਰ ਇਕ ਗੱਲ ਤੈਅ ਹੈ ਕਿ ਮੋਦੀ ਬਾਅਦ ਕੌਣ ਦਾ ਫ਼ੈਸਲਾ ਸੰਘ ਦੀ ਉੱਚ ਲੀਡਰਸ਼ਿਪ ਨੇ ਹੀ ਕਰਨਾ ਹੈ ਅਤੇ ਸੰਘ ਉਸੇ ਨੇਤਾ ਨੂੰ  ਅੱਗੇ ਵਧਾਏਗਾ, ਜੋ ਉਸ ਦੇ ਹਿੰਦੂਤਵ ਦੇ ਅਗਲੇ 25 ਸਾਲ ਦੇ ਏਜੰਡੇ ਨੂੰ  ਅੱਗੇ ਲਿਜਾਣ 'ਚ ਮਦਦਗਾਰ ਹੋਵੇਗਾ | ਭਾਗਵਤ ਦੀ ਅਮਰੀਕਾ ਯਾਤਰਾ ਇਸ ਗੱਲ ਦਾ ਸੰਕੇਤ ਹੈ ਕਿ ਸੰਘ ਪਰਿਵਾਰ ਹਿੰਦੂਤਵ ਦੇ ਵਿਗੜ ਰਹੇ ਅਕਸ ਤੋਂ ਬਹੁਤ ਪ੍ਰੇਸ਼ਾਨ ਹੈ | ਕਿਹੜਾ ਨੇਤਾ ਉਸ ਦੀ ਯੋਜਨਾ 'ਚ ਫਿੱਟ ਬੈਠੇਗਾ, ਇਹ ਭਵਿੱਖ ਨੂੰ  ਤੈਅ ਕਰਨ ਦਿਓ, ਪਰ ਦਿੱਲੀ ਦੇ ਗਲਿਆਰਿਆਂ 'ਚ ਕੋਈ ਵੀ ਚਰਚਾ ਐਵੇਂ ਹੀ ਨਹੀਂ ਹੁੰਦੀ ਹੈ | ਜੇਕਰ ਅੱਜਕਲ੍ਹ ਚਰਚੇ ਗਰਮ ਹਨ ਤਾਂ ਸਿੱਧਾ ਅਰਥ ਹੈ ਕਿ ਕੋਈ ਗੱਲ ਤਾਂ ਹੈ |

-ਈਮੇਲ : ashutosh83b@gmail.com

Ad Position 22
No active advertisement
ਪਿਛਲੀ ਖ਼ਬਰ ਉਜ਼ਬੇਕਿਸਤਾਨ ਨਾਲ ਨੇੜਤਾ ਅਗਲੀ ਖ਼ਬਰ ਇਮਾਨਦਾਰੀ ਤੇ ਕਾਰਜਕੁਸ਼ਲਤਾ ਦਾ ਪ੍ਰਤੀਕ- ਕੈਪਟਨ ਕੰਵਲਜੀਤ ਸਿੰਘ
Ad Position 24