24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਮੈਡੀਸਨ ਨੋਬਲ 2026 : ਦਿਮਾਗ਼ ਦੇ ਹਨੇਰੇ 'ਚ ਰੌਸ਼ਨੀ ਦੀ ਦਸਤਕ

ਮੈਡੀਸਨ ਨੋਬਲ 2026 : ਦਿਮਾਗ਼ ਦੇ ਹਨੇਰੇ 'ਚ ਰੌਸ਼ਨੀ ਦੀ ਦਸਤਕ

Ad Position 21
No active advertisement
ਅਜੀਤ ਡੈਸਕ 25-10-2026

ਦਿਮਾਗ਼ ਸਾਡੇ ਸਰੀਰ ਦਾ ਇਕ ਹਿੱਸਾ ਹੈ ਜਿਸ ਨੂੰ  ਅਸੀਂ ਹਰ ਪਲ, ਜਾਣਦੇ ਹੋਏ ਜਾਂ ਅਨਜਾਣੇ ਵਿਚ ਵਰਤਦੇ ਹਾਂ | ਸਭ ਪ੍ਰਾਪਤੀਆਂ ਦੇ ਵਿਚਕਾਰ ਇਕ ਵਿਰੋਧਾਭਾਸ ਅੱਜ ਵੀ ਸਾਡੇ ਸਾਹਮਣੇ ਖੜ੍ਹਾ ਹੈ ਕਿ ਦੁਨੀਆ ਦੇ ਅਨੰਤ ਰਹੱਸਾਂ ਨੂੰ  ਪ੍ਰਗਟ ਕਰਨ ਵਾਲੇ  ਦਿਮਾਗ਼ ਦੇ ਖ਼ੁਦ ਆਪਣੇ ਬਾਰੇ ਅਜੇ ਤੱਕ  ਭੇਦ ਪੂਰੀ ਤਰ੍ਹਾਂ ਕਿਉਂ ਨਹੀਂ ਖੋਲ੍ਹੇ ਜਾ ਸਕੇ? ਉਦਾਹਰਨ ਵਜੋਂ ਅਸੀਂ ਕਿਵੇਂ ਸੋਚਦੇ ਹਾਂ, ਕਿਸੇ ਚਿਹਰੇ ਨੂੰ  ਦੇਖਦੇ ਹੀ ਸਾਨੂੰ ਉਸ ਨਾਲ ਜੁੜੀਆਂ ਸਾਲਾਂ ਪੁਰਾਣੀਆਂ ਯਾਦਾਂ ਤੁਰੰਤ ਤਾਜ਼ਾ ਹੋ ਜਾਂਦੀਆਂ ਹਨ? ਕੋਈ ਆਵਾਜ਼ ਜਾਂ ਗੰਧ ਆਖ਼ਰ ਕਿਵੇਂ ਸਾਡੇ ਅਤੀਤ ਦੇ ਰਹੱਸਾਂ ਨੂੰ  ਪਲ ਝਪਕਦਿਆਂ ਤਾਜ਼ਾ ਕਰ ਦਿੰਦੀ ਹੈ? ਇਕ ਸਧਾਰਨ ਸਵਾਲ ਕਿ ਆਖਰ ਕੋਈ ਵਿਚਾਰ ਸਾਡੇ ਦਿਮਾਗ਼ ਨੂੰ  ਕਿਵੇਂ ਕਿਰਿਆਸ਼ੀਲ ਕਰ ਦਿੰਦਾ ਹੈ?

ਇਨ੍ਹਾਂ ਸਭ ਸਵਾਲਾਂ ਦੇ ਜਵਾਬ ਲੱਭਣ ਦੀ ਯਾਤਰਾ 'ਚ ਵਿਗਿਆਨ ਨੇ ਹੁਣ ਇਕ ਮਹੱਤਵਪੂਰਨ ਦਰਵਾਜ਼ਾ ਖੋਲ੍ਹ ਦਿੱਤਾ ਹੈ | 2026 ਦਾ ਮੈਡੀਸਨ ਦਾ ਨੋਬਲ ਪੁਰਸਕਾਰ ਪੀਟਰ ਹੇਗੇਮੈਨ, ਜਾਰਜ ਨਾਗੇਲ ਤੇ ਕਾਰਲ ਡੀਸੇਰੋਥ ਨੂੰ  ਪ੍ਰਕਾਸ਼-ਸੰਵੇਦੀ ਆਇਨ ਚੈਨਲਾਂ ਤੇ ਆਪਟੋਜੈਨੇਟਿਕਸ 'ਤੇ ਉਨ੍ਹਾਂ ਦੇ ਕੰਮ ਲਈ ਦਿੱਤਾ ਗਿਆ ਹੈ | ਇਨ੍ਹਾਂ ਵਿਗਿਆਨੀਆਂ ਦੀਆਂ ਖੋਜਾਂ ਨੇ ਰੌਸ਼ਨੀ ਦੀ ਮਦਦ ਨਾਲ ਖਾਸ ਤੰਤਰਿਕਾ ਕੋਸ਼ਿਕਾਵਾਂ (ਨਰਵ ਸੈੱਲਾਂ) ਦੀ ਸਰਗਰਮੀ ਨੂੰ  ਨਿਯੰਤਰਿਤ ਕਰਨ ਦਾ ਇਕ ਤਰੀਕਾ ਦਿਖਾਇਆ ਹੈ | ਸਟੈਨਫੋਰਡ ਕੇ ਡੀਸੇਰੋਥ, ਬਰਲਿਨ ਕੇ ਹੇਗੇਮੈਨ ਅਤੇ ਵੁਰਜ਼ਬਰਗ ਕੇੇ ਨਾਗੇਲ ਦੀ ਖੋਜ ਓਪਟੋਜੈਨੇਟਿਕਸ ਨੇ ਨਿਊਰੋਸਾਇੰਸ ਦੀ ਦਿਸ਼ਾ ਹੀ ਬਦਲ ਦਿੱਤੀ ਹੈ | ਇਸ ਤਕਨੀਕ 'ਚ ਰੌਸ਼ਨੀ-ਚਾਲਿਤ ਅਜਿਹੇ ਸਵਿੱਚ ਮਿਲਦੇ ਹਨ, ਜਿਸ ਨਾਲ ਦਿਮਾਗ਼ ਦੇ ਨਰਵਸੇਂਸ ਤੇ ਸਰਕਟਾਂ ਨੂੰ  ਕੰਟਰੋਲ ਕਰ ਕੇ ਦਿਮਾਗ਼ ਦੇ ਕਾਰਜ, ਵਿਵਹਾਰ ਤੇ ਬਿਮਾਰੀ ਨੂੰ  ਸਮਝਿਆ ਜਾ ਸਕਦਾ ਹੈ | ਇਸ ਦੀ ਸ਼ੁਰੂਆਤ ਹੇਗੇਮੈਨ ਹਰੇ ਸ਼ੈਵਾਲ ਦੇ ਰੌਸ਼ਨੀ ਵੱਲ ਤੈਰਨ ਦੇ ਰਹੱਸ ਨੂੰ  ਸੁਲਝਾਉਣ ਨਾਲ ਹੋਈ | ਹੇਗੇਮੈਨ ਤੇ ਨਾਗੇਲ ਨੇ ਇਕ ਅਜਿਹੇ ਪ੍ਰੋਟੀਨ ਦੀ ਖੋਜ ਕੀਤੀ ਜੋ ਨੀਲੀ ਰੋਸ਼ਨੀ ਦੇ ਸੰਪਰਕ ਵਿਚ ਆਉਣ 'ਤੇ ਆਇਨ ਚੈਨਲ ਖੋਲ੍ਹ ਕੇ ਇਲੈਕਟ੍ਰੀਕਲ ਸਰਗਰਮੀ ਪੈਦਾ ਕਰਦਾ ਹੈ | ਜਦਕਿ ਡੀਸੇਰੋਥ ਨੇ ਇਸੇ ਜੀਨ ਦੀ ਵਰਤੋਂ ਜੀਵਤ ਚੂਹਿਆਂ ਦੇ ਦਿਮਾਗ਼ ਵਿਚ ਨਰਵਸੇਂਸ ਦੇ ਲਈ ਇਕ ਲਾਈਟ-ਕੰਟਰੋਲ ਸਵਿੱਚ ਬਣਾਉਣ ਲਈ ਕੀਤੀ ਹੈ | 
   ਭਾਵੇਂ  ਇਹ ਸੁਣਨ 'ਚ ਸਧਾਰਨ ਗੱਲ ਲੱਗੇ, ਪਰ ਇਹ ਖੋਜ ਅਸਾਧਾਰਨ ਰਹੱਸਾਂ ਦੀ ਖੋਜ ਵਾਲੀ ਤਕਨੀਕ ਹੈ ਤੇ ਸਭ ਤੋਂ ਵੱਡੀ ਗੱਲ ਮਨੁੱਖੀ ਦਿਮਾਗ਼ ਬਾਰੇ ਹੈ | ਅਸੀਂ ਜਾਣਦੇ ਹਾਂ ਕਿ ਸਾਡਾ ਦਿਮਾਗ ਅਰਬਾਂ ਨਿਊਰਾਨ ਦਾ ਇਕ ਗੁੰਝਲਦਾਰ ਸੰਸਾਰ ਹੈ, ਜਿਸ ਵਿਚ ਹਰ ਪਲ ਅਣਗਿਣਤ ਬਿਜਲਈ ਤੇ ਰਸਾਇਣਕ ਸੰਕੇਤ ਵਗਦੇ ਰਹਿੰਦੇ ਹਨ | ਜਦੋਂ ਅਸੀਂ ਕੋਈ ਚੀਜ਼   ਦੇਖਦੇ ਹਾਂ ਤਾਂ ਉਸ ਦਾ ਇਕ ਨਿਸਚਿਤ ਅਰਥ ਕੱਢ ਕੇ ਉਸੇ ਮੁਤਾਬਿਕ ਆਪਣੀ ਪ੍ਰਤੀਕਿਰਿਆ ਦਿੰਦੇ ਹਾਂ | ਇਹ ਉਹ ਪਲ ਹੁੰਦਾ ਹੈ ਜਦੋਂ ਸਾਡੇ ਅੰਦਰ ਭਾਵਨਾਵਾਂ ਤੇ ਯਾਦਾਂ ਦੀਆਂ ਅਨੇਕਾਂ ਸਰਗਰਮੀਆਂ ਚੱਲ ਰਹੀਆਂ ਹੁੰਦੀਆਂ ਹਨ | ਹੁਣ ਤੱਕ ਸਮੱਸਿਆ ਇਹ ਰਹੀ ਹੈ ਕਿ ਅਜਿਹੇ ਗੁੰਝਲਦਾਰ ਨੈੱਟਵਰਕ ਵਿਚ ਕਿਸੇ ਇਕ ਨਿਊਰੋਨ ਜਾਂ ਨਿਊਰੋਨਾਂ ਦੇ ਸਮੂਹ ਦੀ ਅਸਲ ਭੂਮਿਕਾ ਨੂੰ  ਵੱਖ ਕਰ ਕੇ ਸਮਝਣਾ ਬਹੁਤ ਮੁਸ਼ਕਿਲ ਸੀ | ਇੱਥੇ ਹੀ ਇਸ ਨੋਬਲ ਪੁਰਸਕਾਰ ਜੇਤੂ ਵਿਗਿਆਨਕਾਂ ਦੀ ਖੋਜ ਦੀ ਮਹੱਤਤਾ ਸਾਹਮਣੇ ਆਉਂਦੀ ਹੈ | ਪੀਟਰ ਹੇਗੇਮੈਨ ਤੇ ਜਾਰਜ ਨਾਗੇਲ ਨੇ ਇਕ ਸੂਖਮ ਇਕ ਕੋਸ਼ਿਕੀ ਸੈੱਲ ਸ਼ੈਵਾਲ (ਐਲਗਾ) 'ਚ ਪ੍ਰਕਾਸ਼ ਪ੍ਰਤੀ ਸੰਵੇਦਨਸ਼ੀਲ ਪ੍ਰੋਟੀਨਾਂ ਦੀ ਪ੍ਰਕਿਰਤੀ ਨੂੰ  ਸਮਝਣ 'ਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ | ਕੁਦਰਤ ਨੇ ਇਸ ਛੋਟੇ ਜਿਹੇ ਜੀਵ 'ਚ ਰੌਸ਼ਨੀ ਨੂੰ  ਜੈਵਿਕ ਸੰਕੇਤਾਂ ਵਿਚ ਬਦਲਣ ਦੀ ਯੋਗਤਾ ਨੂੰ  ਵਿਕਸਤ ਕੀਤਾ ਹੋਇਆ ਹੈ | ਵਿਗਿਆਨੀਆਂ ਨੇ ਇਸੇ ਕੁਦਰਤੀ ਵਿਧੀ ਨੂੰ  ਸਮਝ ਕੇ ਅੱਗੇ ਚੱਲ ਕੇ ਇਸ ਨੂੰ  ਤੰਤਰਿਕਾ ਵਿਗਿਆਨ (ਨਿਊਰੋਸਾਇੰਸ) ਦੇ ਲਈ ਆਸਾਧਰਨ ਔਜ਼ਾਰ 'ਚ ਬਦਲ ਦਿੱਤਾ ਹੈ | 
ਕਾਰਲ ਡੀਸੇਰੋਥ ਦੇ ਕੰਮ ਨੇ ਇਸ ਦਿਸ਼ਾ ਨੂੰ  ਦਿਮਾਗ਼ ਦੇ ਅਧਿਐਨ ਤੱਕ ਪਹੁੰਚਣ 'ਚ ਨਿਰਣਾਇਕ ਭੂਮਿਕਾ ਨਿਭਾਈ | ਪ੍ਰਕਾਸ਼-ਸੰਵੇਦਨਸ਼ੀਲ ਪ੍ਰੋਟੀਨਾਂ ਨੂੰ  ਖਾਸ ਨਿਊਰੋਨਾਂ ਵਿਚ ਪੇਸ਼ ਕਰ ਕੇ ਵਿਗਿਆਨੀ ਹੁਣ ਰੌਸ਼ਨੀ ਦੀ ਮਦਦ ਨਾਲ ਉਨ੍ਹਾਂ ਸੈੱਲਾਂ ਨੂੰ  ਕਿਰਿਆਸ਼ੀਲ ਜਾਂ ਅਕਿਰਿਆਸ਼ੀਲ ਕਰ ਸਕਦੇ ਹਨ | ਇਸ ਦਾ ਮਤਲਬ ਹੈ ਕਿ ਹੁਣ ਦਿਮਾਗ਼ ਨੂੰ  ਉਸ ਦੀਆਂ ਅੰਦਰੂਨੀ ਸਰਗਰਮੀਆਂ ਨੂੰ  ਨਾਜ਼ੁਕ ਤੌਰ 'ਤੇ ਛੂਹਣ ਤੇ ਕੰਟਰੋਲ ਕਰ ਕੇ ਸਮਝਣ ਦਾ ਰਸਤਾ ਖੁੱਲ੍ਹ ਗਿਆ ਹੈ |
ਵਿਗਿਆਨ ਵਿਚ ਇਹ ਕੋਈ ਛੋਟਾ ਕਾਰਨਾਮਾ ਨਹੀਂ ਹੈ | ਇੱਥੋਂ ਦਿਮਾਗ਼ ਦੇ ਰਹੱਸਾਂ ਤੱਕ ਪਹੁੰਚਣ ਦੀਆਂ ਸੰਭਾਵਨਾਵਾਂ ਪੈਦਾ ਹੁੰਦੀਆਂ ਹਨ, ਜੋ ਸਾਡੇ ਸਭ ਤੋਂ ਨਿੱਜੀ ਅਨੁਭਵਾਂ: ਡਰ, ਅਨੰਦ, ਯਾਦਦਾਸ਼ਤ, ਪ੍ਰੇਰਣਾ, ਆਦਤਾਂ ਤੇ ਸਾਡੇ ਵਿਵਹਾਰ ਨਾਲ ਸਬੰਧਤ ਹਨ | ਕਲਪਨਾ ਕਰੋ ਕਿ ਕਿਸੇ ਵਿਅਕਤੀ ਦੀਆਂ ਇਕ ਪੁਰਾਣਾ ਗੀਤ ਸੁਣ ਕੇ  ਬਚਪਨ ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ, ਸਵਾਲ ਉੱਠਦਾ ਹੈ ਕਿ ਗਾਣਾ ਸੁਣ ਕੇ ਉਸ ਦੇ ਅੰਦਰ ਕਿਹੜੇ ਨਿਊਰਲ ਸਰਕਟ ਸਰਗਰਮ ਹੁੰਦੇ ਹਨ? ਕਿਸੇ ਭਿਆਨਕ ਅਨੁਭਵ ਦੀ ਯਾਦ ਸਾਲਾਂ ਬਾਅਦ ਵੀ ਡਰ ਨਾਲ ਕੰਬਣੀ ਕਿਉਂ ਛੇੜ ਦਿੰਦੀ ਹੈ? ਬਿਮਾਰੀ ਦੌਰਾਨ ਕਿਹੜੇ ਦਿਮਾਗ਼ੀ ਸਰਕਟ ਅਸਧਾਰਨ ਤੌਰ 'ਤੇ ਸਰਗਰਮ ਹੋ ਜਾਂਦੇ ਹਨ? ਸਾਡੇ ਕੋਲ ਅਜੇ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਨਹੀਂ ਹਨ, ਪਰ ਵਿਗਿਆਨੀਆਂ ਕੋਲ ਇਨ੍ਹਾਂ ਦੀ ਜਾਂਚ ਕਰਨ ਲਈ ਹੁਣ ਪਹਿਲਾਂ ਨਾਲੋਂ ਕਿਤੇ ਵਧੇਰੇ ਸਹੀ ਤਰੀਕਾ ਹੈ | ਇਸ ਕਰਕੇ ਇਸ ਸਫਲਤਾ ਨੂੰ  ਸਿਰਫ਼ ਇਕ ਨਵੀਂ ਪ੍ਰਯੋਗਸ਼ਾਲਾ ਤਕਨੀਕ ਵਜੋਂ ਦੇਖਣਾ ਇਸ ਦੀ ਮਹੱਤਤਾ ਨੂੰ  ਘੱਟ ਕਰਕੇ ਸਮਝਣਾ ਹੋਵੇਗਾ | 
ਸੱਚਾਈ ਇਹ ਹੈ ਕਿ ਦਿਮਾਗ਼ ਵਿਗਿਆਨ ਦੀ ਇਹ ਯਾਤਰਾ ਉਸ ਪ੍ਰਾਪਤੀ ਦਾ ਹਿੱਸਾ ਹੈ, ਜੋ ਸਮਝਾਏਗੀ ਕਿ ਨਿਊਰੋ ਸਾਇੰਸ ਦੀ ਇਹ ਸਰਗਰਮੀ ਕਿਸ ਤਰ੍ਹਾਂ ਸਾਡੇ ਅਨੁਭਵਾਂ ਨੂੰ  ਜਨਮ ਦੇ ਕੇ ਸਾਡੇ ਵਿਵਹਾਰ ਨੂੰ  ਆਕਾਰ ਦਿੰਦੀ ਹੈ | ਇਸ ਖੋਜ ਦੀ ਸਭ ਤੋਂ ਵੱਡੀ ਪ੍ਰਾਪਤੀ ਵਿਗਿਆਨਕ ਤਕਨੀਕ ਦੀ ਸ਼ੁਰੂਆਤ ਹੈ | ਜੋ ਇਕ ਛੋਟੇ ਜੀਵ ਦੀ ਰੌਸ਼ਨੀ ਪ੍ਰਤੀ ਪ੍ਰਤੀਕਿਰਿਆ ਨੂੰ  ਲੈ ਕੇ ਪੈਦਾ ਹੋਈ ਜਿਗਿਆਸਾ ਨੂੰ  ਕੋਸ਼ਿਕਾ/ਸੈੱਲ ਵਿਗਿਆਨ ਤੋਂ ਨਿਊਰੋਸਾਇੰਸ ਤੱਕ ਪਹੁੰਚ ਕੇ ਅੰਤ ਵਿਚ ਮਨੁੱਖੀ ਮਨ ਦੇ ਗੁੰਝਲਦਾਰ ਰਹੱਸਾਂ ਨੂੰ  ਖੋਲ੍ਹਣ ਲਈ ਦਿਮਾਗ਼ ਦੀ ਹਨੇਰੀ ਦੁਨੀਆ 'ਚ ਦਾਖ਼ਲ ਹੁੰਦੀ ਹੈ | ਅਸੀਂ ਸਰੀਰ ਬਾਰੇ ਕਾਫੀ ਹੱਦ ਤੱਕ ਜਾਣ ਚੁੱਕੇ ਹਾਂ, ਪਰ ਮਨ ਤੇ ਦਿਮਾਗ਼ ਅਜੇ ਵੀ ਵਿਸ਼ਾਲ ਘਰ ਦੇ ਬੰਦ ਕਮਰਿਆਂ ਵਾਂਗ ਬਣੇ ਹੋਏ ਹਨ | 
 ਹਰ ਨਵੀਂ ਵਿਗਿਆਨਕ ਖੋਜ ਉਸ ਘਰ ਦੇ ਕਿਸੇ ਬੰਦ ਕਮਰੇ ਨੂੰ  ਰੌਸ਼ਨ ਕਰਨ ਵਾਂਗ ਹੈ, 2026 ਦਾ ਮੈਡੀਸਨ ਦਾ ਨੋਬਲ ਪੁਰਸਕਾਰ ਉਸੇ ਰੌਸ਼ਨੀ ਦੀ ਇਕ ਮਹੱਤਵਪੂਰਨ ਕਿਰਨ ਹੈ | ਇਹ ਕਹਿਣਾ ਜਲਦਬਾਜ਼ੀ ਹੋਵੇਗਾ ਕਿ ਇਸ ਖੋਜ ਨਾਲ ਅਸੀਂ ਦਿਮਾਗ਼ ਦੇ ਹਰ ਰਹੱਸ ਨੂੰ  ਜਾਣ ਜਾਵਾਂਗੇ |
ਵਿਗਿਆਨ ਦਾ ਕੰਮ ਸਾਰੇ ਸਵਾਲਾਂ ਦੇ ਇਕੋ ਵਾਰ 'ਚ ਜਵਾਬ ਦੇਣਾ ਨਹੀਂ ਹੈ; ਇਸ ਦਾ ਕੰਮ ਹਨੇਰੇ ਵਿਚ ਅਗਲਾ ਕਦਮ ਰੱਖਣਾ ਹੈ ਅਤੇ ਦਿਮਾਗ਼ ਦੇ ਹਨੇਰੇ ਵਿਚ ਅਗਲਾ ਕਦਮ ਹੁਣ ਪ੍ਰਕਾਸ਼ ਨੇ ਦਿਖਾਇਆ ਹੈ | ਸਵਾਲ ਇਹ ਨਹੀਂ ਹੈ ਕਿ ਇਸ ਨਾਲ ਅਸੀਂ ਦਿਮਾਗ਼ ਨੂੰ  ਕਿੰਨਾ ਸਮਝ ਸਕਾਂਗੇ, ਸਗੋਂ ਅਸਲ ਸਵਾਲ ਇਹ ਹੈ ਕਿ ਇਸ ਸਮਝ ਦੀ ਵਰਤੋਂ ਅਸੀਂ ਮਨੁੱਖੀ ਜੀਵਨ ਨੂੰ  ਕਿੰਨਾ ਬਿਹਤਰ ਬਣਾਉਣ ਵਿਚ ਕਰ ਸਕਾਂਗੇ?

-(ਲੇਖਕ ਵਿਸ਼ੇਸ਼ ਮੀਡੀਆ ਤੇ ਖੋਜ ਸੰਸਥਾ ਇਮੇਜ ਰਿਫਲੈਕਸ਼ਨ ਸੈਂਟਰ ਵਿਚ ਸੀਨੀਅਰ ਸੰਪਾਦਕ ਹੈ |)

Ad Position 22
No active advertisement
ਪਿਛਲੀ ਖ਼ਬਰ ਤਹਿਸੀਲ ਗੜ੍ਹਸ਼ੰਕਰ ਦਾ ਵਾਰਾ ਪਹਿਰਾ ਅਗਲੀ ਖ਼ਬਰ 25-10-2026
Ad Position 24