ਪੰਜਾਬ ਸਰਕਾਰ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਦੋ ਪੜਾਵਾਂ ਵਿਚ ਚਲਾਇਆ ਗਿਆ ਹੈ | ਪਹਿਲਾ ਪੜਾਅ 1 ਮਾਰਚ 2025 ਤੋਂ ਸ਼ੁਰੂ ਹੋਇਆ ਤੇ 9 ਜਨਵਰੀ 2026 ਤੱਕ ਚੱਲਿਆ ਤੇ ਦੂਜਾ ਪੜਾਅ 10 ਜਨਵਰੀ 2026 ਤੋਂ ਲਗਾਤਾਰ ਜਾਰੀ ਹੈ | ਜਿਸ ਦਾ ਮੰਤਵ ਤਸਕਰਾਂ ਵਿਰੁੱਧ ਕਾਨੂੰਨੀ ਕਾਰਵਾਈ, ਨਸ਼ਿਆਂ ਦੀ ਸਪਲਾਈ ਲਾਈਨ ਤੋੜਨਾ, ਨਸ਼ੇੜੀਆਂ ਦਾ ਨਸ਼ਾ ਛੁਡਵਾਉਣਾ ਤੇ ਨਸ਼ਾਮੁਕਤ ਹੋਏ ਨੌਜਵਾਨਾਂ ਦਾ ਮੁੜ ਵਸੇਬਾ ਕਰਨਾ ਹੈ | ਸਰਕਾਰੀ ਦਾਅਵਿਆਂ ਅਨੁਸਾਰ ਇਸ ਮੁਹਿੰਮ ਦੌਰਾਨ 6,608 ਕਿਲੋਗ੍ਰਾਮ ਹੈਰੋਇਨ ਫੜੀ ਗਈ ਹੈ ਤੇ ਤਸਕਰਾਂ ਦੀ 847 ਕਰੋੜ ਦੀ ਨਾਜਾਇਜ਼ ਜਾਇਦਾਦ ਜ਼ਬਤ ਕੀਤੀ ਗਈ ਹੈ | ਇਸ ਦੌਰਾਨ 3800 ਵੱਡੇ ਤਸਕਰਾਂ ਸਮੇਤ 22,800 ਲੋਕ ਗਿ੍ਫ਼ਤਾਰ ਕੀਤੇ ਗਏ ਹਨ ਤੇ ਵੱਖ-ਵੱਖ ਨਸ਼ਾ ਛੁਡਾਉ ਕੇਂਦਰਾਂ ਰਾਹੀਂ 38,000 ਨਸ਼ੇੜੀਆਂ ਨੂੰ ਨਸ਼ਾਮੁਕਤ ਕੀਤਾ ਗਿਆ ਹੈ | 10 ਲੱਖ ਨਸ਼ੱਈਆਂ ਦਾ ਓ.ਪੀ.ਡੀ. ਰਾਹੀਂ ਇਲਾਜ ਚੱਲ ਰਿਹਾ ਹੈ ਤੇ ਪੰਜਾਬ ਦੇ ਨਸ਼ਾ ਛਡਾਉ ਕੇਂਦਰਾਂ ਵਿਚ ਬੈਡਾਂ ਦੀ ਗਿਣਤੀ 1,500 ਤੋਂ ਵਧਾ ਕੇ 5,000 ਬੈਡ ਕਰਨ ਦਾ ਪ੍ਰਬੰਧ ਕੀਤਾ ਗਿਆ | ਪੰਜਾਬ ਦੀਆਂ 10 ਜੇਲ੍ਹਾਂ ਵਿਚ 'ਓਟ ਕਲੀਨਿਕ' ਖੋਲ੍ਹ ਕੇ ਨਸ਼ੇ ਦੇ ਆਦੀ ਕੈਦੀਆਂ ਦੇ ਇਲਾਜ ਦਾ ਉਪਰਾਲਾ ਕੀਤਾ ਗਿਆ ਹੈ | ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਇਸ ਦੇ ਬੁਰੇ ਪ੍ਰਭਾਵਾਂ ਤੋਂ ਸੁਚੇਤ ਕਰਨ ਲਈ 3,500 ਅਧਿਆਪਕਾਂ ਨੂੰ ਇਸ ਸਬੰਧੀ ਟ੍ਰੇਨਿੰਗ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ | ਪਾਕਿਸਤਾਨ ਦੀ ਸਰਹੱਦ ਤੇ 54.41 ਕਰੋੜ ਦੇ ਖਰਚ ਨਾਲ ਐਂਟੀ ਡਰੋਨ ਪ੍ਰਣਾਲੀ ਚਾਲੂ ਕੀਤੀ ਗਈ ਹੈ | ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ 42.95 ਕਰੋੜ ਦੀ ਲਾਗਤ ਨਾਲ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਯੋਜਨਾ ਤਹਿਤ ਜਾਗਰੂਕਤਾ ਮੁਹਿੰਮ, ਜੀਵਨ ਕੌਸ਼ਲ ਸਿੱਖਿਆ ਤੇ ਨਸ਼ਾ ਮੁਕਤ ਹੋਏ ਨੌਜਵਾਨਾਂ ਦੇ ਪੁਨਰਵਾਸ ਲਈ ਯਤਨ ਕੀਤੇ ਜਾ ਰਹੇ ਹਨ | ਫਿਰ ਵੀ ਪੰਜਾਬ ਦੇ 12,673 ਪਿੰਡ ਤੇ 237 ਸ਼ਹਿਰ ਨਸ਼ੇ ਦੀ ਕਰੋਪੀ ਦਾ ਸ਼ਿਕਾਰ ਹਨ |

ਪਿਛਲੇ ਦਿਨੀਂ ਮਾਣਯੋਗ ਸੁਪਰੀਮ ਕੋਰਟ ਤੇ ਹਾਈ ਕੋਰਟ ਨੇ ਤਲਵੰਡੀ ਕਲਾਂ ਦੇ ਪੰਡੋਰੀ ਮੁਹੱਲੇ ਦੀ ਵਿਧਵਾ ਔਰਤ ਦੇ ਉਪਰੋਥਲੀ 4 ਪੁੱਤਰਾਂ ਤੇ ਪਤੀ ਦੀ ਨਸ਼ਿਆਂ ਕਾਰਨ ਹੋਈ ਮੌਤ ਅਤੇ ਮੌੜ ਮੰਡੀ (ਮਾਨਸਾ) 'ਚ ਕੰਧਾਂ 'ਤੇ ਲਿਖੇ 'ਇੱਥੇ ਨਸ਼ਾ ਆਮ ਵਿਕਦਾ ਹੈ' ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਨੂੰ ਜਵਾਨੀ ਦੇ ਹੋ ਰਹੇ ਘਾਣ ਨੂੰ ਬਚਾਉਣ ਦੇ ਨਿਰਦੇਸ਼ ਦਿੱਤੇ ਹਨ | ਪੁਲਿਸ ਵਿਭਾਗ ਨਸ਼ੇ ਦੇ ਤਸਕਰਾਂ ਨੂੰ ਫੜ ਕੇ ਪੰਜਾਬ ਦੀਆਂ 25 ਜੇਲ੍ਹਾਂ (ਸੁਧਾਰ ਘਰਾਂ) 'ਚ ਭੇਜਦੀ ਹੈ, ਪਰ ਇਹ ਤਸਕਰ ਜੇਲ੍ਹਾਂ ਦੇ ਅਧਿਕਾਰੀਆਂ/ ਕਰਮਚਾਰੀਆਂ ਨਾਲ ਮਿਲਕੇ ਆਪਣਾ ਨੈਟਵਰਕ ਕਾਇਮ ਕਰਕੇ ਨਸ਼ੇ ਦੇ ਸੰਗਠਤ ਅਪਰਾਧਾਂ ਦੀ ਲੜੀ ਨੂੰ ਟੁੱਟਣ ਨਹੀਂ ਦਿੰਦੇ | ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ 'ਚ ਇਕ ਗੈਂਗਸਟਰ ਨੇ ਮੋਬਾਇਲ ਰਾਹੀਂ ਲਾਈਵ ਹੋ ਕੇ ਜੇਲ੍ਹ 'ਚ ਨਸ਼ਿਆਂ ਦੀ ਸਪਲਾਈ ਦੇ ਇਲਜ਼ਾਮ ਲਗਾਉਂਦਿਆ ਕਿਹਾ ਹੈ ਕਿ ਉਹ ਜਿਹੜਾ ਮੋਬਾਈਲ ਵਰਤ ਰਿਹਾ ਹੈ, ਇਹ ਵੀ ਇਕ ਜੇਲ੍ਹ ਕਰਮਚਾਰੀ ਨੇ ਇਕ ਲੱਖ ਰੁਪਏ 'ਚ ਲਿਆ ਕੇ ਦਿੱਤਾ ਹੈ | ਜੇਕਰ ਜੇਲ੍ਹਾਂ 'ਚ ਨਸ਼ੇ ਮਿਲਦੇ ਹੋਣ ਤੇ ਹੋਰ ਗੈਰਕਾਨੂੰਨੀ ਕੰਮ ਹੁੰਦੇ ਹੋਣ ਤਾਂ ਸੂਬੇ 'ਚ ਬਾਹਰ ਕੀ ਕੁਝ ਨਹੀਂ ਹੁੰਦਾ ਹੋਵੇਗਾ |
ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ 153 ਨਬਾਲਿਗਾਂ ਦੀ ਨਸ਼ਾ ਸਪਲਾਈ 'ਚ ਸ਼ਮੂਲੀਅਤ ਗੰਭੀਰ ਚਿੰਤਾ ਦਾ ਵਿਸ਼ਾ ਹੈ | ਨਸ਼ਾ ਤਸਕਰ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ 'ਚ ਪੜ੍ਹਦੇ ਵਿਦਿਆਰਥੀਆਂ ਨੂੰ ਮਹਿੰਗੇ ਮੋਬਾਈਲ, ਬਰਾਂਡਿਡ ਕੱਪੜੇ, ਮਹਿੰਗੀਆਂ ਬਾਈਕਾਂ ਤੇ ਅਸਾਨ ਕਮਾਈ ਦਾ ਲਾਲਚ ਦੇ ਕੇ ਨਸ਼ਾ ਸਪਲਾਈ ਚੇਨ ਦਾ ਹਿੱਸਾ ਬਣਾਉਣ ਦਾ ਯਤਨ ਕਰਦੇ ਹਨ, ਕਿਉਂਕਿ ਵਿਦਿਆਰਥੀਆਂ ਤੇ ਨਬਾਲਿਗਾਂ 'ਤੇ ਪੁਲਿਸ ਨੂੰ ਸ਼ੱਕ ਨਹੀਂ ਹੁੰਦਾ ਤੇ ਉਹ ਆਸਾਨੀ ਨਾਲ ਨਸ਼ਾ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ 'ਚ ਕਾਮਯਾਬ ਹੋ ਜਾਂਦੇ ਹਨ | ਕਈ ਵਿਦਿਆਰਥੀ ਤੇ ਨਬਾਲਿਗ ਪੁਲਿਸ ਵਲੋਂ ਫੜੇ ਵੀ ਗਏ ਹਨ |
ਪੰਜਾਬ ਦੇ ਜਗਰਾਓਾ ਸ਼ਹਿਰ ਵਿਚ ਲੋਕਾਂ ਨੇ ਹੱਥਾਂ ਵਿਚ ਨਸ਼ੇ ਕਾਰਨ ਮਰੇ ਨੌਜਵਾਨਾਂ ਦੀਆਂ ਫੋਟੋਆਂ ਲੈ ਕੇ ਰੋਸ ਪ੍ਰਦਰਸ਼ਨ ਕਰਦਿਆਂ ਦਾਅਵਾ ਕੀਤਾ ਹੈ ਕਿ ਦੁਕਾਨਾਂ 'ਤੇ ਚਿੱਟਾ ਰਿਉੜੀਆਂ ਵਾਂਗ ਵਿਕ ਰਿਹਾ ਹੈ | ਸੂਬੇ ਦੇ ਕਈ ਪਿੰਡਾਂ ਵਿਚ ਤਾਂ ਨਸ਼ੇੜੀ ਨਸ਼ਾ ਵੇਚਣ ਵਾਲੇ ਦੇ ਘਰ ਵਿਚ ਹੀ ਮੌਤ ਦਾ ਸ਼ਿਕਾਰ ਹੋਏ ਹਨ | ਕਈ ਪਿੰਡਾਂ ਦੀਆਂ ਪੰਚਾਇਤਾਂ ਤੇ ਲੋਕਾਂ ਨੇ ਲਾਮਬੰਦ ਹੋ ਕੇ ਨਸ਼ਾ ਤਸ਼ਕਰਾਂ ਨੂੰ ਪਿੰਡ ਛੱਡਣ ਦਾ ਕਰੜਾ ਸੁਨੇਹਾ ਵੀ ਦਿੱਤਾ ਹੈ | ਕਈ ਥਾਵਾਂ 'ਤੇ ਨਸ਼ਾ ਤਸਕਰਾਂ ਨੇ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲਿਆਂ 'ਤੇ ਜਾਨਲੇਵਾ ਹਮਲੇ ਤੱਕ ਕੀਤੇ ਹਨ |
ਇਕ ਪਾਸੇ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੀ ਸਪਲਾਈ, ਘਾਤਕ ਕੈਮੀਕਲ ਮਿਲਾ ਕੇ ਤਿਆਰ ਕੀਤਾ ਚਿੱਟਾ, ਦਿੱਲੀ ਤੋਂ ਨਾਈਜੇਰੀਅਨਾਂ ਰਾਹੀਂ ਚਿੱਟੇ ਦੀ ਸਪਲਾਈ ਤੇ ਮੈਡੀਕਲ ਨਸ਼ੇ ਪੰਜਾਬ ਦੀ ਜਵਾਨੀ ਨੂੰ ਖਾ ਰਹੇ ਹਨ |
ਪੰਜਾਬ 'ਚ ਨਸ਼ਿਆਂ ਦੀ ਸਪਲਾਈ ਲਾਈਨ ਅਜੇ ਟੁੱਟੀ ਨਹੀਂ, ਨਸ਼ਾ ਤਸਕਰ ਨੇ ਆਪਣੇ ਅੱਡੇ ਜ਼ਰੂਰ ਬਦਲ ਲਏ ਹਨ | ਭਾਵੇਂ ਪੰਜਾਬ ਪੁਲਿਸ ਨਸ਼ਿਆਂ ਵਿਰੁੱਧ ਸਰਗਰਮ ਹੈ, ਪਰ ਕਈ ਕਾਲੀਆਂ ਭੇਡਾਂ ਦੀ ਨਸ਼ਿਆਂ ਦੇ ਕਾਰੋਬਾਰੀਆਂ ਨਾਲ ਮਿਲੀਭੁਗਤ ਕਾਰਨ ਪੁਲਿਸ ਵਿਭਾਗ ਨੂੰ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ | ਇਕ ਪਾਸੇ ਪੰਜਾਬ ਸਰਕਾਰ ਨੇ ਸੂਬੇ 'ਚ 'ਯੁੱਧ ਨਸ਼ਿਆਂ ਵਿਰੁੱਧ' ਛੇੜਿਆ ਹੋਇਆ ਹੈ ਤਾਂ ਦੂਜੇ ਪਾਸੇ ਭਾਰਤ ਸਰਕਾਰ ਵਲੋਂ ਵੀ 'ਨਸ਼ਾ ਮੁਕਤ ਭਾਰਤ ਅਭਿਆਨ' ਜਾਰੀ ਕੀਤਾ ਹੈ | ਪਰ ਦੋਵਾਂ ਮੁਹਿੰਮਾਂ ਵਿਚ ਆਪਸੀ ਤਾਲਮੇਲ ਦੀ ਘਾਟ ਰੜਕਦੀ ਹੈ | ਨਸ਼ਿਆਂ ਕਾਰਨ ਸਿਰਫ ਜਵਾਨੀ ਹੀ ਨਹੀਂ, ਕਿਰਸਾਨੀ 'ਤੇ ਵੀ ਗੰਭੀਰ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ | ਨਸ਼ੇੜੀ ਖੇਤਾਂ 'ਚੋਂ ਟਰਾਂਸਫਾਰਮ ਲਾਹ ਕੇ ਉਸ ਦਾ ਤੇਲ ਤੇ ਤਾਂਬਾ ਕੱਢ ਕੇ ਵੇਚ ਰਹੇ ਹਨ | ਦਰਅਸਲ ਨਸ਼ਿਆਂ ਦੇ ਖ਼ਾਤਮੇ ਲਈ ਸਿਰਫ਼ ਸਰਕਾਰ ਜਾਂ ਪੁਲਿਸ ਦੀ ਕਾਰਵਾਈ ਦੀ ਬਜਾਏ ਇਕ ਲੋਕ ਲਹਿਰ ਦੀ ਲੋੜ ਹੈ | ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਦੇ ਲਾਮਬੱਧ ਹੋ ਕੇ ਨਸ਼ਾ ਤਸਕਰਾਂ ਵਿਰੁੱਧ ਉੱਠ ਖੜੇ੍ਹ ਹੋਣ ਨਾਲ ਹੀ ਪੰਜਾਬ ਨੂੰ ਨਸ਼ਿਆਂ ਦੀ ਲਾਹਣਤ ਤੋਂ ਮੁਕਤ ਕਰਵਾਇਆ ਜਾ ਸਕੇਗਾ |
-ਕਿਸ਼ਨਪੁਰਾ ਬਸਤੀ, ਨਾਭਾ ਗੇਟ ਬਾਹਰ, ਸੰਗਰੂਰ |
ਸੰਪਰਕ : 9417148866