ਕੈਨਸਾਸ ਸਿਟੀ, 11 ਜੁਲਾਈ (ਇੰਟ.)-ਅਰਜਨਟੀਨਾ ਦੇ ਮੈਨੇਜਰ ਲਿਓਨਲ ਸਕਾਲੋਨੀ ਨੇ ਫੀਫਾ ਵਿਸ਼ਵ ਕੱਪ 2026 ਦੌਰਾਨ ਫਿਕਸਿੰਗ ਦੇ ਦੋਸ਼ਾਂ ਵਿਰੁੱਧ ਆਪਣੀ ਟੀਮ ਦਾ ਜ਼ੋਰਦਾਰ ਬਚਾਅ ਕੀਤਾ ਹੈ। ਉਨ੍ਹਾਂ ’ਤੇ ਲਗਾਤਾਰ ਦੋਸ਼ ਲੱਗੇ ਹਨ ਕਿ ਫੀਫਾ ਮੌਜੂਦਾ ਵਿਸ਼ਵ ਚੈਂਪੀਅਨਾਂ ਦੇ ਪੱਖ ’ਚ ਟੂਰਨਾਮੈਂਟ ਦੀਆਂ ਸਥਿਤੀਆਂ ਵਿੱਚ ਹੇਰਾਫੇਰੀ ਕਰ ਰਿਹਾ ਹੈ। ਸ਼ਨੀਵਾਰ ਨੂੰ ਸਵਿਟਜ਼ਰਲੈਂਡ ਵਿਰੁੱਧ ਹਾਈ-ਪ੍ਰੋਫਾਈਲ ਕੁਆਰਟਰ ਫਾਈਨਲ ਮੈਚ ਤੋਂ ਪਹਿਲਾਂ, ਸਕਾਲੋਨੀ ਨੇ ਕਿਹਾ ਕਿ ਬਾਹਰੀ ਆਲੋਚਕ ਸਿਰਫ ਉਸਦੀ ਟੀਮ ਨੂੰ ਹਾਰਦੇ ਦੇਖਣ ਲਈ ਉਤਸੁਕ ਹਨ। ਮੀਡੀਆ ਨਾਲ ਗੱਲ ਕਰਦੇ ਹੋਏ, ਸਕਾਲੋਨੀ ਫਿਕਸਿੰਗ ਦੇ ਦੋਸ਼ਾਂ ਤੋਂ ਬੇਪਰਵਾਹ ਦਿਖਾਈ ਦਿੱਤੇ ਤੇ ਦਲੀਲ ਦਿੱਤੀ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਹੈ। ਉਨ੍ਹਾਂ ਕਿਹਾ, “1986 ਤੋਂ ਲੈ ਕੇ 40 ਸਾਲ ਹੋ ਗਏ ਹਨ, ਉਦੋਂ ਵੀ, ਉਹ ਕਹਿ ਰਹੇ ਸਨ ਕਿ ਸਾਡਾ ਪੱਖ ਲਿਆ ਜਾ ਰਿਹਾ ਹੈ। ਇਸ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ।” ਇਹ ਵਿਵਾਦ ਅਰਜਨਟੀਨਾ ਦੀ ਰਾਊਂਡ ਆਫ 16 ’ਚ ਮਿਸਰ ’ਤੇ 3-2 ਦੀ ਰੋਮਾਂਚਕ ਜਿੱਤ ਤੋਂ ਬਾਅਦ ਸ਼ੁਰੂ ਹੋਇਆ। 2-0 ਨਾਲ ਪਿੱਛੇ ਰਹਿਣ ਤੋਂ ਬਾਅਦ, ਅਰਜਨਟੀਨਾ ਨੇ ਕ੍ਰਿਸਟੀਅਨ ਰੋਮੇਰੋ, ਲਿਓਨਲ ਮੇਸੀ ਤੇ ਐਂਜ਼ੋ ਫਰਨਾਂਡੇਜ਼ ਦੇ ਗੋਲਾਂ ਨਾਲ ਮੈਚ ਨੂੰ ਪਲਟ ਦਿੱਤਾ। ਹਾਲਾਂਕਿ, ਰੈਫਰੀ ਦੇ ਫੈਸਲਿਆਂ ਨੇ ਇਸ ਜਿੱਤ ਨੂੰ ਢੱਕ ਦਿੱਤਾ। ਫਰਾਂਸੀਸੀ ਰੈਫਰੀ ਫ੍ਰਾਂਸਵਾ ਲੇਟੇਕਸੀਅਰ ਨੇ ਵੀ.ਏ.ਆਰ. ਸਮੀਖਿਆ ਤੋਂ ਬਾਅਦ ਇੱਕ ਮਹੱਤਵਪੂਰਨ ਮਿਸਰੀ ਗੋਲ ਨੂੰ ਰੱਦ ਕਰ ਦਿੱਤਾ ਤੇ ਬਾਅਦ ਵਿੱਚ ਮੁਹੰਮਦ ਸਲਾਹ ਦੀ ਪੈਨਲਟੀ ਨੂੰ ਰੱਦ ਕਰ ਦਿੱਤਾ ਸੀ।
ਖੇਡ ਸੰਸਾਰ
Free
ਫਿਕਸਿੰਗ ਦੇ ਦੋਸ਼ਾਂ ’ਤੇ ਅਰਜਨਟੀਨਾ ਕੋਚ ਭੜਕੇ, ਆਲੋਚਕਾਂ ਨੂੰ ਦਿੱਤਾ ਜਵਾਬ
ਅਜੀਤ ਡੈਸਕ
12-07-2026