ਜਲੰਧਰ, 18 ਜੁਲਾਈ (ਡਾ ਜਤਿੰਦਰ ਸਾਬੀ)-ਫੀਫਾ ਵਿਸ਼ਵ ਕੱਪ 2026 ਆਪਣੇ ਰੋਮਾਂਚਕ ਮੁਕਾਬਲਿਆਂ ਦੇ ਨਾਲ-ਨਾਲ ਇਤਿਹਾਸਕ ਫ਼ੈਸਲਿਆਂ ਕਾਰਨ ਵੀ ਯਾਦ ਰੱਖਿਆ ਜਾਵੇਗਾ। ਪਹਿਲੀ ਵਾਰ ਫੀਫਾ ਨੇ ਐਲਾਨ ਕੀਤਾ ਹੈ ਕਿ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦੇ ਖਿਡਾਰੀਆਂ ਤੇ ਸਹਾਇਕ ਸਟਾਫ ਨੂੰ ਟਰਾਫੀ ਤੇ ਸੋਨ ਤਗਮਿਆਂ ਦੇ ਨਾਲ ਇਕ ਵਿਸ਼ੇਸ਼ ‘ਚੈਂਪੀਅਨਸ਼ਿਪ ਅੰਗੂਠੀ’ ਵੀ ਭੇਂਟ ਕੀਤੀ ਜਾਵੇਗੀ। ਇਹ ਕਦਮ ਫੁੱਟਬਾਲ ਵਿਸ਼ਵ ਕੱਪ ਦੇ ਇਤਿਹਾਸ ’ਚ ਇਕ ਨਵੀਂ ਪਰੰਪਰਾ ਦੀ ਸ਼ੁਰੂਆਤ ਮੰਨੀ ਜਾ ਰਹੀ ਹੈ। ਫੀਫਾ ਅਨੁਸਾਰ ਇਹ ਰਿੰਗ ਅਮਰੀਕਾ ਦੀਆਂ ਪੇਸ਼ੇਵਰ ਲੀਗਾਂ, ਐਨ.ਬੀ.ਏ., ਐਨ.ਐਫ.ਐਲ., ਐਮ.ਐਲ.ਬੀ. ਅਤੇ ਐਨ.ਐਚ.ਐਲ.-ਵਿੱਚ ਦਿੱਤੀਆਂ ਜਾਣ ਵਾਲੀਆਂ ਚੈਂਪੀਅਨਸ਼ਿਪ ਰਿੰਗਾਂ ਤੋਂ ਪ੍ਰੇਰਿਤ ਹੈ। ਇਸ ਦਾ ਮਕਸਦ ਵਿਸ਼ਵ ਚੈਂਪੀਅਨ ਖਿਡਾਰੀਆਂ ਨੂੰ ਇਕ ਅਜਿਹੀ ਯਾਦਗਾਰ ਦੇਣਾ ਹੈ, ਜੋ ਉਨ੍ਹਾਂ ਦੀ ਇਤਿਹਾਸਕ ਉਪਲਬਧੀ ਨੂੰ ਜ਼ਿੰਦਗੀ ਭਰ ਸੰਭਾਲ ਕੇ ਰੱਖੇ। ਚੈਂਪੀਅਨਸ਼ਿਪ ਅੰਗੂਠੀ ਦੇ ਇਕ ਪਾਸੇ ਫੀਫਾ ਵਿਸ਼ਵ ਕੱਪ ਦੀ ਟਰਾਫੀ ਦੀ ਆਕ੍ਰਿਤੀ ਉਕੇਰੀ ਜਾਵੇਗੀ, ਜਦਕਿ ਦੂਜੇ ਪਾਸੇ ਜੇਤੂ ਦੇਸ਼ ਅਨੁਸਾਰ ਵਿਸ਼ੇਸ਼ ਡਿਜ਼ਾਈਨ ਬਣਾਇਆ ਜਾਵੇਗਾ। ਹਰ ਰਿੰਗ ’ਤੇ ਵਿਲੱਖਣ ਸੀਰੀਅਲ ਨੰਬਰ ਹੋਵੇਗਾ, ਉਸ ਨੂੰ ਖਿਡਾਰੀ ਦੇ ਨਾਮ ਤੇ ਵੇਰਵਿਆਂ ਅਨੁਸਾਰ ਕਸਟਮਾਈਜ਼ ਕੀਤਾ ਜਾਵੇਗਾ ਤੇ ਨਾਲ ਹੀ ਅਸਲੀਅਤ ਦਾ ਸਰਟੀਫਿਕੇਟ ਵੀ ਦਿੱਤਾ ਜਾਵੇਗਾ।