ਗਲਾਸਗੋ, 23 ਜੁਲਾਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)- ਸਕਾਟਲੈਂਡ ਦੇ ਗਲਾਸਗੋ ’ਚ ਹਾਈਡਰੋ ਅਰੀਨਾ ਸਟੇਡੀਅਮ ’ਚ ਅੱਜ ਰਾਸ਼ਟਰਮੰਡਲ ਖੇਡਾਂ ਦਾ ਸ਼ਾਨਦਾਰ ਆਗਾਜ਼ ਹੋਇਆ। ਭਾਰਤ ਦੇ ਅਭਿਆਨ ਦੀ ਸ਼ੁਰੂਆਤ ਰੋਮਾਂਚਕ ਤੇ ਨਾਟਕੀ ਰਹੀ। ਇੱਕ ਪਾਸੇ ਲਾਅਨ ਬਾਲਜ਼ ਵਿਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੋ ਮਹੱਤਵਪੂਰਨ ਜਿੱਤਾਂ ਦਰਜ ਕੀਤੀਆਂ, ਜਦਕਿ ਦੂਜੇ ਪਾਸੇ ਡੋਪਿੰਗ ਅਤੇ ਕੋਟਾ ਘਟਣ ਕਾਰਨ ਦੋ ਖਿਡਾਰੀਆਂ ਦੇ ਹਟਣ ਨਾਲ ਭਾਰਤੀ ਦਲ ਨੂੰ ਵੱਡਾ ਝਟਕਾ ਵੀ ਲੱਗਾ। ਲਾਅਨ ਬਾਲਜ਼ ਦੇ ਮਹਿਲਾ ਪੇਅਰਜ਼ ਮੁਕਾਬਲੇ ਵਿਚ ਰੂਪਾ ਰਾਣੀ ਤਿਰਕੀ ਅਤੇ ਪਿੰਕੀ ਸਿੰਘ ਨੇ ਟਾਈਬ੍ਰੇਕਰ ਵਿਚ ਮਾਲਟਾ ਨੂੰ ਹਰਾ ਕੇ ਜੇਤੂ ਸ਼ੁਰੂਆਤ ਕੀਤੀ। ਇਸੇ ਤਰ੍ਹਾਂ ਪੁਰਸ਼ ਸਿੰਗਲਜ਼ ਵਿਚ ਪੁਤੁਲ ਸੋਨੋਵਾਲ ਨੇ ਤਿੰਨ ਵਾਰ ਦੇ ਰਾਸ਼ਟਰਮੰਡਲ ਤਗਮਾ ਜੇਤੂ ਕੈਨੇਡਾ ਦੇ ਰਿਆਨ ਬੈਸਟਰ ਨੂੰ ਹਰਾ ਕੇ ਦਿਨ ਦਾ ਸਭ ਤੋਂ ਵੱਡਾ ਉਲਟਫੇਰ ਕੀਤਾ। ਭਾਰਤ ਲਈ ਪਹਿਲੇ ਦਿਨ ਇਕ ਹੋਰ ਵੱਡੀ ਖੁਸ਼ਖ਼ਬਰੀ ਵੀ ਆਈ। ਮੁੱਕੇਬਾਜ਼ੀ ਵਿਚ ਲਵਲੀਨਾ ਬੋਰਗੋਹੇਨ ਨੂੰ ਸਿੱਧਾ ਸੈਮੀਫਾਈਨਲ ਵਿਚ ਬਾਈ ਮਿਲਣ ਕਾਰਨ ਉਹ ਬਿਨਾਂ ਮੁਕਾਬਲਾ ਖੇਡੇ ਹੀ ਘੱਟੋ-ਘੱਟ ਕਾਂਸੀ ਦਾ ਤਗਮਾ ਪੱਕਾ ਕਰਨ ਵਿਚ ਕਾਮਯਾਬ ਰਹੀ। ਉਦਘਾਟਨੀ ਸਮਾਰੋਹ ਵਿਚ ਭਾਰਤ ਦਾ ਝੰਡਾ ਥੰਮਣ ਵਾਲੀ ਲਵਲੀਨਾ ਭਾਰਤ ਦੀ ਪਹਿਲੀ ਤਗਮਾ ਪੱਕਾ ਕਰਨ ਵਾਲੀ ਖਿਡਾਰਨ ਬਣ ਗਈ। ਹਾਲਾਂਕਿ ਭਾਰਤੀ ਦਲ ਨੂੰ ਦੋ ਵੱਡੇ ਝਟਕੇ ਵੀ ਸਹਿਣੇ ਪਏ। ਵੇਟਲਿਫਟਰ ਦਿਲਬਾਗ ਸਿੰਘ ਨੂੰ ਭਾਰਤ ਦਾ ਵੇਟਲਿਫਟਿੰਗ ਕੋਟਾ ਡੋਪਿੰਗ ਉਲੰਘਣਾਵਾਂ ਕਾਰਨ 16 ਤੋਂ ਘਟਾ ਕੇ 11 ਕੀਤੇ ਜਾਣ ਤੋਂ ਬਾਅਦ ਟੀਮ ਵਿਚੋਂ ਬਾਹਰ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਜੂਡੋ ਖਿਡਾਰੀ ਅਰੁਣ ਕੁਮਾਰ ਨੂੰ ਮੁਕਾਬਲੇ ਤੋਂ ਪਹਿਲਾਂ ਹੋਏ ਡੋਪ ਟੈਸਟ ਵਿਚ ਅਸਫਲ ਰਹਿਣ ਕਾਰਨ ਖੇਡਾਂ ਤੋਂ ਹਟਾ ਦਿੱਤਾ ਗਿਆ।
ਖੇਡ ਸੰਸਾਰ
Free
ਗਲਾਸਗੋ ’ਚ ਰਾਸ਼ਟਰਮੰਡਲ ਖੇਡਾਂ 2026 ਦਾ ਸ਼ਾਨਦਾਰ ਆਗ਼ਾਜ਼
ਅਜੀਤ ਡੈਸਕ
24-07-2026