ਲੁਧਿਆਣਾ, 24 ਜੁਲਾਈ (ਜਤਿੰਦਰ ਭੰਬੀ)-ਲੁਧਿਆਣਾ ਦੇ ਅੰਤਰਰਾਸ਼ਟਰੀ ਪੈਰਾ ਟੇਬਲ ਟੈਨਿਸ ਖਿਡਾਰੀ ਸ਼ੁਭਮ ਵਧਵਾ ਨੇ ਇਤਿਹਾਸ ਰਚ ਦਿੱਤਾ ਹੈ। ਸ਼ੁਭਮ ਵਧਵਾ ਨੇ 18 ਤੋਂ 22 ਜੁਲਾਈ, 2026 ਤੱਕ ਥਾਈਲੈਂਡ ਦੇ ਨਾਖੋਨ ਰਤਚਾਸੀਮਾ ਵਿਚ ਹੋਏ ਆਈ.ਟੀ.ਟੀ.ਐੱਫ. ਵਿਸ਼ਵ ਪੈਰਾ ਏਲੀਟ ਟੂਰਨਾਮੈਂਟ ਵਿਚ ਭਾਵੀਨਾ ਪਟੇਲ ਨਾਲ ਮਿਕਸਡ ਡਬਲਜ਼ ਐਕਸ ਡੀ 7 ਵਰਗ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ। ਉਹ ਏਲੀਟ ਟੂਰਨਾਮੈਂਟ ਵਿਚ ਤਗਮਾ ਜਿੱਤਣ ਵਾਲੇ ਪੁਰਸ਼ ਵਰਗ ਦੇ ਪਹਿਲੇ ਭਾਰਤੀ ਖਿਡਾਰੀ ਬਣੇ ਹਨ। ਸ਼ੁਭਮ ਮਿਕਸਡ ਡਬਲਜ਼ ਵਿਚ ਵਿਸ਼ਵ ਨੰਬਰ-4 ਤੇ ਏਸ਼ੀਆਈ ਨੰਬਰ-3, ਸਿੰਗਲਜ਼ ਵਿਚ ਵਿਸ਼ਵ ਰੈਂਕਿੰਗ 15, ਏਸ਼ੀਆਈ ਰੈਂਕਿੰਗ 6 ਅਤੇ ਭਾਰਤ ਵਿਚ ਨੰਬਰ-1 ਸਥਾਨ ’ਤੇ ਕਾਬਜ਼ ਹਨ। ਸ਼ੁਭਮ ਨੇ ਆਪਣੇ ਇਸ ਸਫ਼ਰ ਦੌਰਾਨ ਸਹਿਯੋਗ ਦੇਣ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ, ਸਹਾਇਕ ਕਮਿਸ਼ਨਰ (ਜਨਰਲ) ਪਾਇਲ ਗੋਇਲ, ਇੰਡੀਅਨ ਰੈੱਡ ਕਰਾਸ ਸੁਸਾਇਟੀ ਲੁਧਿਆਣਾ ਦੇ ਸਕੱਤਰ ਨਵਨੀਤ ਜੋਸ਼ੀ, ਐਕਟ ਹਿਊਮਨ ਫਾਊਂਡੇਸ਼ਨ ਦੀ ਹਰਲੀਨ ਕੌਰ ਅਤੇ ਪ੍ਰਾਈਮ ਸਟੀਲ ਪ੍ਰੋਸੈਸਰ ਦੇਵਾਕਰ ਜੈਨ ਦਾ ਦਿਲੋਂ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਸਾਲ 2016 ਵਿਚ ਇਕ ਗੰਭੀਰ ਸੜਕ ਹਾਦਸੇ ਕਾਰਨ ਉਨ੍ਹਾਂ ਨੂੰ ਰੀੜ੍ਹ ਦੀ ਹੱਡੀ ਦੀ ਸੱਟ ਲੱਗੀ ਅਤੇ ਉਹ ਲਗਭਗ ਦੋ ਸਾਲ ਤੱਕ ਬਿਸਤਰੇ ’ਤੇ ਰਹੇ, ਪਰ ਟੇਬਲ ਟੈਨਿਸ ਨੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ, ਨਵਾਂ ਹੌਸਲਾ ਅਤੇ ਨਵਾਂ ਮਕਸਦ ਦਿੱਤਾ। 301