ਜਲੰਧਰ, 4 ਸਤੰਬਰ (ਡਾ. ਜਤਿੰਦਰ ਸਾਬੀ)-ਪੰਜਾਬ ਦੇ ਖਿਡਾਰੀਆਂ ਨੇ ਇਕ ਵਾਰ ਫਿਰ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਜਪਾਨ ਦੇ ਆਈਚੀ-ਨਾਗੋਯਾ ਵਿਚ 19 ਸਤੰਬਰ ਤੋਂ 4 ਅਕਤੂਬਰ ਤੱਕ ਹੋਣ ਵਾਲੀਆਂ 20ਵੀਆਂ ਏਸ਼ਿਆਈ ਖੇਡਾਂ ਲਈ 77 ਮੈਂਬਰੀ ਭਾਰਤੀ ਅਥਲੈਟਿਕਸ ਦਲ ਵਿਚ ਪੰਜਾਬ ਦੇ ਕਈ ਸਿਤਾਰਿਆਂ ਦੀ ਚੋਣ ਹੋਈ ਹੈ। ਪੰਜਾਬ ਦੀ ਨੁਮਾਇੰਦਗੀ ਟਰੈਕ, ਫੀਲਡ ਅਤੇ ਰੋਡ ਇਵੈਂਟਸ ਵਿਚ ਨਜ਼ਰ ਆਵੇਗੀ।ਮੋਗਾ ਦੇ ਤਜਿੰਦਰਪਾਲ ਸਿੰਘ ਤੂਰ ਪੰਜਾਬ ਦੀ ਇਸ ਮੁਹਿੰਮ ਦਾ ਸਭ ਤੋਂ ਵੱਡਾ ਨਾਂਅ ਹਨ। 21.77 ਮੀਟਰ ਦਾ ਰਾਸ਼ਟਰੀ ਰਿਕਾਰਡ ਆਪਣੇ ਨਾਂਅ ਰੱਖਣ ਵਾਲੇ ਤੂਰ 2018 ਅਤੇ 2022 ਏਸ਼ਿ ਆਈ ਖੇਡਾਂ ਦੇ ਸੋਨ ਤਮਗਾ ਜੇਤੂ ਹਨ। ਹੁਣ ਉਹ ਆਪਣੀਆਂ ਤੀਜੀਆਂ ਏਸ਼ਿਆਈ ਖੇਡਾਂ ਵਿਚ ਉਤਰਦਿਆਂ ਲਗਾਤਾਰ ਤੀਜਾ ਸੋਨ ਤਮਗਾ ਜਿੱਤਣ ਦਾ ਇਤਿਹਾਸ ਰਚਣ ਦੇ ਇਰਾਦੇ ਨਾਲ ਮੈਦਾਨ ਵਿਚ ਹੋਣਗੇ। ਜਲੰਧਰ ਦੇ ਗੁਰਿੰਦਰਵੀਰ ਸਿੰਘ 100 ਮੀਟਰ ਅਤੇ ਰਿਲੇਅ ਮੁਕਾਬਲਿਆਂ ਵਿਚ ਭਾਰਤ ਦੀ ਚੁਣੌਤੀ ਪੇਸ਼ ਕਰਨਗੇ। 10.09 ਸਕਿੰਟ ਦੀ ਆਪਣੀ ਸ਼ਾਨਦਾਰ ਦੌੜ ਨਾਲ ਰਾਸ਼ਟਰੀ ਰਿਕਾਰਡ ਬਣਾਉਣ ਵਾਲੇ ਗੁਰਿੰਦਰਵੀਰ ਤੋਂ ਏਸ਼ਿਆਈ ਮੰਚ ’ਤੇ ਵੀ ਤੇਜ਼ ਰਫ਼ਤਾਰ ਦੀ ਉਮੀਦ ਹੈ।ਪਟਿਆਲਾ ਦੇ ਕਰਨਵੀਰ ਸਿੰਘ ਸ਼ਾਟਪੁੱਟ ਅਤੇ ਬਰਨਾਲਾ ਦੇ ਦਮਨੀਤ ਸਿੰਘ ਹੈਮਰ ਥਰੋ ਵਿਚ ਭਾਰਤ ਵਲੋਂ ਮੈਦਾਨ ਵਿਚ ਉਤਰਣਗੇ। ਮਾਨਸਾ ਦੀ ਮੰਜੂ ਰਾਣੀ ਰੇਸ ਵਾਕ ਮੁਕਾਬਲੇ ਵਿਚ ਭਾਰਤ ਦੀ ਨੁਮਾਇੰਦਗੀ ਕਰੇਗੀ। ਏਸ਼ਿਆਈ ਪੱਧਰ ਦਾ ਤਜਰਬਾ ਰੱਖਣ ਵਾਲੀ ਮੰਜੂ ਤੋਂ ਇਸ ਵਾਰ ਵੀ ਮਜ਼ਬੂਤ ਪ੍ਰਦਰਸ਼ਨ ਦੀ ਉਮੀਦ ਹੈ। ਮੋਹਾਲੀ ਦੀ ਨਿਹਾਰਿਕਾ ਵਸ਼ਿਸ਼ਟ ਟ੍ਰਿਪਲ ਜੰਪ ਵਿਚ ਭਾਰਤ ਦਾ ਝੰਡਾ ਉੱਚਾ ਕਰਨ ਲਈ ਉਤਰਣਗੀ। ਉਨ੍ਹਾਂ ਦੀ ਚੋਣ ਪੰਜਾਬ ਦੀ ਮਹਿਲਾ ਅਥਲੈਟਿਕਸ ਲਈ ਮਹੱਤਵਪੂਰਨ ਉਪਲਬਧੀ ਹੈ। ਰਸ਼ਦੀਪ ਕੌਰ 400 ਮੀਟਰ ਅਤੇ 4*400 ਮੀਟਰ ਰਿਲੇਅ ਵਿਚ ਭਾਰਤੀ ਟੀਮ ਦਾ ਹਿੱਸਾ ਹੋਣਗੀ। 53.10 ਸਕਿੰਟ ਦਾ ਨਿੱਜੀ ਸਰਵੋਤਮ ਸਮਾਂ ਰੱਖਣ ਵਾਲੀ ਰਸ਼ਦੀਪ ਤੋਂ ਰਿਲੇਅ ਵਿੱਚ ਭਾਰਤ ਦੀ ਤਮਗਾ ਦੌੜ ਨੂੰ ਮਜ਼ਬੂਤੀ ਮਿਲਣ ਦੀ ਉਮੀਦ ਹੈ।
ਖੇਡ ਸੰਸਾਰ
Free
ਪੰਜਾਬ ਦੇ 7 ਸਿਤਾਰੇ ਏਸ਼ਿਆਈ ਖੇਡਾਂ ’ ਚ ਭਰਨਗੇ ਜਿੱਤ ਦੀ ਉਡਾਣ
ਜਲੰਧਰ, 4 ਸਤੰਬਰ (ਡਾ. ਜਤਿੰਦਰ ਸਾਬੀ)-ਪੰਜਾਬ ਦੇ ਖਿਡਾਰੀਆਂ ਨੇ ਇਕ ਵਾਰ ਫਿਰ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ।
ਗੁਰਿੰਦਰਵੀਰ ਸਿੰਘ
05-09-2026