ਨਿਊਯਾਰਕ, 21 ਜੂਨ (ਰਾਜੂ ਸਹਿਬਾਜ਼ਪੁਰਾ ) -ਨਾਰਥਈਸਟ ਫਿਲਾਡੈਲਫੀਆ ਵਿੱਚ ਸ਼ਨੀਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸੇ ਦੌਰਾਨ 62 ਸਾਲਾ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਵਿਅਕਤੀ ਲਾਲ ਬੱਤੀ ਹੋਣ ਦੇ ਬਾਵਜੂਦ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਇੱਕ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਸ਼ਨੀਵਾਰ ਸਵੇਰੇ ਕਰੀਬ 10:39 ਵਜੇ ਰੂਜ਼ਵੈਲਟ ਬੁਲੇਵਾਰਡ ਅਤੇ ਸਾਊਥ ਹੈਮਪਟਨ ਰੋਡ ਦੇ ਚੌਰਾਹੇ ‘ਤੇ ਵਾਪਰਿਆ। ਫਿਲਾਡੈਲਫੀਆ ਪੁਲਿਸ ਮੁਤਾਬਕ ਅਜੇ ਤੱਕ ਮਾਰਨ ਵਾਲੇ ਦੀ ਪਛਾਣ ਨਹੀਂ ਹੋ ਸਕੀ,62 ਸਾਲਾ ਵਿਅਕਤੀ ਨੇ ਲਾਲ ਸਿਗਨਲ ਦੇ ਬਾਵਜੂਦ ਰੂਜ਼ਵੈਲਟ ਬੁਲੇਵਾਰਡ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੱਖਣ ਵੱਲ ਜਾ ਰਹੀ ਕਾਲੀ 2015 ਫੋਰਡ ਟੌਰਸ ਕਾਰ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਜ਼ਖ਼ਮੀ ਵਿਅਕਤੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਸਵੇਰੇ 11:16 ਵਜੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਦੱਸਿਆ ਕਿ ਕਾਰ ਚਲਾ ਰਿਹਾ 21 ਸਾਲਾ ਡਰਾਈਵਰ ਘਟਨਾ ਸਥਾਨ ਤੋਂ ਨਹੀਂ ਭੱਜਿਆ ਅਤੇ ਜਾਂਚ ਵਿੱਚ ਸਹਿਯੋਗ ਕਰ ਰਿਹਾ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਟ੍ਰੈਫਿਕ ਸਿਗਨਲਾਂ ਦੀ ਪਾਲਣਾ ਕਰਨ ਅਤੇ ਸੜਕ ਪਾਰ ਕਰਦੇ ਸਮੇਂ ਵਧੇਰੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।ਇਸ ਹਾਦਸੇ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਸੋਗ ਦੀ ਲਹਿਰ ਹੈ ਅਤੇ ਪੁਲਿਸ ਮ੍ਰਿਤਕ ਦੀ ਪਛਾਣ ਸਬੰਧੀ ਕਾਰਵਾਈ ਕਰ ਰਹੀ ਹੈ।
ਨਾਰਥਈਸਟ ਫਿਲਾਡੈਲਫੀਆ ਵਿਚ ਸੜਕ ਪਾਰ ਕਰਦੇ 62 ਸਾਲਾ ਵਿਅਕਤੀ ਦੀ ਕਾਰ ਦੀ ਟੱਕਰ ਨਾਲ ਮੌਤ
ਅਜੀਤ ਡੈਸਕ
22-06-2026