ਲੰਡਨ, 10 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੇ ਇਲਾਕੇ ਮਿਡਲੈਂਡ ਦੀਆਂ ਸਿੱਖ ਸੰਗਤਾਂ ਨੂੰ ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖ ਰਾਜ ਦੀਆਂ ਨਿਸ਼ਾਨੀਆਂ ਵਿਖਾਉਣ ਲਈ ਬ੍ਰਮਿੰਘਮ ਸਥਿਤ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ, ਓਕਲੈਂਡ ਰੋਡ, ਹੈਂਡਸਵਰਥ ਦੇ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਲੰਡਨ ਯਾਤਰਾ ਦਾ ਪ੍ਰਬੰਧ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਗੁਰਪ੍ਰੀਤ ਸਿੰਘ ਮੱਤਾ ਨੇ ਦੱਸਿਆ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਏ ਗਏ ਅਤੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਟਰੱਸਟੀ ਸ. ਹਰਦੀਪ ਸਿੰਘ ਅਤੇ ਸ. ਮਨਿੰਦਰ ਸਿੰਘ ਦੀ ਅਗਵਾਈ ਵਿਚ ਸੰਗਤ ਨੂੰ ਜਥੇ ਦੇ ਰੂਪ ਵਿਚ ਵਿਕਟੋਰੀਆ ਐਲਬਰਟ ਮਿਊਜ਼ੀਅਮ ਅਤੇ ਟਾਵਰ ਆਫ ਲੰਡਨ ਮਿਊਜ਼ੀਅਮ ਵਿਖੇ ਲਿਜਾ ਕੇ ਮਹਾਰਾਜਾ ਰਣਜੀਤ ਸਿੰਘ ਦੇ ‘ਸੋਨੇ ਦੇ ਤਖ਼ਤ’ ਅਤੇ ‘ਕੋਹੇਨੂਰ ਹੀਰਾ’ ਸਮੇਤ ਹੋਰ ਕਈ ਸਿੱਖ ਰਾਜ ਨਾਲ ਸਬੰਧਿਤ ਇਤਿਹਾਸਕ ਨਿਸ਼ਾਨੀਆਂ ਦੇ ਦਰਸ਼ਨ ਕਰਵਾਏ ਗਏ। ਭਾਈ ਮੱਤਾ ਨੇ ਦੱਸਿਆ ਕਿ ਪ੍ਰਬੰਧਕਾਂ ਵੱਲੋਂ ਕੀਤਾ ਗਿਆ ਇਹ ਉਪਰਾਲਾ ਜਿਥੇ ਸਿੱਖ ਸੰਗਤ ਨੂੰ ਆਪਣੇ ਸ਼ਾਨਾਂਮੱਤੇ ਇਤਿਹਾਸ ਨਾਲ ਜੋੜਨ ਦੇ ਮੱਦੇਨਜ਼ਰ ਮਹੱਤਵਪੂਰਨ ਰਿਹਾ, ਉਥੇ ਹੀ ਖ਼ਾਲਸਾ ਰਾਜ ਦੇ ਵਾਰਿਸ ਹੋਣ ਦੀ ਯਾਦ ਨੂੰ ਵੀ ਤਾਜ਼ਾ ਕਰਦਾ ਸੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਤਾ ਤੋਂ ਇਲਾਵਾ ਗ੍ਰੰਥੀ ਭਾਈ ਰਣਜੀਤ ਸਿੰਘ, ਭਾਈ ਸਰਵਣ ਸਿੰਘ, ਭਾਈ ਜੰਗਬਾਜ ਸਿੰਘ, ਭਾਈ ਹਰਜਾਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ।